Wednesday 18 July 2012

ਸਰਬੱਤ ਦਾ ਭਲਾ ਸੰਸਥਾ ਦੁਬਈ ਵੱਲੋਂ ਲਾਏ ਜਾਣਗੇ ਰਮਜ਼ਾਨ ਮਹੀਨੇ 'ਚ ਚਾਰ ਖੂਨਦਾਨ ਕੈਂਪ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਜਾਤ-ਪਾਤ ਤੋਂ ਉੱਪਰ ਉੱਠ ਕੇ ਦੁਬਈ ਵਿਚ ਸਮਾਜ ਭਲਾਈ ਦੇ ਕੰਮ ਕਰ ਰਹੀ ਸਰਬੱਤ ਦਾ ਭਲਾ ਸੰਸਥਾ ਨੇ ਇਸ ਵਾਰ ਮੁਸਲਮਾਨ ਭਾਈਚਾਰੇ ਦੇ ਪਵਿੱਤਰ ਤਿਉਹਾਰ ਈਦ ਨੂੰ ਸਮਰਪਿਤ ਰਮਜਾਨ ਦੇ ਮਹੀਨੇ ਵਿਚ ਚਾਰ ਖੂਨਦਾਨ ਕੈਂਪ ਲਗਾਉਣ ਦਾ ਫੈਸਲਾ ਲਿਆ ਹੈ। ਸੰਸਥਾ ਦੇ ਸੋਸ਼ਲ ਵਿੰਗ ਦੇ ਮੁਖੀ ਸ. ਪ੍ਰਭਦੀਪ ਸਿੰਘ ਨੇ ਜਗਬਾਣੀ ਨਾਲ ਵਿਸ਼ੇਸ਼ ਵਾਰਤਾ ਦੌਰਾਨ ਦੱਸਿਆ ਕਿ ਅਸੀਂ ਜਿਸ ਵੀ ਮੁਲਕ ਵਸੀਏ, ਜਨਮ ਭੂਮੀ ਤੋਂ ਦੂਰ ਹੋ ਕੇ ਕਰਮ ਭੂਮੀ ਦੀ ਖੈਰ ਮੰਗਣੀ ਚਾਹੀਦੀ ਹੈ। ਇਸੇ ਸੋਚ ਤਹਿਤ ਹੀ ਇਹ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ। ਰਮਜਾਨ ਦੇ ਮਹੀਨੇ ਵਿਚ ਮੁਸਲਿਮ ਵੀਰ ਰੋਜ਼ੇ ਰੱਖਦੇ ਹਨ। ਜਿਸ ਕਾਰਨ ਉਹ ਖੂਨਦਾਨ ਨਹੀਂ ਕਰ ਸਕਦੇ ਪਰ ਹਸਪਤਾਲਾਂ ਵਿਚ ਖੂਨ ਦੀ ਮੰਗ ਉਸ ਤਰ•ਾਂ ਹੀ ਰਹਿੰਦੀ ਹੈ, ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਲਈ ਡਾਕਟਰਾਂ ਨੂੰ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸੰਸਥਾ ਵੱਲੋਂ ਮਨੁੱਖਤਾ ਦੀ ਭਲਾਈ ਅਤੇ ਈਦ ਮੌਕੇ ਭਾਈਚਾਰਕ ਤੰਦਾਂ ਪੀਢੀਆਂ ਕਰਨ ਲਈ ਇਹਨਾਂ ਖੂਨਦਾਨ ਕੈਂਪਾਂ ਵਿੱਚ ਖੂਨਦਾਨ ਕਰਨ ਲਈ ਪੰਜਾਬੀ ਵੀਰਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਉਕਤ ਕੈਂਪ ਦੁਬਈ ਹੈਲਥ ਅਥਾਰਟੀ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਹਨ।