Wednesday, 18 July 2012

ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੇ ਸਨਮਾਨ 'ਚ ਵਿਦਾਇਗੀ ਸਮਾਗਮ ਦਾ ਆਯੋਜ਼ਨ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਪ੍ਰਧਾਨ ਅਤੇ ਭਾਰਤੀ ਸਾਹਿਤ ਅਕਾਦਮੀ ਸਨਮਾਨ ਜੇਤੂ ਨਾਵਲ 'ਢਾਹਵਾਂ ਦਿੱਲੀ ਦੇ ਕਿੰਗਰ' ਦੇ ਰਚੇਤਾ ਬਲਦੇਵ ਸਿੰਘ ਸੜਕਨਾਮਾ ਆਪਣੇ ਇੰਗਲੈਂਡ ਦੌਰੇ 'ਤੇ ਸਨ। ਜਿੱਥੇ ਉਹਨਾਂ ਵੱਖ ਵੱਖ ਸਾਹਿਤਕ ਸਭਾਵਾਂ ਦੇ ਸਮਾਗਮਾਂ ਵਿੱਚ ਜ਼ਿੰਮੇਵਾਰਾਨਾ ਸ਼ਿਰਕਤ ਕੀਤੀ। ਇੰਗਲੈਂਡ ਦੀਆਂ ਸਾਹਿਤਕ ਸਰਗਰਮੀਆਂ ਤੋਂ ਬਾਦ ਵਤਨ ਵਾਪਸੀ ਤੋਂ ਪਹਿਲਾਂ ਉਹਨਾਂ ਦੇ ਸਨੇਹੀ ਸਾਹਿਤਕਾਰਾਂ ਵੱਲੋਂ ਇੱਕ ਵਿਸ਼ੇਸ਼ ਮਿਲਣੀ ਦਾ ਆਯੋਜ਼ਨ ਕੀਤਾ ਗਿਆ। ਜਿਸ ਦੌਰਾਨ ਉੱਘੇ ਸਾਹਿਤਕਾਰ ਡਾ. ਸਾਥੀ ਲੁਧਿਆਣਵੀ, ਸ਼ਾਇਰਾ ਕੁਲਵੰਤ ਕੌਰ ਢਿੱਲੋਂ, ਨਾਵਲਕਾਰ ਹਰਜੀਤ ਅਟਵਾਲ, ਨਾਵਲਕਾਰ ਮਹਿੰਦਰਪਾਲ ਧਾਲੀਵਾਲ, ਨਾਵਲਕਾਰ ਅਵਤਾਰ ਉੱਪਲ, ਅਮਰ ਜਯੋਤੀ, ਸ਼ਵਿੰਦਰ ਢਿੱਲੋਂ ਆਦਿ ਨੇ ਕਿਹਾ ਕਿ ਬਲਦੇਵ ਸਿੰਘ ਦੀ ਸਾਹਿਤ ਪ੍ਰਤੀ ਦੇਣ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ। ਸੋਚ ਦੀ ਪਾਕੀਜ਼ਗੀ, ਸੱਚ ਨੂੰ ਨਿਧੜਕ ਬਿਆਨਣ, ਕਲਮ ਦੀ ਕਦਰ ਕਾਰਨ ਹੀ ਉਹਨਾਂ ਨੂੰ ਇੱਕ ਸਾਹਿਤਕ ਆਗੂ ਦਾ ਰੁਤਬਾ ਪ੍ਰਾਪਤ ਹੋਇਆ ਹੈ। ਇੱਕ ਲੇਖਕ ਲਈ ਇਸ ਤੋਂ ਵਧੇਰੇ ਮਾਣ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਉਸ ਦੇ ਨਾਂ ਨਾਲ ਉਸਦੀ ਕਿਸੇ ਲਿਖਤ ਦਾ ਨਾਂ ਹੀ ਪ੍ਰਛਾਵੇਂ ਵਾਂਗ ਨਾਲ ਤੁਰੇ। ਇਸ ਉਪਰੰਤ ਧੰਨਵਾਦੀ ਸ਼ਬਦ ਬੋਲਦਿਆਂ ਬਲਦੇਵ ਸਿੰਘ ਸੜਕਨਾਮਾ ਨੇ ਭਾਵਪੂਰਤ ਸ਼ਬਦਾਂ ਵਿੱਚ ਕਿਹਾ ਕਿ ਇੰਗਲੈਂਡ ਦੀ ਤੇਜ਼ਤਰਾਰ ਜ਼ਿੰਦਗੀ ਵਿੱਚ ਵੀ ਉਹਨਾਂ ਨੇ ਪੰਜਾਬ ਨਾਲੋਂ ਵੀ ਵਧੀਆ ਪੰਜਾਬ ਵਸਦਾ ਦੇਖਿਆ ਹੈ। ਉਹਨਾਂ ਇੰਗਲੈਂਡ ਦੇ ਸਮੂਹ ਪੰਜਾਬੀ ਸਾਹਿਤਕਾਰਾਂ ਨੂੰ ਇਸ ਗੱਲ ਦੀ ਵਧਾਈ ਪੇਸ਼ ਕੀਤੀ ਕਿ ਉਹ ਵਤਨੋਂ ਦੂਰ ਬੈਠੇ ਵੀ ਨਹੁੰ ਮਾਸ ਵਾਂਗ ਪੰਜਾਬ ਤੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਬੈਠੇ ਹਨ। ਉਹਨਾਂ ਹਾਜ਼ਰੀਨ ਨੂੰ ਯਕੀਨ ਦਿਵਾਇਆ ਕਿ ਉਹ ਉਹਨਾਂ ਦੀਆਂ ਆਸਾਂ Ḕਤੇ ਖਰਾ ਉੱਤਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ: ਦੇਸ਼ ਵਿਦੇਸ਼ Ḕਚ ਵਸਦੇ ਸਮੂਹ ਪੰਜਾਬੀਆਂ ਦੀ ਆਪਣੀ ਸਭਾ ਹੈ। ਸਭਾ ਦੇ ਸੇਵਾਦਾਰ ਹੋਣ ਦੇ ਨਾਤੇ ਵਾਅਦਾ ਕਰਦੇ ਹਨ ਕਿ ਦੇਸ਼ ਵਿਦੇਸ਼ 'ਚ ਬੈਠੇ ਪੰਜਾਬੀ ਸਾਹਿਤਕਾਰਾਂ ਨੂੰ ਨਾਲ ਲੈ ਕੇ ਤੁਰਿਆ ਜਾਵੇਗਾ ਤਾਂ ਜੋ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ਰਹੇ।