Tuesday, 27 March 2012

ਹੁਣ ਇੰਗਲੈਂਡ ਵੱਲ ਨੂੰ ਮੂੰਹ ਕੀਤੇ ਤਾਂਤਰਿਕਾਂ ਦੀਆਂ ਡਾਰਾਂ ਨੇ......।

-ਇਕੱਲੇ ਸਾਊਥਾਲ 'ਚ ਹੀ 50 ਦੇ ਲਗਭਗ 'ਹਸਤਰੇਖਾ' ਮਾਹਿਰਾਂ ਦੀਆਂ ਦੁਕਾਨਾਂ।
ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬ ਨੂੰ ਤਾਂ ਸਾਧਵਾਦ ਜਾਂ ਤਾਂਤਰਿਕਾਂ ਨੇ ਬੁਰੀ ਤਰ੍ਹਾਂ ਲਪੇਟ ਵਿੱਚ ਲਿਆ ਹੀ ਹੋਇਆ ਹੈ ਪਰ ਹੁਣ ਇਹਨਾਂ ਤਾਂਤਰਿਕਾਂ ਜਾਂ ਅਖੌਤੀ ਬਾਬਿਆਂ ਦੀਆਂ ਡਾਰਾਂ ਨੇ ਇੰਗਲੈਂਡ ਵਿੱਚ ਪੰਜਾਬੀ ਵਸੋਂ ਵਾਲੇ ਇਲਾਕਿਆਂ ਵਿੱਚ ਆਪਣੇ ਪੈਰ ਬੁਰੀ ਤਰ੍ਹਾਂ ਪਸਾਰ ਲਏ ਹਨ। ਇਹਨਾਂ ਬਾਬਿਆਂ ਦਾ ਪ੍ਰਚਾਰ ਹੱਦਾਂ ਬੰਨ੍ਹੇ ਟੱਪੀ ਬੈਠਾ ਹੈ। ਇੰਗਲੈਂਡ ਵਸਦੇ ਪੰਜਾਬੀ ਭਾਈਚਾਰੇ ਦੇ ਮਨਾਂ ਵਿੱਚ ਅਜਿਹੇ ਬਾਬੇ ਪੰਜਾਬ ਬੈਠੇ ਵੀ ਆਪਣਾ ਘਰ ਕਰੀ ਬੈਠੇ ਹਨ ਕਿਉਂਕਿ ਇੰਗਲੈਂਡ ਵਿੱਚ ਇਸ਼ਤਿਹਾਰਬਾਜ਼ੀ ਰਾਹੀਂ ਸਭ ਸਮੱਸਿਆਵਾਂ ਦਾ ਹੱਲ ਫੋਨ ਰਾਹੀਂ ਹੀ ਕਰਨ ਦੇ ਦਾਅਵੇ ਕਰਨ ਵਾਲੇ ਜਿਆਦਾਤਰ ਬਾਬੇ ਪੰਜਾਬ ਦੇ ਲੁਧਿਆਣਾ ਤੇ ਜਲੰਧਰ ਸ਼ਹਿਰ ਨਾਲ ਸੰਬੰਧ ਰੱਖਦੇ ਹਨ। ਇਸ ਪ੍ਰਤੀਨਿਧ ਵੱਲੋਂ ਜਾਣਕਾਰੀ ਇਕੱਤਰ ਕਰਨ 'ਤੇ ਪਤਾ ਲੱਗਾ ਹੈ ਕਿ ਇੱਕ ਬਾਬਾ ਤਾਂ ਅਜਿਹਾ ਵੀ ਹੈ ਜੋ ਵੱਖ ਵੱਖ ਦੇਸ਼ਾਂ ਵਿੱਚ ਵੱਖ ਵੱਖ ਨਾਵਾਂ ਨਾਲ ਲੋਕਾਂ ਦੇ ਕਸ਼ਟ ਨਿਵਾਰ ਰਿਹਾ ਹੈ। ਜਦੋਂਕਿ ਪੰਜਾਬੀਆਂ ਦੀ ਸੰਘਣੀ ਵਸੋਂ ਕਾਰਨ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸਾਊਥਾਲ ਵਿੱਚ 50 ਦੇ ਲਗਭਗ ਹਸਤਰੇਖਾ ਦੇ ਮਾਹਿਰ ਬਾਬਿਆਂ ਨੇ ਆਪਣੇ ਡੇਰੇ ਜਮਾਏ ਹੋਏ ਹਨ। ਇਹਨਾਂ ਬਾਬਿਆਂ ਵੱਲੋਂ ਪ੍ਰਚਾਰ ਲਈ ਛਪਵਾਏ ਪਰਚੇ ਨਿਗੁਣੀ ਜਿਹੀ ਦਿਹਾੜੀ Ḕਤੇ ਨਿਯੁਕਤ ਕੀਤੀਆਂ ਬੀਬੀਆਂ ਸਾਊਥਾਲ ਬਰਾਡਵੇਅ 'ਤੇ ਆਮ ਹੀ ਦੇਖੀਆਂ ਜਾ ਸਕਦੀਆਂ ਹਨ। ਇਹਨਾਂ ਬਾਬਿਆਂ ਵੱਲੋਂ ਪ੍ਰਚਾਰ ਸਮੱਗਰੀ ਵਿੱਚ ਵੀ ਅਜਿਹੇ ਮਨ ਲੁਭਾਊ ਕਾਰਨਾਮਿਆਂ ਨੂੰ ਅੰਜ਼ਾਮ ਦੇਣ ਦੇ ਦਾਅਵੇ ਕੀਤੇ ਹੁੰਦੇ ਹਨ ਕਿ ਇਸ਼ਤਿਹਾਰ ਪੜ੍ਹ ਕੇ ਦੁਖੀ ਮਨ ਮੱਲੋਜ਼ੋਰੀ ਇਹਨਾਂ ਦੇ ਚੁੰਗਲ ਵਿੱਚ ਫਸ ਜਾਦਾ ਹੈ। ਇਸ਼ਤਿਹਾਰਾਂ ਵਿੱਚ ਆਮ ਹੀ ਲਿਖਿਆ ਹੁੰਦਾ ਹੈ ਕਿ ਜੇ ਤੁਸੀਂ ਸਟੂਡੈਂਟ ਵੀਜ਼ਾ 'ਤੇ ਹੋ ਤੇ ਵੀਜ਼ਾ ਮਿਲਣ ਤੋਂ ਨਾਂਹ ਹੋ ਗਈ ਹੈ? ਤੁਹਾਡਾ ਪੁੱਤ ਜਾਂ ਧੀ ਤੁਹਾਡੇ ਕਹਿਣੇ ਤੋਂ ਬਾਹਰ ਹੈ? ਘਰ ਵਿੱਚ ਕਲੇਸ਼ ਰਹਿੰਦਾ ਹੈ? ਵਗੈਰਾ ਵਗੈਰਾ...। ਹੈਰਾਨੀ ਦੀ ਗੱਲ ਇਹ ਕਿ ਪਹਿਲਾਂ ਇਹਨਾਂ ਬਾਬਿਆਂ ਵੱਲੋਂ ਪ੍ਰਚਾਰ ਸਾਧਨਾਂ 'ਤੇ ਹਜ਼ਾਰਾਂ ਪੌਂਡ ਖਰਚ ਕਰਕੇ 'ਮੁਫਤ' 'ਇਲਾਜ਼' ਕਰਨ ਦਾ ਚੋਗਾ ਪਾਇਆ ਜਾਂਦਾ ਹੈ ਪਰ ਬਾਦ ਵਿੱਚ ਪੀੜਤ 'ਮਰੀਜ਼' ਛਿੱਲ ਲੁਹਾਏ ਬਿਨਾਂ ਨਹੀਂ ਰਹਿੰਦਾ। ਇੱਕ ਬੀਬੀ ਨੇ ਆਪਣਾ ਨਾਮ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਆਪਣੇ ਪਤੀ ਨੂੰ ਮੰਤਰਾਂ ਰਾਹੀਂ ਹੀ ਸ਼ਰਾਬ ਪੀਣੋਂ ਹਟਾਉਣ ਦੇ ਚੱਕਰ 'ਚ ਉਹ ਮੁਫ਼ਤ ਇਲਾਜ਼ ਦੇ ਨਾਂਅ ਹੇਠ ਹੀ 700 ਪੌਂਡ ਇੱਕ ਬਾਬੇ ਨੂੰ ਦੇ ਚੁੱਕੀ ਹੈ ਪਰ ਹੁਣ ਕਿਸੇ ਨੂੰ ਦੱਸ ਵੀ ਨਹੀਂ ਸਕਦੀ। ਇਸ ਪ੍ਰਤੀਨਿਧ ਵੱਲੋਂ ਜਦ ਘੋਖ ਕੀਤੀ ਗਈ ਤਾਂ ਇੱਕ ਬਾਬਾ ਅਜਿਹਾ ਵੀ ਨਿੱਕਲਿਆ ਜਿਹੜਾ ਫੋਨ 'ਤੇ ਹੀ ਰੁੱਸੇ ਹੋਏ ਪ੍ਰੇਮੀ ਨੂੰ ਵਾਪਸ ਲਿਆਉਣ ਦੇ ਦਾਅਵੇ ਕਰਦਾ ਹੈ ਪਰ ਉਸਦਾ ਖੁਦ ਆਪਣੀ ਘਰ ਵਾਲੀ ਨਾਲ ਤਲਾਕ ਦਾ ਕੇਸ ਅਦਾਲਤ ਵਿੱਚ ਲਟਕ ਰਿਹਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹਨਾਂ ਬਾਬਿਆਂ ਵੱਲੋਂ ਲੋਕਾਂ ਨੂੰ ਲਾਟਰੀ ਜਿੱਤਣ ਲਈ ਸ਼ਰਤੀਆ ਨੰਬਰ ਦੇਣ ਦੇ ਦਾਅਵੇ ਵੀ ਕੀਤੇ ਜਾਂਦੇ ਹਨ ਜਦੋਂਕਿ ਚਿੰਤਕ ਲੋਕਾਂ ਦਾ ਕਹਿਣਾ ਹੈ ਕਿ ਜੇ ਬਾਬੇ ਸਚਮੁੱਚ ਹੀ ਲਾਟਰੀਆਂ ਜਿਤਾਉਣ ਦੀ ਸਮਰੱਥਾ ਰੱਖਦੇ ਹਨ ਤਾਂ ਉਹ ਅਜਿਹੇ ਭੁਚਲੇਵਿਆਂ 'ਚ ਲੈ ਕੇ ਲੋਕਾਂ ਨੂੰ ਲੁੱਟਣ ਨਾਲੋਂ ਆਪ ਹੀ ਲਾਟਰੀਆਂ ਜਿੱਤ ਕੇ ਖੁਸ਼ਹਾਲ ਜ਼ਿੰਦਗੀ ਕਿਉਂ ਨਹੀਂ ਜਿਉਂਦੇ?