Sunday 18 November 2012

ਲੱਚਰ ਗਾਇਕੀ ਵਿਰੁੱਧ ਹਾਂਗਕਾਂਗ ਵਸਦੇ ਪੰਜਾਬੀਆਂ ਨੇ ਵੀ ਕਮਰ ਕਸੀ।

-ਪੋਸਟਰ ਰਿਲੀਜ ਸਮਾਰੋਹ ਦਾ ਆਯੋਜਨ। ਹਾਂਗ ਕਾਂਗ ( ਅ.ਸ ..ਗਰੇਵਾਲ ) : ਪੰਜਾਬ ਵਿੱਚ ਇਸ ਵੇਲੇ ਜਿਸ ਤਰ੍ਹਾਂ ਦੀ ਗਾਇਕੀ ਸੱਭਿਆਚਾਰ ਦੇ ਨਾਂ 'ਤੇ ਪਰੋਸੀ ਜਾ ਰਹੀ ਹੈ, ਉਸ ਤੋਂ ਹਰ ਪੰਜਾਬੀ ਚਿੰਤਤ ਹੈ। ਇਸ ਸਬੰਧੀ ਕੁਝ ਸੁਚੇਤ ਲੋਕਾਂ ਵੱਲੋ ਉਪਰਾਲੇ ਵੀ ਕੀਤੇ ਜਾ ਰਹੇ ਹਨ, ਉਨਾ ਵਿੱਚੋਂ ਇੱਕ ਹੈ ਕੈਨੇਡਾ ਤੋਂ ਚਲਦਾ ਰੇਡੀਓ 'ਦਿਲ ਆਪਣਾ ਪੰਜਾਬੀ'
ਪਿਛਲੇ ਇਨੀ ਇਸ ਦੇ ਹਾਲੈਂਡ ਸਟੂਡੀਓ ਦੇ ਪੇਸ਼ਕਾਰ ਹਰਜੋਤ ਸਿੰਘ ਸੰਧੂ ਨੇ ਆਪਣੇ ਇਗਲੈਂਡ ਸਥਿਤ ਸਹਿਯੋਗੀ ਮਨਦੀਪ ਖੁਰਮੀ 'ਹਿਮੰਤਪੁਰਾ' ਨਾਲ ਮਿਲ ਕੇ ਇੱਕ ਬੇਨਤੀ ਰੂਪੀ ਪੋਸਟਰ ਤਿਆਰ ਕੀਤਾ ਹੈ। ਪੰਜਾਬ ਦੇ ਲੋਕਾਂ {ਮਾਪਿਆਂ}, ਨੌਜ਼ਵਾਨਾਂ, ਅਫ਼ਸਰਸ਼ਾਹੀ ਅਤੇ ਗਾਇਕਾਂ ਨੂੰ ਕੀਤੀਆਂ ਬੇਨਤੀਆਂ ਵਾਲਾ ਇਹ ਪੋਸਟਰ ਪੰਜਾਬ ਦੇ ਕਈ ਪਿੰਡਾਂ ਅਤੇ ਸਹਿਰਾਂ ਵਿਚ ਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਹਾਂਗਕਾਂਗ ਦੇ ਵੀ ਕੁਝ ਚੇਤਨ ਲੋਕਾਂ ਨੇ ਇਸ ਪੋਸਟਰ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਇਸ ਸਬੰਧੀ ਐਤਵਾਰ ਨੂੰ ਗੁਰੂ ਘਰ ਦੀ ਲਾਇਬਰੇਰੀ ਵਿੱਚ ਇੱਕ ਸਮਾਗਮ ਦਾ ਆਯੋਜ਼ਨ ਕੀਤਾ ਗਿਆ ਜਿਸ ਵਿੱਚ ਉਕਤ ਪੋਸਟਰ ਰਿਲੀਜ਼ ਕੀਤਾ ਗਿਆ। ਵਿਸੇਸ ਕਰਕੇ ਪੰਜਾਬ ਯੂਥ ਕਲੱਬ, ਮੈਗਜੀਨ ਸਾਂਝ ਵਿਚਾਰਾਂ ਦੀ ਅਤੇ ਪੰਜਾਬੀ ਚੇਤਨਾ ਵੱਲੋਂ ਹੋਏ ਸਮਾਗਮ ਦੌਰਾਨ ਮਾਸਟਰ ਜਗਤਾਰ ਸਿੰਘ ਢੁੱਡੀਕੇ ਨੇ ਕਿਹਾ ਕਿ ਇਸ ਬਿਮਾਰੀ ਨੂੰ ਵੇਲੇ ਸਿਰ ਰੋਕਣਾ ਜਰੂਰੀ ਹੈ। ਇਸ ਲਈ ਹਰ ਇਕ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਇਸ ਪੋਸਟਰ ਨੂੰ ਜਾਰੀ ਕਰਨ ਸਮੇਂ ਹਾਂਗ ਕਾਂਗ ਦੇ ਪੰਜਾਬੀ ਭਾਈਚਾਰੇ ਦੇ ਹਰ ਉਮਰ ਤੇ ਵਰਗ ਦੇ ਲੋਕੀਂ ਸਾਮਲ ਸਨ ਜਿਹਨਾਂ ਨੇ ਰੇਡੀੳ ਦਿਲ ਆਪਣਾ ਪੰਜਾਬੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਹਰ ਮਦਦ ਦਾ ਭਰੋਸਾ ਵੀ ਦਿਵਾਇਆ।