Saturday 4 August 2012

ਮੂਰਖ਼ਸਤਾਨ ਦੇ ਪ੍ਰਧਾਨ ਮੰਤਰੀ ਰਾਜਿੰਦਰ ਰਿਖੀ ਦਾ ਇੰਗਲੈਂਡ 'ਚ ਸਨਮਾਨ।


ਲੰਡਨ (ਮਨਦੀਪ ਖੁਰਮੀ) ਈਡੀਅਟ ਕਲੱਬ ਰਈਆ ਦੇ ਪ੍ਰਧਾਨ ਅਤੇ ਮੂਰਖ਼ਸਤਾਨ ਦੇ ਪ੍ਰਧਾਨ ਮੰਤਰੀ ਰਾਜਿੰਦਰ ਰਿਖੀ ਦਾ ਇੰਗਲੈਂਡ ਦੌਰੇ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਹਨਾਂ ਦੀ ਆਮਦ 'ਤੇ ਇਕ ਲਘੂ ਸਾਹਿਤਕ ਮਹਿਫ਼ਲ ਦਾ ਆਯੋਜ਼ਨ ਕੀਤਾ ਗਿਆ ਜਿਸ ਦੌਰਾਨ ਸਮਾਜ ਵਿੱਚ ਪਲ ਪਲ 'ਤੇ ਹੁੰਦੀਆਂ ਮੂਰਖ਼ਤਾਈਆਂ 'ਤੇ ਚੋਟ ਕਰਦਿਆਂ ਹਿੰਮਤਪੁਰਾ ਡੌਟ ਕੌਮ ਦੇ ਸੰਚਾਲਕ ਮਨਦੀਪ ਖੁਰਮੀ ਹਿੰਮਤਪੁਰਾ, ਸ਼ਾਇਰ ਰਵਿੰਦਰ ਰਵੀ ਨੱਥੋਵਾਲ, ਮਨਜੀਤ ਸਿੰਘ ਵੜੈਚ, ਗੁਰਦੀਪ ਸਿੰਘ ਚੌਹਾਨ, ਦਲਬੀਰ ਸਿੰਘ ਗੰਗੋਹਰ, ਤਰਲੋਚਨ ਸਿੰਘ ਨੱਥੋਵਾਲ, ਅਤੁਲ ਸ਼ਰਮਾ ਆਦਿ ਨੇ ਰਚਨਾਵਾਂ ਪੇਸ਼ ਕੀਤੀਆਂ। ਜ਼ਿਕਰਯੋਗ ਹੈ ਕਿ ਸ੍ਰੀ ਰਾਜਿੰਦਰ ਰਿਖੀ ਆਪਣੇ ਆਪ ਨੂੰ 'ਈਡੀਅਟ' ਅਖਵਾਉਣ ਤੋਂ ਝਿਜਕਦੇ ਨਹੀਂ। ਮੂਰਖ਼ਸਤਾਨ ਦੇ ਪ੍ਰਧਾਨ ਮੰਤਰੀ ਬਣਨ ਸੰਬੰਧੀ ਪੁੱਛੇ ਜਾਣ 'ਤੇ ਉਹਨਾਂ ਦੱਸਿਆ ਸਾਡੇ ਸਮਾਜ ਵਿੱਚ ਜੇਕਰ ਕੋਈ ਇਨਸਾਨ ਸੱਚ ਦਾ ਪੱਲਾ ਫੜ੍ਹ ਕੇ ਚੱਲਦਾ ਹੈ ਤਾਂ ਉਸ ਨੂੰ ਮੂਰਖ ਸੱਦਿਆ ਜਾਂਦਾ ਹੈ। ਉਹਨਾਂ ਦੀ ਕਲੱਬ ਵੱਲੋਂ ਵੀ ਸਮਾਜ ਵਿੱਚ ਹੁੰਦੀਆਂ ਧਾਂਦਲੀਆਂ ਨੂੰ ਲੋਕਾਂ ਸਾਹਮਣੇ ਮੀਡੀਆ ਦੀ ਮਦਦ ਨਾਲ ਸਮੇਂ ਸਮੇਂ 'ਤੇ ਲਿਆਂਦਾ ਜਾਣ ਕਰਕੇ ਉਹਨਾਂ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਲੋਕਾਂ ਵੱਲੋਂ ਮੂਰਖ ਆਖਿਆ ਜਾਂਦਾ ਸੀ। ਇਸੇ ਕਰਕੇ ਉਹਨਾਂ ਫੈਸਲਾ ਲਿਆ ਕਿ ਕਿਉਂ ਨਾ ਮੂਰਖ ਸ਼ਬਦ ਨੂੰ ਆਪਣੇ ਨਾਮ ਨਾਲ ਪੱਕੇ ਤੌਰ 'ਤੇ ਹੀ ਜੋੜ ਲਿਆ ਜਾਵੇ। ਉਹਨਾਂ ਕਿਹਾ ਕਿ ਹੋਰ ਵੀ ਉਹ ਵੀਰ ਜਿਹੜੇ ਇਸ ਸਮਾਜ ਦੀ ਨਿਗ੍ਹਾ ਵਿੱਚ ਮੂਰਖ ਹਨ, ਉਹ ਸਾਡੇ ਮੂਰਖ਼ਸਤਾਨ ਦੇ ਮੈਂਬਰ ਬਣ ਸਕਦੇ ਹਨ। ਇਸ ਸਮੇਂ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਨਿਵਾਜਿਆ ਗਿਆ।