Saturday 4 August 2012

ਪੀ ਪੀ ਪੀ ਪੰਜਾਬ ਨੂੰ ਸਰਮਾਏਦਾਰ ਸਿਆਸੀ ਵਪਾਰੀਆਂ ਦੀਆਂ 117 ਰਿਆਸਤਾਂ ਹੱਥੋਂ ਆਜਾਦ ਕਰਵਾਉਣ ਲਈ ਤਤਪਰ- ਅਮਨਪ੍ਰੀਤ ਛੀਨਾ, ਦਵਿੰਦਰ ਢੋਸ

ਇੰਗਲੈਂਡ ਪੀ ਪੀ ਪੀ ਦੇ ਅਹੁਦੇਦਾਰਾਂ ਵਰਕਰਾਂ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ 'ਤੇ ਅਹਿਦ।
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਨਵੇਂ ਚੁਣੇ ਅਹੁਦੇਦਾਰਾਂ ਤੇ ਵਰਕਰਾਂ ਨੇ ਸਮੂਹਿਕ ਤੌਰ 'ਤੇ ਗੁਰਦੁਆਰਾ ਸਾਹਿਬ ਸ਼ੈਫਰਡਬੁਸ਼ ਵਿਖੇ ਨਤਮਸਤਕ ਹੋ ਕੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ 'ਤੇ ਆਪਣੀ ਜਨਮ ਭੂਮੀ ਪੰਜਾਬ ਵਿੱਚ ਰਾਜਨੀਤਕ ਤਬਦੀਲੀ ਲਿਆਉਣ ਦਾ ਅਹਿਦ ਲਿਆ। ਇਸ ਸਮੇਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਐੱਨ ਆਰ ਆਈ ਵਿੰਗ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਛੀਨਾ ਅਤੇ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਢੋਸ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ ਦਾ ਬਦਲਾ ਲੈਣ ਅਤੇ ਦੇਸ਼ ਦੇ ਸਵੈਮਾਣ ਦੀ ਰੱਖਿਆ ਲਈ ਆਪਾ ਤੱਕ ਕੁਰਬਾਨ ਕਰ ਦਿੱਤਾ ਸੀ। ਅੱਜ ਉਸ ਮਹਾਨ ਦੇਸ਼ ਭਗਤ ਦੇ ਸ਼ਹੀਦੀ ਦਿਨ 'ਤੇ ਹਰ ਗੈਰਤਮੰਦ ਪੰਜਾਬੀ ਨੂੰ ਅਹਿਦ ਕਰਨਾ ਚਾਹੀਦਾ ਹੈ ਕਿ ਉਹ ਸਰਮਾਏਦਾਰ ਸਿਆਸੀ ਵਪਾਰੀਆਂ ਦੀਆਂ 117 ਰਿਆਸਤਾਂ ਹੱਥੋਂ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਪੀ ਪੀ ਪੀ ਦਾ ਦਿਲੋਂ ਸਾਥ ਦੇਵੇ। ਉਹਨਾਂ ਕਿਹਾ ਕਿ ਸ਼ੇਰਾਂ ਦੀਆਂ ਮਾਰਾਂ 'ਤੇ ਗਿੱਦੜਾਂ ਦੇ ਕਲੋਲਾਂ ਕਰਨ ਵਾਂਗ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਮਿਲੀ ਆਜਾਦੀ ਤੋਂ ਬਾਦ ਉਹਨਾਂ ਦੇ ਵਾਰਿਸ ਤਾਂ ਅੱਜ ਵੀ ਧੱਕੇ ਖਾ ਰਹੇ ਹਨ ਪਰ ਇਹਨਾਂ ਸਿਆਸੀ ਸਰਮਾਏਦਾਰਾਂ ਹੇਠ ਰਾਜ ਦੀ ਕੁਰਸੀ ਆ ਗਈ ਹੈ ਤੇ ਇਹ ਆਪਣੀ ਕੁਰਸੀ ਖੁੱਸ ਜਾਣ ਦੇ ਡਰੋਂ ਲੋਕਾਂ ਦੀ ਜ਼ਮੀਰ ਕੁਝ ਰੁਪਇਆਂ ਜਾਂ ਸ਼ਰਾਬ ਬਦਲੇ ਖਰੀਦ ਕੇ ਸੱਤਾ 'ਤੇ ਕਾਬਜ਼ ਹੁੰਦੇ ਆ ਰਹੇ ਹਨ। ਸ਼ਹੀਦ ਊਧਮ ਸਿੰਘ ਦੀ ਸੋਚ 'ਤੇ ਪਹਿਰਾ ਦਿੰਦਿਆਂ ਪੀ ਪੀ ਪੀ ਅਜਿਹੇ ਸਰਮਾਏਦਾਰ ਸਿਆਸੀ ਰਾਜਿਆਂ ਹੱਥੋਂ ਪੰਜਾਬ ਦੇ 117 ਹਲਕਿਆਂ ਨੂੰ ਅਜਾਦ ਕਰਵਾਉਣ ਲਈ ਵਚਨਬੱਧ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪੀ ਪੀ ਪੀ ਯੂ ਕੇ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਪ੍ਰਗਣ ਸਿੰਘ ਮੱਲ੍ਹੀ ਸੀਨੀਅਰ ਮੀਤ ਪ੍ਰਧਾਨ ਇੰਗਲੈਂਡ, ਰਘਵਿੰਦਰ ਸਿੰਘ ਸਿੱਧੂ ਪ੍ਰਧਾਨ ਵੈਸਟ ਲੰਡਨ, ਅਮਰੀਕ ਸਿੰਘ ਢਿੱਲੋਂ ਪ੍ਰਧਾਨ ਈਸਟ ਲੰਡਨ, ਸੁਖਦੇਵ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ ਵੈਸਟ ਲੰਡਨ, ਦਿਲਬਾਗ ਸਿੰਘ ਚਾਹਲ, ਜਗਦੇਵ ਸਿੰਘ ਪੁਰੇਵਾਲ, ਧਰਮਿੰਦਰ ਸਿੰਘ ਛੀਨਾ, ਰਾਜਿੰਦਰ ਸਿੰਘ, ਮਹਿੰਦਰ ਸਿੰਘ ਸੰਘਾ, ਰਸਬੀਰ ਸਿੰਘ ਵੜਿੰਗ ਆਦਿ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ।