Tuesday, 27 March 2012

ਸੰਤ ਸੀਚੇਵਾਲ ਅਤੇ ਰੋਕੋ ਕੈਂਸਰ ਸੰਸਥਾ ਦੇ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਦੀ 'ਕਲਿੰਗੜੀ' ਪੰਜਾਬ ਲਈ ਬਣ ਸਕਦੀ ਹੈ ਵਰਦਾਨ।

-ਕਪੂਰਥਲਾ ਜਿਲ੍ਹਾ ਵਿਸ਼ਵ ਭਰ 'ਚੋਂ ਸਭ ਤੋਂ ਵਧੇਰੇ ਕੈਂਸਰ ਗ੍ਰਸਤ
ਲੰਡਨ (ਮਨਦੀਪ ਖੁਰਮੀ) ਜਿੱਥੇ ਵੇਈਂ ਨਦੀ ਦੀ ਪਵਿੱਤਰਤਾ ਨੂੰ ਬਹਾਲ ਕਰਨ ਵਿੱਚ ਅਤੇ ਵਾਤਾਵਰਨ ਨਾਲ ਸੰਬੰਧਤ ਮਸਲਿਆਂ ਵਿੱਚ ਬਾਬਾ ਬਲਵੀਰ ਸਿੰਘ ਸੀਚੇਵਾਲ ਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ਹੈ ਉੱਥੇ ਹੁਣ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਖਿਲਾਫ਼ ਮੁਹਿੰਮ ਵਿੱਚ ਰੋਕੋ ਕੈਂਸਰ ਸੰਸਥਾ ਦੇ ਅੰਤਰਰਾਸ਼ਟਰੀ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਦਾ ਨਾਮ ਵੀ ਅਗਲੀਆਂ ਸਫ਼ਾਂ ਵਿੱਚ ਗਿਣਿਆ ਜਾ ਰਿਹਾ ਹੈ। ਪੰਜਾਬ ਫੇਰੀ ਦੌਰਾਨ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਅਤੇ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਦੀ ਰਹਿਨੁਮਾਈ Ḕਚ ਪਿੰਡ ਸੀਚੇਵਾਲ ਵਿਖੇ ਕਪੂਰਥਲੇ ਜਿਲ੍ਹੇ ਦਾ ਮੈਗਾ ਕੈਂਪ ਲਾਇਆ ਗਿਆ। ਪ੍ਰਵਾਸੀ ਵੀਰਾਂ ਦੇ ਵਿੱਤੀ ਸਹਿਯੋਗ ਨਾਲ ਲੱਗੇ ਇਸ ਕੈਂਪ ਵਿੱਚ ਕੈਂਸਰ ਦੀ ਮੁਫ਼ਤ ਜਾਂਚ, ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੀਆਂ ਬੀਮਾਰੀਆਂ ਦੀ ਮੁਫ਼ਤ ਜਾਂਚ ਕਰਨ ਦੇ ਨਾਲ ਨਾਲ ਦਵਾਈਆਂ ਵੀ ਮੁਫ਼ਤ ਤਕਸੀਮ ਕੀਤੀਆਂ ਗਈਆਂ। ਇਸ ਕੈਂਪ ਦੌਰਾਨ ਸ੍ਰੀ ਧਾਲੀਵਾਲ ਅਤੇ ਸੰਤ ਸੀਚੇਵਾਲ ਵੱਲੋਂ ਕੈਂਸਰ ਖਿਲਾਫ਼ ਵਿੱਢੀ ਲੜਾਈ ਵਿੱਚ ਵੀ ਰਲ ਕੇ ਚੱਲਣ ਦਾ ਪ੍ਰਣ ਲਿਆ। ਇਸ ਸਮੇਂ ਆਯੋਜਿਤ ਸਮਾਗਮ ਦੌਰਾਨ ਸੰਤ ਸੀਚੇਵਾਲ ਵੱਲੋਂ ਕੁਲਵੰਤ ਸਿੰਘ ਧਾਲੀਵਾਲ ਦੀਆਂ ਸਮਾਜ ਸੇਵਾ ਦੇ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਸ੍ਰੀ ਧਾਲੀਵਾਲ ਨੇ ਕਿਹਾ ਕਿ ਰੋਕੋ ਕੈਂਸਰ ਸੰਸਥਾ ਵੱਲੋਂ ਕਾਲਾ ਸੰਘਿਆਂ ਡਰੇਨ ਪਾਣੀ ਦੇ ਲਏ ਨਮੂਨਿਆਂ ਦੇ ਨਤੀਜੇ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਜੇ ਇਸ ਡਰੇਨ ਦੇ ਪਾਣੀ ਵਿੱਚੋਂ ਕੋਈ ਜਾਨਵਰ ਵੀ ਚੁੰਝ ਭਰ ਲੈਂਦਾ ਹੈ ਤਾਂ ਉਹ ਵੀ ਇਸ ਦੁਨੀਆ 'ਤੇ ਪੰਜ ਦਸ ਮਿੰਟ ਦਾ ਮਹਿਮਾਨ ਹੀ ਹੁੰਦਾ ਹੈ। ਕਾਰਖਾਨੇਦਾਰਾਂ ਵੱਲੋਂ ਆਪਣੇ ਉਦਯੋਗਾਂ ਦੀ ਰਹਿੰਦ ਖੂੰਹਦ ਇਸ ਡਰੇਨ ਵਿੱਚ ਨਿਰੰਤਰ ਪਾਉਣ ਨਾਲ ਇਸ ਡਰੇਨ ਨਾਲ ਲਗਦੇ ਪਿੰਡਾਂ ਵਿੱਚ ਕੈਂਸਰ ਦਾ ਤਾਂਡਵ ਨਾਚ ਸਿਖਰਾਂ Ḕਤੇ ਹੈ। ਜਿੱਥੇ ਪਹਿਲਾਂ ਮਾਲਵਾ ਖੇਤਰ ਨੂੰ ਕੈਂਸਰ ਗ੍ਰਸਤ ਇਲਾਕਾ ਕਿਹਾ ਜਾਂਦਾ ਸੀ ਉੱਥੇ ਨਵੇਂ ਅੰਕੜੇ ਇਸ ਗੱਲ ਦੇ ਗਵਾਹ ਹਨ ਕਿ ਕਪੂਰਥਲਾ ਜਿਲ੍ਹੇ ਵਿੱਚ ਕੈਂਸਰ ਦੀ ਭਿਆਨਕਤਾ ਪੂਰੇ ਵਿਸ਼ਵ ਨਾਲੋਂ ਵਧੇਰੇ ਕਹੀ ਜਾ ਸਕਦੀ ਹੈ। ਲਾਗਲੇ ਪਿੰਡਾਂ Ḕਚ ਕੈਂਸਰ ਨਾਲ ਮੌਤਾਂ ਦੀ ਗਿਣਤੀ Ḕਚ ਅਥਾਹ ਵਾਧਾ ਹੋਇਆ ਹੈ। ਸ੍ਰੀ ਧਾਲੀਵਾਲ ਨੇ ਕਿਹਾ ਕਿ ਰੋਕੋ ਕੈਂਸਰ ਨੇ ਆਪਣੇ ਜਿਆਦਾਤਰ ਧਿਆਨ ਕਪੂਰਥਲਾ ਜਿਲ੍ਹੇ ਵੱਲ ਨੂੰ ਕੇਂਦਰਿਤ ਕਰ ਦਿੱਤਾ ਹੈ ਜਿਸਦੇ ਫਲਸਰੂਪ ਇਸ ਇਲਾਕੇ ਵਿੱਚ ਵੱਧ ਤੋਂ ਵੱਧ ਕੈਂਸਰ ਜਾਂਚ ਕੈਂਪ ਲਗਾ ਕੇ ਇਸ ਬੀਮਾਰੀ ਖਿਲਾਫ਼ ਵਿੱਢੀ ਲੜਾਈ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਹਰ ਛੇ ਮਹੀਨੇ ਬਾਅਦ ਮੈਗਾ ਕੈਂਪ ਲਗਦੇ ਰਹਿਣਗੇ। ਜਿਸ ਪੜਾਅ ਤਹਿਤ ਅਗਲਾ ਮੈਗਾ ਕੈਂਪ ਸੁਲਤਾਨਪੁਰ ਲੋਧੀ ਵਿਖੇ ਲੱਗੇਗਾ। ਉਹਨਾਂ ਸਮੂਹ ਪ੍ਰਵਾਸੀ ਵੀਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡ ਵਿੱਚ ਕੈਂਸਰ ਜਾਂਚ ਕੈਂਪ ਲਗਵਾਉਣ ਲਈ ਰੋਕੋ ਕੈਂਸਰ ਸੰਸਥਾ ਦਾ ਸਾਥ ਦੇਣ। ਇਹ ਹੀ ਆਪਣੀ ਜਨਮ ਭੂਮੀ ਪ੍ਰਤੀ ਅਸਲ ਸੱਚੇ ਪਿਆਰ ਦਾ ਪ੍ਰਗਟਾਵਾ ਹੋਵੇਗਾ।