Sunday, 25 September 2011
ਲਗਾਤਾਰ 11 ਵੀਂ ਵਾਰ ਜੇਤੂ ਰਹਿਣ ਦੀ ਖੁਸ਼ੀ 'ਚ ਕੀਤਾ ਕਵੀ ਦਰਬਾਰ ਦਾ ਆਯੋਜ਼ਨ।
ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੀ ਈਲਿੰਗ ਬਾਰੋਅ ਵਿੱਚੋਂ ਈਲਿੰਗ ਇਨ ਬਲੂਮ ਪ੍ਰਤੀਯੋਗਤਾ ਨੂੰ ਲਗਾਤਾਰ 11 ਵੀਂ ਜਿੱਤਣ ਦਾ ਮਾਣ ਪ੍ਰਾਪਤ ਹੋਇਆ ਹੈ ਸ੍ਰ ਅਜੀਤ ਸਿੰਘ ਚੱਘਰ ਨੂੰ।ਜਿਹਨਾਂ ਨੇ ਫੁੱਲਾਂ ਨੂੰ ਆਪਣੀ ਜ਼ਿੰਦਗੀ ਦੇ ਰਾਜ਼ਦਾਰ ਬਣਾ ਕੇ ਪਿਛਲੇ 11 ਸਾਲਾਂ ਤੋਂ ਲਗਾਤਾਰ ਇਸ ਪ੍ਰਤੀਯੋਗਤਾ ਨੂੰ ਆਪਣੇ ਨਾਮ ਦਰਜ਼ ਕਰਵਾਇਆ ਹੋਇਆ ਹੈ। ਉਹਨਾਂ ਦੇ ਇਸ ਪ੍ਰਤੀਯੋਗਤਾ ਵਿੱਚੋਂ 11 ਵੇਂ ਸਾਲ ਵੀ ਵਿਜੇਤਾ ਰਹਿਣ ਦੀ ਖੁਸ਼ੀ Ḕਚ ਹਰ ਵਾਰ ਦੀ ਤਰ੍ਹਾਂ ਹੀ ਵਿਸ਼ਾਲ ਕਵੀ ਦਰਬਾਰ ਦਾ ਆਯੋਜ਼ਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਈਲਿੰਗ ਦੇ ਡਿਪਟੀ ਮੇਅਰ ਕੌਂਸਲਰ ਮੁਹੰਮਦ ਅਸਲਮ ਅਤੇ ਸੁੱਚਾ ਸਿੰਘ ਬਾਜਵਾ (ਜਰਮਨੀ) ਨੇ ਕੀਤੀ। ਇਸ ਸਮੇਂ ਬੋਲਦਿਆਂ ਸਾਬਕਾ ਮੇਅਰ ਕੌਂਸਲਰ ਰਾਜਿੰਦਰ ਸਿੰਘ ਮਾਨ ਨੇ ਕਿਹਾ ਕਿ ਫੁੱਲ ਮਨੁੱਖ ਨਾਲ ਜਨਮ ਵੇਲੇ ਤੋਂ ਲੈ ਕੇ ਅਰਥੀ ਤੱਕ ਸਾਥ ਨਿਭਾਉਂਦੇ ਹਨ। ਕਿਸੇ ਪੰਜਾਬੀ ਵੱਲੋਂ ਗੋਰਿਆਂ ਦੇ ਫੁੱਲ ਉਗਾਉਣ ਦੇ ਸ਼ੌਕ ਨੂੰ ਅਪਣਾ ਕੇ ਲਗਾਤਾਰ ਜਿੱਤ ਦਰਜ਼ ਕਰਨੀ ਸਮੁੱਚੀ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ। ਉਹਨਾਂ ਇਸ ਮੌਕੇ ਅਜੀਤ ਸਿੰਘ ਚੱਘਰ ਨੂੰ ਮੁਬਾਰਕਬਾਦ ਪੇਸ਼ ਕੀਤੀ ਜਿਹਨਾਂ ਨੇ ਆਪਣੀ ਮਰਹੂਮ ਪਤਨੀ ਦੀ ਯਾਦ ਨੂੰ ਫੁੱਲ ਉਗਾਉਣ ਦੇ ਸ਼ੌਕ ਵਜੋਂ ਜ਼ਿੰਦਾ ਰੱਖਿਆ ਹੋਇਆ ਹੈ। ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਨਾਮੀ ਕਵੀ ਤੇ ਕਵਿੱਤਰੀਆਂ ਨੇ ਹਿੱਸਾ ਲਿਆ ਜਿਹਨਾਂ ਵਿੱਚੋਂ ਸਰਵ ਸ੍ਰੀ ਚਮਨ ਲਾਲ ਚਮਨ, ਡਾ: ਸਾਥੀ ਲੁਧਿਆਣਵੀ, ਨਿਰਮਲ ਕੰਧਾਲਵੀ, ਸੁੱਚਾ ਸਿੰਘ ਬਾਜਵਾ, ਗਾਇਕ ਚੰਨੀ ਸਿੰਘ, ਸ਼ਾਇਰਾ ਕੁਲਵੰਤ ਢਿੱਲੋਂ, ਚਰਚਿਤ ਕਹਾਣੀਕਾਰਾ ਤੇ ਕਵਿੱਤਰੀ ਭਿੰਦਰ ਜਲਾਲਾਬਾਦੀ, ਮਨਜੀਤ ਕੌਰ ਪੱਡਾ, ਮੋਹਨ ਜੁਟਲੇ, ਉਮਰਾਓ ਸਿੰਘ ਅਟਵਾਲ, ਰਮਨਜੀਤ ਕੌਰ, ਰੇਡੀਓ ਪੇਸ਼ਕਾਰਾ ਕਰਮਜੀਤ ਕੌਰ ਭੁੱਲਰ, ਮਨਦੀਪ ਖੁਰਮੀ ਹਿਮਮਤਪੁਰਾ, ਰਮਨਜੀਤ ਕੌਰ, ਮਹਿੰਦਰ ਕੌਰ ਭੰਮਰਾ, ਉਜਾਗਰ ਸਿੰਘ, ਕਸ਼ਮੀਰ ਕੌਰ, ਮਹਿੰਦਰ ਸਿੰਘ ਸੈਹਮੀ, ਚਰਨਜੀਤ ਕੌਰ, ਰਘਵੀਰ ਰਾਹੀ, ਕੌਂਸਲਰ ਮਹਿੰਦਰ ਕੌਰ ਮਿੱਢਾ, ਜਗਦੇਵ ਸਿੰਘ ਪਨੇਸਰ, ਅਮਰਜੀਤ ਕੌਰ ਫਲੋਰਾ, ਸੰਤੋਖ ਸਿੰਘ ਕੈਲੇ, ਜਗਦੀਸ਼ ਕੌਰ, ਪਰਮਜੀਤ ਕੌਰ, ਜੈ ਸਿੱਧੂ, ਆਸ਼ਾ ਦਾਨੀ ਨਿਊਜ਼ੀਲੈਂਡ, ਪਰਮਜੀਤ ਪੰਮੀ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਰਾਹੀਂ ਅਜੀਤ ਸਿੰਘ ਚੱਘਰ ਨੂੰ ਵਧਾਈ ਦਿੱਤੀ। ਹਾਜ਼ਰੀਨ ਦਾ ਧੰਨਵਾਦ ਸ੍ਰੀ ਅਜੀਤ ਸਿੰਘ ਚੱਘਰ ਅਤੇ ਰਾਮਗੜ੍ਹੀਆ ਸਭਾ ਸਾਊਥਾਲ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਾਰਵਾਹ ਨੇ ਕੀਤਾ। ਮੰਚ ਸੰਚਾਲਕ ਦੇ ਫ਼ਰਜ਼ ਕਮਲਜੀਤ ਸਿੰਘ ਭੰਮਰਾ (ਪੰਜਾਬ ਰੇਡੀਓ) ਨੇ ਬਾਖੂਬੀ ਨਿਭਾਏ।