Tuesday, 27 March 2012

ਸਾਊਥਾਲ ਦੇ ਖਾਲਸਾ ਸਾਜਨਾ ਦਿਵਸ ਨਗਰ ਕੀਰਤਨ ਦੌਰਾਨ ਭਾਈ ਰਾਜੋਆਣਾ ਦੀ ਫਾਂਸੀ ਸਮੁੱਚੀ ਸਿੱਖ ਕੌਮ ਨੂੰ ਫਾਂਸੀ ਕਰਾਰ।

- ਯੂਰਪ ਭਰ ਵਿੱਚੋਂ ਸਭ ਤੋਂ ਵਿਸ਼ਾਲ ਨਗਰ ਕੀਰਤਨ ਹੋ ਨਿੱਬੜਿਆ।
ਲੰਡਨ (ਮਨਦੀਪ ਖੁਰਮੀ) ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜ਼ੋਂ ਜਾਣੇ ਜਾਂਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜ਼ਨ ਕੀਤਾ ਗਿਆ। ਇਸ ਨਗਰ ਕੀਰਤਨ ਨੂੰ ਯੂਰਪ ਭਰ 'ਚ ਹੁੰਦੇ ਨਗਰ ਕੀਰਤਨਾਂ ਵਿੱਚੋਂ ਸਭ ਤੋਂ ਵਿਸ਼ਾਲ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਨਗਰ ਕੀਰਤਨ ਦੀ ਅਗਵਾਈ ਕਰਨ ਤੋਂ ਪਹਿਲਾਂ ਪੰਜ ਪਿਆਰਿਆਂ ਦੇ ਪੈਰ ਧੋ ਕੇ ਗੁਰਦੁਆਰਾ ਸਾਹਿਬ ਅੰਦਰ ਪ੍ਰਵੇਸ ਕਰਵਾਇਆ ਗਿਆ। ਅਰਦਾਸ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਸੇਵਾਦਾਰ ਹਿੰਮਤ ਸਿੰਘ ਸੋਹੀ, ਮੈਂਬਰ ਪਾਰਲੀਮੈਂਟ ਸਾਊਥਾਲ ਵਰਿੰਦਰ ਸ਼ਰਮਾ, ਮੈਂਬਰ ਪਾਰਲੀਮੈਂਟ ਹੰਸਲੋ ਸੀਮਾ ਮਲਹੋਤਰਾ, ਜੀ ਐੱਲ ਏ ਉਮੀਦਵਾਰ ਉਂਕਾਰ ਸਹੋਤਾ, ਈਲਿੰਗ ਕੌਂਸਲ ਲੀਡਰ ਜੂਲੀਅਨ ਬੈੱਲ, ਹੇਜ ਹਾਰਲਿੰਗਟਨ ਮੈਂਬਰ ਪਾਰਲੀਮੈਂਟ ਜੌਹਨ ਮੈਕਡਾਨਲ ਆਦਿ ਨੇ ਸੰਗਤਾਂ ਨੂੰ ਨਗਰ ਕੀਰਤਨ 'ਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਗਈ। ਨਗਰ ਕੀਰਤਨ ਦੌਰਾਨ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਮੁੱਦਾ ਅਹਿਮ ਬਣਿਆ ਰਿਹਾ। ਹਰ ਪਾਸੇ ਭਾਈ ਰਾਜੋਆਣਾ ਦੀਆਂ ਤਸਵੀਰਾਂ ਵਾਲੀਆਂ ਕਮੀਜ਼ਾਂ, ਵੱਡੇ ਵੱਡੇ ਹੋਰਡਿੰਗ, ਬੈਨਰ, ਹੱਥ ਤਖਤੀਆਂ ਹੀ ਨਜ਼ਰੀਂ ਪੈ ਰਹੀਆਂ ਸਨ। ਜਿੱਥੇ ਸਾਊਥਾਲ ਦੇ ਸਮੂਹ ਗੁਰੂਘਰਾਂ ਵੱਲੋਂ ਨਗਰ ਕੀਰਤਨ ਲਈ ਆਪਣੇ ਆਪਣੇ ਤੌਰ 'ਤੇ ਸਹਿਯੋਗ ਦਿੱਤਾ ਜਾ ਰਿਹਾ ਸੀ ਉੱਥੇ ਗੁਰਦੁਆਰਾ ਮੀਰੀ ਪੀਰੀ ਸਾਹਿਬ ਵੱਲੋਂ ਭਾਈ ਰਾਜੋਆਣਾ ਨੂੰ ਦਿੱਤੀ ਜਾਣ ਵਾਲੀ ਫਾਂਸੀ ਸਮੁੱਚੀ ਸਿੱਖ ਕੌਮ ਨੂੰ ਫਾਂਸੀ ਕਰਾਰ ਦਿੰਦੇ ਪਰਚੇ ਵੰਡੇ ਜਾ ਰਹੇ ਸਨ। ਇਸ ਸਮੇਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਨਗਰ ਕੀਰਤਨ ਰਾਹੀਂ ਭਾਰਤ ਸਰਕਾਰ ਅਤੇ ਉੱਥੋਂ ਦੀ ਨਿਆਂ ਪਾਲਿਕਾ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਉਹ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਕਤਲ ਕਰਨਾ ਬੰਦ ਕਰੇ। ਇਸ ਸਮੇਂ ਕੇਸਰ ਸਿੰਘ ਧਾਲੀਵਾਲ, ਮਹਿੰਦਰ ਸਿੰਘ ਰਾਠੌਰ, ਕੌਂ. ਜਸਦੀਸ਼ ਸ਼ਰਮਾ , ਕੌ. ਰਾਜੂ ਸੰਸਾਰਪੁਰੀ, ਉਮਰਾਓ ਅਟਵਾਲ, ਸੁਖਦੇਵ ਸਿੰਘ ਔਜਲਾ, ਕੌ. ਮਹਿੰਦਰ ਕੌਰ ਮਿੱਢਾ, ਦੀਦਾਰ ਸਿੰਘ, ਗੁਰਮੇਲ ਸਿੰਘ ਮੱਲ੍ਹੀ, ਗੁਰਪ੍ਰੀਤ ਸਿੰਘ, ਕੌ. ਕੇ ਸੀ ਮੋਹਨ, ਜਸਵਿੰਦਰ ਸਿੰਘ ਗਰਚਾ, ਰਾਮਗੜ੍ਹੀਆ ਸਭਾ ਸਾਊਥਾਲ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਾਰਵਾਹ ਸਮੇਤ ਭਾਰੀ ਗਿਣਤੀ ਵਿੱਚ ਆਗੂ ਸਾਹਿਬਾਨ ਵੀ ਹਾਜ਼ਰ ਸਨ।