Sunday 18 November 2012

ਭਾਰਤੀ ਹਾਕੀ ਦੇ ਬਰਸਾਤੀ ਆਲੋਚਕਾਂ ਦਾ ਸ਼ੁਕਰੀਆ

ਅਮਰਿੰਦਰ ਸਿੰਘ ਗਿੱਦਾ
ਆਲੋਚਨਾ ਦਾ ਹੇਰ ਖੇਤਰ ਵਿੱਚ ਅਹਿਮ ਸਥਾਨ ਹੈ ਅਤੇ ਬਿਨਾ ਸ਼ੱਕ ਆਲੋਚਕਾਂ ਦਾ ਵੀ, ਪਰ ਹੇਰ ਖੇਤਰ ਵਿੱਚ ਆਲੋਚਕਾਂ ਤੋਂ ਇਲਾਵਾ ਬਰਸਾਤੀ ਆਲੋਚਕ ਹਮੇਸ਼ਾ ਹੀ ਆਲੋਚਕਾਂ ਅਤੇ ਉਸ ਖਾਸ ਖੇਤਰ ਦੇ ਚਾਹੁਣ ਵਾਲ਼ਿਆਂ ਦੀ ਅਸਲ ਰਾਇ ਉੱਤੇ ਬਲਦੀ ਉੱਤੇ ਤੇਲ ਪਾਉਣ ਵਾਲਾ ਕੰਮ ਕਰਦੇ ਹਨ | ਬਰਸਾਤੀ ਆਲੋਚਕ ਕਿਓਂਕਿ ਹਰ ਖੇਤਰ ਵਿੱਚ ਪਾਏ ਜਾਂਦੇ ਹਨ, ਇਸ ਲਈ ਖੇਡ ਜਗਤ ਵੀ ਇਸ ਤੋਂ ਬਾਹਰ ਨਹੀਂ ਹੈ, ਪਰ ਭਾਰਤੀ ਖੇਡ ਜਗਤ ਵਿੱਚ ਹਾਕੀ ਖੇਡ ਦੇ ਪ੍ਰਤੀ ਅਸਲ ਆਲੋਚਕਾਂ ਦੀ ਜਿੱਥੇ ਕਮੀ ਹੈ, ਉਥੇ ਬਰਸਾਤੀ ਆਲੋਚਕਾਂ ਦੀ ਭਰਮਾਰ ਜਰੂਰਤ ਤੋਂ ਕਿਤੇ ਜਿਆਦਾ ਹੈ| ਇਸ ਲੇਖ ਵਿੱਚ ਭਾਰਤੀ ਹਾਕੀ ਦੇ ਬਰਸਾਤੀ ਆਲੋਚਕਾਂ ਦੀ ਹੀ ਗੱਲ ਕਰਾਂਗੇ, ਤਾਂ ਕਿ ਇੱਕ ਹਲੂਣੇ ਨਾਲ ਭਾਰਤੀ ਹਾਕੀ ਦੇ ਅਸਲ ਆਲੋਚਕਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਇਸ ਲੇਖ ਦਾ ਅਸਲ ਮੰਤਵ ਵੀ ਇਹੀ ਹੈ, ਹਾਲਾਂਕਿ ਕੁਝ ਪਾਠਕ ਇਹ ਵੀ ਅੰਦਾਜ਼ਾ ਲਗਾਉਣਗੇ ਕਿ ਇਸ ਲੇਖ ਨਾਲ ਭਾਰਤੀ ਹਾਕੀ ਦੀਆਂ ਗਲਤੀਆਂ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਨਾਂ ਗਲਤੀਆਂ ਦਾ ਵੀ ਬਰਸਾਤੀ ਆਲੋਚਕ ਕਿਸ ਤਰਾਂ ਇਸਤੇਮਾਲ ਕਰਦੇ ਹਨ, ਉਸ ਸ਼ੈਲੀ ਦਾ ਜ਼ਿਕਰ ਵੀ ਆਪ ਨਾਲ ਜਰੂਰ ਕਰਦੇ ਚੱਲਾਂਗੇ | ਭਾਰਤੀ ਹਾਕੀ ਦੇ ਬਰਸਾਤੀ ਆਲੋਚਕਾਂ ਦਾ ਇਸ ਖੇਡ ਪ੍ਰਤੀ ਇੰਨਾ ਜਿਆਦਾ ਪਿਆਰ ਹੈ ਕਿ ਮੌਜੂਦਾ ਭਾਰਤੀ ਹਾਕੀ ਖਿਡਾਰੀਆਂ ਦੇ ਇਹਨਾਂ ਨੂੰ ਸਿਰਫ ਦੋ-ਤਿੰਨ ਨਾਮ ਹੀ ਯਾਦ ਹੁੰਦੇ ਹਨ, ਓਹ ਵੀ ਖੇਤਰਵਾਦ ਕਾਰਨ ਅਤੇ ਜੋ ਦੋ-ਤਿਨ ਖਿਡਾਰੀਆਂ ਦੇ ਨਾਮ ਯਾਦ ਹੁੰਦੇ ਹਨ, ਉਨਾਂ ਦੇ ਨਾਮ ਲੈ ਕਿ ਇਸ ਤਰਾਂ ਲਫਾਫੇਬਾਜੀ ਕਰਦੇ ਹਨ ਕਿ ਕਈ ਵਾਰ ਤਾਂ ਅਸਲ ਪ੍ਰਸ਼ੰਸ਼ਕ ਜਾਂ ਆਲੋਚਕ ਵੀ ਦੰਦਾ ਥੱਲੇ ਉਂਗਲੀ ਦੱਬਕੇ ਸੋਚਦਾ ਹੈ ਕਿ ਯਾਰ ਇਸ ਵਾਰੇ ਮੈ ਕਿਓਂ ਨਹੀ ਜਾਣਦਾ | ਖੈਰ ਹੁਣ ਲਫਾਫੇਬਾਜੀ ਵਾਲੀ ਸ਼ਬਦਾਵਲੀ ਤੋਂ ਬਾਹਰ ਆ ਕੇ ਕੁਝ ਉਦਾਹਰਣਾ ਤੇ ਨਜਰ ਮਾਰਦੇ ਚਲਦੇ ਹਾਂ | ਲੰਦਨ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਦਾ ਹਸ਼ਰ ਕਿਸੇ ਤੋਂ ਲੁਕਿਆ ਨਹੀਂ ਹੈ, ਪਰ ਇਸ ਹਸ਼ਰ ਦੇ ਲਈ ਜੋ ਕਾਰਣ ਸਨ, ਉਨਾਂ ਨੂੰ ਸਮਝਣ ਲਈ ਬਰਸਾਤੀ ਆਲੋਚਕ ਬਿਲਕੁਲ ਵੀ ਤਿਆਰ ਨਹੀਂ, ਫਿਰ ਭਾਂਵੇ ਗਲਤੀਆਂ ਭਾਰਤੀ ਹਾਕੀ ਟੀਮ ਦੀ ਚੋਣ ਵਿੱਚ ਹੋਣ ਜਾਂ ਫਿਰ ਟੀਮ ਨੂੰ ਓਲੰਪਿਕ ਦੀਆਂ ਤਿਆਰੀਆਂ ਕਰਣ ਸਬੰਧੀ ਮਿਲਿਆ ਸਮਾਂ ਹੋਵੇ | ਭਾਰਤੀ ਹਾਕੀ ਟੀਮ ਦੀਆਂ ਓਲੰਪਿਕ ਦੀਆਂ ਤਿਆਰੀਆਂ ਸਬੰਧੀ ਬਰਸਾਤੀ ਆਲੋਚਕਾਂ ਲਈ ਕੁਝ ਤੱਥਾਂ ਨਾਲ ਮੁੱਦਾ ਰੱਖਦੇ ਚਲਦੇ ਹਾਂ | ਭਾਰਤੀ ਹਾਕੀ ਟੀਮ ਲੰਦਨ ਓਲੰਪਿਕ ਖੇਡਾਂ ਵਿਚ ਸ਼ਾਮਿਲ ਹੋਣ ਵਾਲੀ ਅੰਤਿਮ ਟੀਮ ਸੀ, ਇਸ ਤੋਂ ਪਹਿਲਾਂ ਕੁਆਲੀਫਾਈ ਕਰਨ ਵਾਲੀਆਂ ਗਿਆਰਾਂ ਟੀਮਾਂ ਕੋਲ ਸੁਭਾਵਿਕ ਤੌਰ ਤੇ ਓਲੰਪਿਕ ਖੇਡਾਂ ਦੀ ਤਿਆਰੀ ਨੂੰ ਲੈ ਕੇ ਜਿਆਦਾ ਸਮਾਂ ਸੀ, ਜਿਸਦਾ ਕੇ ਬਹੁਤ ਹੱਦ ਤੱਕ ਇਨ੍ਹਾਂ ਗਿਆਰਾਂ ਟੀਮਾਂ ਵਲੋਂ ਸਹੀ ਇਸਤੇਮਾਲ ਵੀ ਕੀਤਾ ਗਿਆ ਅਤੇ ਇਨ੍ਹਾਂ ਗਿਆਰਾਂ ਟੀਮਾਂ ਵਲੋਂ ਓਲੰਪਿਕ ਤੋਂ ਪਹਿਲਾਂ ਆਪਸ ਵਿੱਚ ਟੈਸਟ ਮੈਚਾਂ ਦਾ ਸਿਲਸਿਲਾ ਵੀ ਜਾਰੀ ਰਿਹਾ, ਜਿਸਦਾ ਫਾਇਦਾ ਵੀ ਇਨ੍ਹਾਂ ਗਿਆਰਾਂ ਟੀਮਾਂ ਨੂੰ ਓਲੰਪਿਕ ਵਿੱਚ ਮਿਲਿਆ, ਫਿਰ ਭਾਂਵੇ ਉਹ ਬੇਲਜੀਅਮ ਹੀ ਕਿਓਂ ਨਾ ਹੋਵੇ | ਭਾਰਤੀ ਹਾਕੀ ਟੀਮ ਕਿਓਂਕਿ ਇਨਾਂ ਓਲੰਪਿਕ ਖੇਡਾਂ ਵਿੱਚ ਆਖਿਰ ਚ ਕੁਆਲੀਫਾਈ ਹੋ ਸਕੀ ਸੀ, ਇਸ ਲਈ ਆਪਣੇ ਤੋਂ ਵਧੀਆ ਟੀਮਾਂ ਨਾਲ ਮੈਚ ਖੇਡਣ ਦਾ ਮੌਕਾ ਘੱਟ ਮਿਲ ਸਕਿਆ, ਪਰ ਬਰਸਾਤੀ ਆਲੋਚਕਾਂ ਨੂੰ ਇਸ ਸਬੰਧੀ ਇੱਕ ਸਵਾਲ ਜਰੂਰ ਕਰਦਾ ਚੱਲਾਂਗਾ, ਕਿ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਦੀ ਹਾਰ ਤੋਂ ਬਾਅਦ ਕਦੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਭਾਰਤੀ ਹਾਕੀ ਜਾਂ ਉਸਦੇ ਖਿਡਾਰੀ ਕੀ ਕਰ ਰਹੇ ਹਨ ? ਇਸ ਸਵਾਲ ਦਾ ਜਵਾਬ ਉਸ ਸਮੇਂ ਮਿਲਦਾ ਹੈ ਜਦ ਹਾਲ ਹੀ ਦੇ ਵਿੱਚ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਪੰਜਾਬ ਦੀ ਟੀਮ ਦੇ ਨਾਲ ਕਰਵਾਇਆ ਗਿਆ ਅਤੇ ਉਸਨੂੰ ਦੇਖਣ ਲਈ ਸਿਰਫ ਗਿਣਤੀ ਦੇ ਦਰਸ਼ਕ ਪਹੁੰਚੇ, ਭਾਂਵੇ ਕੇ ਦਾਖਲਾ ਵੀ ਮੁਫ਼ਤ ਹੀ ਸੀ, ਪਰ ਸ਼ਾਇਦ ਭਾਰਤੀ ਹਾਕੀ ਦੇ ਬਰਸਾਤੀ ਆਲੋਚਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਦਾਅਵੇਦਾਰੀ ਮਜਬੂਤ ਕਰਨ ਲਈ ਮੁਲਾਹ੍ਜੇਦਾਰੀ ਦਾ ਮਜਬੂਤ ਹੋਣਾ ਵੀ ਬਹੁਤ ਜਰੂਰੀ ਹੈ | ਲੰਦਨ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਦੇ ਮੈਚਾਂ ਸਮੇਂ ਭਾਰਤੀ ਪ੍ਰਸ਼ੰਸ਼ਕਾ ਦੀ ਗਿਣਤੀ ਕਾਫੀ ਘੱਟ ਦੇਖਣ ਨੂੰ ਮਿਲੀ, ਪਰ ਜਿਨ੍ਹਾਂ ਨੇ ਆਪਣੀ ਹਾਜਰੀ ਲਗਵਾਈ ਊਹ ਵਧਾਈ ਦੇ ਪਾਤਰ ਨੇ | ਪਰ ਭਾਰਤੀ ਹਾਕੀ ਦੀ ਹਾਰ ਲੰਦਨ ਵਿੱਚ ਵੀ ਚਰਚਾ ਦਾ ਵਿਸ਼ਾ ਜਰੂਰ ਰਹੀ ਹੋਵੇਗੀ, ਜਿਨ੍ਹਾਂ ਵਿੱਚ ਬਰਸਾਤੀ ਆਲੋਚਕਾਂ ਦੀ ਵੀ ਭਰਮਾਰ ਜਰੂਰ ਹੋਵੇਗੀ, ਪਰ ਸਵਾਲ ਇਹ ਹੈ ਕਿ ਭਾਰਤੀ ਹਾਕੀ ਦਾ ਇਨ੍ਹਾਂ ਖੇਡਾਂ ਵਿੱਚ ਹਾਰ ਜਾਣਾ ਹੀ ਅਲੋਚਨਾਂ ਦਾ ਕਾਰਣ ਹੈ ?..ਨਹੀਂ | ਕਾਰਣ ਕੁਝ ਹੋਰ ਵੀ ਨੇ, ਜਿਸ ਵਿੱਚ ਟੀਮ ਦੀ ਚੋਣ ਮੁੱਖ ਕਾਰਣ ਸੀ, ਤਜਰਬੇਕਾਰ ਖਿਡਾਰੀਆਂ ਨੂੰ ਬਾਹਰ ਬਿਠਾਇਆ ਗਿਆ ਅਤੇ ਭਾਰਤੀ ਟੀਮ ਦੇ ਕਪਤਾਨ ਨੂੰ ਵੀ ਬਹੁਤੇ ਮੈਚਾਂ ਵਿੱਚ ਬਾਹਰ ਹੀ ਬਿਠਾਇਆ ਗਿਆ ਸੀ, ਪਰ ਇਨ੍ਹਾਂ ਤੱਥਾਂ ਸਬੰਧੀ ਭਾਰਤੀ ਹਾਕੀ ਦੇ ਬਰਸਾਤੀ ਆਲੋਚਕਾਂ ਦੀ ਜ਼ੁਬਾਨ ਨਹੀ ਖੁੱਲੀ, ਖੈਰ ਉਨਾਂ ਕੋਲੋ ਆਸ ਕਰਨਾ ਵੀ ਗਲਤ ਹੋਵੇਗਾ | ਕਈ ਪਾਠਕਾਂ ਦੇ ਮਨਾਂ ਵਿੱਚ ਇਹ ਸਵਾਲ ਵੀ ਆਉਂਦਾ ਹੋਵੇਗਾ ਕਿ ਅਸੀਂ ਆਲੋਚਨਾ ਜ਼ਰੂਰ ਕਰਦੇ ਹਾਂ, ਪਰ ਅਸੀਂ ਬਰਸਾਤੀ ਆਲੋਚਕ ਬਿਲਕੁਲ ਨਹੀਂ ਹਾਂ, ਪਰ ਜੇਕਰ ਤੁਸੀਂ ਵੀ ਹੇਂਠ ਲਿਖੀ ਸ਼੍ਰੇਣੀ ਵਿੱਚ ਪਾਏ ਜਾਂਦੇ ਹੋ, ਤਾਂ ਤੁਸੀਂ ਵੀ ਜ਼ਰੂਰ ਬਰਸਾਤੀ ਆਲੋਚਕ ਹੋ | ਭਾਰਤੀ ਹਾਕੀ ਟੀਮ ਵੀ ਬਾਕੀ ਖੇਡਾਂ ਵਾਂਗ ਵਿਦੇਸ਼ਾਂ ਵਿੱਚ ਖੇਡਣ ਲਈ ਜਾਂਦੀ ਹੈ ਅਤੇ ਕਿੰਨੇ ਕੁ ਖੇਡ ਪ੍ਰੇਮੀ ਹਾਕੀ ਦਾ ਸਿਰਫ 70 ਮਿੰਟ ਦਾ ਮੈਚ ਦੇਖਣ ਲਈ ਜਾਂਦੇ ਨੇ ? ਕਿੰਨੇ ਕੁ ਹਾਕੀ ਦੇ ਬਰਸਾਤੀ ਆਲੋਚਕ ਉਨਾਂ ਹੋਟਲਾਂ ਤਕ ਪਹੁੰਚ ਕਰਦੇ ਨੇ, ਜਿੱਥੇ ਓਹ ਰੁਕੇ ਹੁੰਦੇ ਨੇ ਤਾਂਕਿ ਭਾਰਤੀ ਹਾਕੀ ਖਿਡਾਰੀਆਂ ਦੀ ਇੱਕ ਝਲਕ ਹੀ ਦੇਖਣ ਨੂੰ ਮਿਲ ਸਕੇ ? ਹੋ ਸਕਦਾ ਹੈ ਕਿ ਇਹ ਸਵਾਲ ਸਿਰਫ ਹਾਕੀ ਲਈ ਹੋਣ, ਕ੍ਰਿਕੇਟ ਲਈ ਨਹੀਂ | ਕ੍ਰਿਕੇਟ ਦਾ ਨਾਮ ਲਿਖਣ ਨਾਲ ਮੈਂ ਇਸ ਖੇਡ ਪ੍ਰਤੀ ਕੋਈ ਨਫਰਤ ਉਜਾਗਰ ਨਹੀਂ ਕਰਦਾ, ਕਿਓਂਕਿ ਮੇਰੇ ਲਈ ਖੇਡਾਂ ਸਿਰਫ ਖੇਡਾਂ ਨੇ, ਪਰ ਬਰਸਾਤੀ ਆਲੋਚਕਾਂ ਦੇ ਹਾਕੀ ਦੇ ਪ੍ਰਤੀ ਇਸ ਵਿਸ਼ਾਲ ਦਾਇਰੇ ਨੂੰ ਬਿਆਨ ਕਰਨ ਲਈ ਅਜਿਹਾ ਜਰੂਰੀ ਸੀ | ਜੇਕਰ ਉਪਰੋਕਤ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਨਹੀ ਹਨ ਤਾਂ ਮਾਫ਼ ਕਰਨਾ ਤੁਸੀਂ ਵੀ ਬਰਸਾਤੀ ਆਲੋਚਕ ਹੀ ਹੋ | ਇਸ ਸਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਨਿਓਜੀਲੈਂਡ ਦਾ ਦੌਰਾ ਕੀਤਾ ਸੀ ਅਤੇ ਉਨਾਂ ਦੇ ਮੈਚ ਦੇਖਣ ਲਈ ਸਿਰਫ 20 ਕੁ ਦਰਸ਼ਕ ਸਟੇਡੀਅਮ ਵਿੱਚ ਮੌਜੂਦ ਹੁੰਦੇ ਸਨ ਅਤੇ ਜਿਸ ਦਿਨ ਇਨਾਂ 20 ਦਰਸ਼ਕਾ ਵਲੋਂ ਇਨਾਂ ਖਿਡਾਰਨਾਂ ਨੂੰ ਪੂਰੀ ਹੱਲਾਸ਼ੇਰੀ ਦਿੱਤੀ ਗਈ, ਉਸ ਦਿਨ ਭਾਰਤੀ ਹਾਕੀ ਦੀ ਖੇਡ ਵਿੱਚ ਕਾਫੀ ਤੇਜੀ ਵੀ ਦੇਖਣ ਨੂੰ ਮਿਲੀ |
ਮੈਚ ਤੋਂ ਬਾਅਦ ਜਦ ਇੰਨਾਂ ਖਿਡਾਰਨਾਂ ਨਾਲ ਗੱਲਬਾਤ ਹੋਈ ਕਿ ਯੂਸੀ ਇਸੇ ਤਰਾਂ ਸਾਡਾ ਮੈਚ ਕੱਲ ਨੂੰ ਵੀ ਦੇਖਣ ਆਉਣਾ, ਅਸੀਂ ਜਰੂਰ ਜਿੱਤਾਂਗੇ ਅਤੇ ਓਹ ਜਿੱਤੇ ਵੀ, ਪਰ ਇਸ ਮੌਕੇ ਵੀ ਕਈ ਭਾਰਤੀ ਦਰਸ਼ਕ ਬਰਸਾਤੀ ਹੀ ਨਿੱਕਲੇ | ਪਾਣੀ ਦੇ ਬੁਲਬਲੇ ਦੀ ਤਰਾਂ ਉਨਾਂ ਪਲਾਂ ਤੋ ਬਾਅਦ ਕਦੇ ਵੀ ਉਨਾਂ ਨੂੰ ਹਾਕੀ ਵਾਰੇ ਗੱਲ ਕਰਦੇ ਨਹੀਂ ਦੇਖਿਆ ਗਿਆ, ਖੈਰ ਉਨਾਂ ਨੂੰ ਵੀ ਆਪਣੇ ਬਰਸਾਤੀ ਪੁਣੇ ਚੋਂ ਬਾਹਰ ਆਉਣ ਦੀ ਜਰੂਰਤ ਹੈ | ਇਹ ਗੱਲ ਮੈਂ ਇਸ ਗੱਲ ਕਰਕੇ ਲਿਖ ਰਿਹਾ ਹਾਂ, ਕਿਓਂਕਿ ਇਸ ਦੌਰੇ ਤੋਂ ਬਾਅਦ ਵੀ ਭਾਰਤੀ ਹਾਕੀ ਟੀਮ ਨੇ ਕਾਫੀ ਮੁਕਾਬਲੇ ਖੇਡੇ ਹਨ, ਜਿਨਾਂ ਵਾਰੇ ਸ਼ਾਇਦ ਉਨਾਂ ਵਿਚੋਂ ਕੁਝ ਨੂੰ ਜਾਣਕਾਰੀ ਨਾ ਹੋਵੇ | ਭਾਰਤੀ ਹਾਕੀ ਦੇ ਬਰਸਾਤੀ ਆਲੋਚਕਾਂ ਵਿੱਚ ਕੁਝ ਉਹ ਵਿਅਕਤੀ ਵੀ ਸ਼ਾਮਿਲ ਹੁੰਦੇ ਹਨ, ਜਿਨਾਂ ਵਲੋਂ ਹਮੇਸ਼ਾ ਹੀ ਇੱਕ ਖੇਡ ਨੂੰ ਹੀ ਤਨੋਂ, ਮਨੋਂ ਅਤੇ ਧਨੋਂ ਉਤਸਾਹਿਤ ਕੀਤਾ ਜਾਂਦਾ ਹੈ, ਪਰ ਇਨਾਂ ਦੀ ਹਾਕੀ ਵਿੱਚ ਦਿਲਚਸਪੀ ਕਿਸੇ ਬਰਸਾਤੀ ਆਲੋਚਕ ਤੋਂ ਘੱਟ ਨਹੀਂ ਹੁੰਦੀ | ਇਨਾਂ ਵਿਅਕਤੀਆਂ ਦਾ ਹਾਲ ਭਾਰਤੀ ਹਾਕੀ ਸਾਹਮਣੇ ਉਸ ਖੱਚਰ ਵਰਗਾ ਹੁੰਦਾ ਹੈ, ਜਿਸ ਦੀਆਂ ਅੱਖਾਂ ਦੇ ਪਾਸੇ ਖੋਪੇ ਲਗਾਏ ਹੁੰਦੇ ਨੇ, ਪਰ ਫਿਰ ਵੀ ਆਸੇ ਪਾਸੇ ਧੋਣ ਘੁਮਾਉਣ ਤੋਂ ਬਾਜ ਨਹੀਂ ਆਉਂਦੇ | ਇਸ ਖੱਚਰ ਵਾਲੀ ਹਾਸੋਹੀਣੀ ਹੈਸੀਅਤ ਹੋਣ ਦੇ ਬਾਵਜੂਦ ਵੀ ਇਹ ਵਰਗ ਭਾਰਤੀ ਹਾਕੀ ਦੇ ਸ਼ੁਭਚਿੰਤਕ ਹੋਣ ਦਾ ਦਿਖਾਵਾ ਕਰਦੇ ਹਨ, ਪਰ ਅਸਲ ਹੇਸੀਅਤ ਬਰਸਾਤੀ ਆਲੋਚਕ ਤੋ ਕੁਜ ਜਿਆਦਾ ਨਹੀਂ ਹੁੰਦੀ | ਇਸ ਵਰਗ ਵਿੱਚ ਸ਼ਾਮਿਲ ਬਰਸਾਤੀ ਆਲੋਚਕ ਉਸ ਸਮੇਂ ਆਪਣੀ ਬੇਮੁੱਲੀ ਪ੍ਰਤੀਕਿਰਿਆ ਦਿੰਦੇ ਹਨ ਜਦ ਕੋਈ ਵਿਸ਼ਾ ਪੂਰੀ ਤਰਾਂ ਨਾਲ ਖਤਮ ਹੋ ਜਾਂਦਾ ਹੈ | ਇਸ ਪ੍ਰਤੀਕਿਰਿਆ ਦੇਣ ਪਿੱਛੇ ਇੱਕ ਕਾਰਣ ਇਹ ਵੀ ਹੋ ਸਕਦਾ ਹੈ ਕਿ ਇੱਕ ਹਾਕੀ ਦੇ ਅਸਲ ਆਲੋਚਕ ਤੇ ਜਾਂ ਫਿਰ ਪ੍ਰਸੰਸ਼ਕ ਨੂੰ ਨੀਵਾਂ ਦਿਖਾਇਆ ਜਾ ਸਕੇ | ਭਾਰਤੀ ਹਾਕੀ ਦੇ ਬਰਸਾਤੀ ਆਲੋਚਕਾਂ ਲਈ ਭਾਰਤੀ ਹਾਕੀ ਦਾ ਢਾਂਚਾ ਹਮੇਸ਼ਾ ਹੀ ਭਖਦਾ ਮੁੱਦਾ ਹੁੰਦਾ ਹੈ, ਪਰ ਇਸ ਵਿੱਚ ਹਾਕੀ ਦੀ ਜਾਂ ਹਾਕੀ ਦੇ ਖਿਡਾਰੀਆਂ ਦੀ ਗਲਤੀ ਨਹੀਂ, ਪਰ ਹਾਕੀ ਦੇ ਬਣੇ ਬੈਠੇ ਪੇਰੋਕਾਰਾਂ ਦੀ ਗਲਤੀ ਜਰੂਰ ਹੈ, ਪਰ ਕੀ ਭਾਰਤੀ ਹਾਕੀ ਦੇ ਇਸ ਢਾਂਚੇ ਕਾਰਣ ਹੀ ਤੁਸੀਂ ਭਾਰਤੀ ਹਾਕੀ ਦੇ ਮੈਚ ਨਹੀਂ ਦੇਖਦੇ? ਜੇਕਰ ਹਾਂ ਅਤੇ ਤੁਸੀਂ ਇਸਨੂੰ ਹੀ ਆਪਣੀ ਦੇਸ਼ ਭਗਤੀ ਮੰਨਦੇ ਹੋ ਤਾਂ ਇੱਥੇ ਇੱਕ ਹੋਰ ਤੱਥ ਸਾਂਝਾ ਕਰਨਾ ਚਾਹਾਂਗਾ, ਜਿਸ ਵਿੱਚ ਫਿਰ ਕ੍ਰਿਕੇਟ ਨੂੰ ਸ਼ਾਮਿਲ ਕਰਨ ਲਈ ਗੁਸਤਾਖੀ ਚਾਹਾਂਗਾ | 2010 ਰਾਸ਼ਟਰਮੰਡਲ ਖੇਡਾਂ ਸਬੰਧੀ ਕਮੇਟੀ ਨੇ ਭਾਰਤੀ ਕ੍ਰਿਕੇਟ ਕੰਟ੍ਰੋਲ ਬੋਰਡ ਤੋਂ ਆਰਥਿਕ ਮਦਦ ਲਈ ਗੁਹਾਰ ਲਗਾਈ ਸੀ, ਪਰ ਭਾਰਤੀ ਕ੍ਰਿਕੇਟ ਕੰਟ੍ਰੋਲ ਬੋਰਡ ਨੇ ਇਨਕਾਰ ਕਰ ਦਿੱਤਾ ਸੀ, ਜਦੋਂਕਿ ਰਾਸ਼ਟਰਮੰਡਲ ਖੇਡਾਂ ਪੂਰੇ ਦੇਸ਼ ਵਾਸਤੇ ਮਾਣ ਵਾਲੀ ਗੱਲ ਸੀ, ਹਾਲਾਂਕਿ ਬਾਅਦ ਵਿਚ ਸਾਹਮਣੇ ਆਏ ਘੁਟਾਲਿਆਂ ਨੇ ਬੋਰਡ ਦੀ ਇਸ ਨਾਂਹ ਉੱਤੇ ਵੀ ਚਾਦਰ ਪਾਉਣ ਦਾ ਕੰਮ ਕੀਤਾ | ਇੱਕ ਦੇਸ਼ ਭਗਤ ਹੋਣ ਦੇ ਨਾਤੇ ਕੀ ਤੁਸੀਂ ਇਹ ਗੱਲ ਜਾਨਣ ਤੋਂ ਬਾਅਦ ਕ੍ਰਿਕੇਟ ਦੇਖਣਾ ਬੰਦ ਕਰ ਦੇਵੋਗੇ ? ਇਸਤੋਂ ਇਲਾਵਾ ਭਾਰਤੀ ਕ੍ਰਿਕੇਟ ਕੰਟ੍ਰੋਲ ਬੋਰਡ ਦਾ RTI ਤਹਿਤ ਜਾਣਕਾਰੀ ਨਾਂਹ ਦੇਣਾ ਵੀ ਇੱਕ ਵੱਡਾ ਕਾਰਣ ਹੋ ਸਕਦਾ ਹੈ, ਪਰ ਖੇਡਾਂ ਨੂੰ ਪਿਆਰ ਕਰਨ ਵਾਲੇ ਲਈ ਖੇਡਾਂ ਸਿਰਫ ਖੇਡਾਂ ਹਨ, ਕਿਓਂਕਿ ਓਹ ਵਿਅਕਤੀ ਖੇਡਾਂ ਨਾਲ ਕਿਸੇ ਹੋਰ ਤਰਾਂ ਦੀ ਖੇਡ ਖੇਡਣੀ ਨਹੀਂ ਚਾਹੁੰਦਾ | ਕਿਸੇ ਖੇਡ ਨੂੰ ਪ੍ਰਫੁਲਿਤ ਕਰਨ ਲਈ ਉਸ ਖੇਡ ਨੂੰ ਕਦਰਦਾਨਾਂ ਦੀ ਜਰੂਰਤ ਹੁੰਦੀ ਹੈ ਅਤੇ ਪੰਜਾਬ ਸਟਾਇਲ ਕਬੱਡੀ (ਰਾਜਨੀਤਿਕ ਟੂਰਨਾਂਮੈਂਟਾ ਤੋਂ ਰਹਿਤ) ਇਸਦੀ ਇੱਕ ਵਧੀਆ ਉਦਾਹਰਣ ਹੈ | ਕਬੱਡੀ ਦੇ ਪ੍ਰਫੁਲਿੱਤ ਹੋਣ ਦਾ ਕਾਰਨ ਹੈ, ਇਸ ਵਿੱਚ ਬਰਸਾਤੀ ਆਲੋਚਕ ਬਹੁਤ ਘੱਟ ਹਨ | ਹਾਕੀ ਦੇ ਡਿੱਗਦੇ ਮਿਆਰ ਲਈ ਜਿੰਨਾ ਹਾਕੀ ਦਾ ਢਾਂਚਾ ਦੋਸ਼ੀ ਹੈ, ਉਸਦੇ ਬਰਾਬਰ ਹੀ ਬਰਸਾਤੀ ਆਲੋਚਕ ਵੀ ਦੋਸ਼ੀ ਨੇ, ਕਿਓਂਕਿ ਬਰਸਾਤੀ ਆਲੋਚਕਾਂ ਵਲੋਂ ਕਦੇ ਵੀ ਭਾਰਤੀ ਹਾਕੀ ਦੀਆਂ ਚੰਗੀਆਂ ਕੋਸ਼ਿਸ਼ਾਂ ਦੀ ਕਦੇ ਵੀ ਪ੍ਰਸੰਸ਼ਾ ਨਹੀ ਕੀਤੀ ਗਈ | ਭਾਰਤੀ ਹਾਕੀ ਲਈ ਬਰਸਾਤੀ ਆਲੋਚਕਾਂ ਵਲੋਂ ਦਿੱਤੇ ਗਏ ਉਨ੍ਹਾਂ ਦੇ ਅਣਮੁੱਲੇ ਵਿਚਾਰਾਂ ਲਈ ਸ਼ੁਕਰੀਆ, ਆਸ ਕਰਦੇ ਹਾਂ ਕਿ ਤੁਸੀਂ ਅਸਲ ਸ਼ੁਭਚਿੰਤਕ ਬਣੋਗੇ | amrinder.gidda@gmail.com