ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਕਿਸੇ ਵੇਲੇ ਰੰਗੀਂ ਵੱਸਦਾ ਪੰਜਾਬ ਸਾਡੇ ਆਪਣੇ ਲਾਲਚਾਂ ਕਾਰਨ ਹੀ ਰੁੱਖਾਂ ਅਤੇ ਕੁੱਖਾਂ ਦੀ ਬੇਕਦਰੀ ਦਾ ਸੰਤਾਪ ਭੋਗ ਰਿਹਾ ਹੈ। ਰੁੱਖਾਂ ਦੀ ਅੰਨ੍ਹੇਵਾਹ
ਕਟਾਈ ਕਾਰਨ ਵਾਤਾਵਰਣਿਕ ਵਿਗਾੜ ਪੈਦਾ ਹੋਏ ਹਨ ਅਤੇ ਕੁੱਖਾਂ ਵਿੱਚ ਧੀਆਂ ਦੇ ਕਤਲ ਹੋਣ ਨਾਲ ਪੰਜਾਬ ਵਿੱਚ ਕੁੜੀਆਂ ਦੀ ਘੱਟ ਰਹੀ ਜਨਮ ਦਰ ਦੇ ਖੌਫਨਾਕ ਅੰਕੜੇ ਨਸ਼ਰ ਹੋ ਰਹੇ ਹਨ। ਜੇ ਰੁੱਖਾਂ ਅਤੇ ਕੁੱਖਾਂ ਨੂੰ ḔਛਾਂਗਣḔ ਦੀ ਘਿਨਾਉਣੀ ਖੇਡ ਦੱਸ ਰਹੀ ਹੈ ਕਿ ਅਸੀਂ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਤੋਂ ਮੂੰਹ ਫੇਰ ਲਿਆ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਮਗੜ੍ਹੀਆ ਸਭਾ ਸਾਊਥਾਲ ਵਿਖੇ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ ਕੇ ਆਗੂ ਡਾ: ਤਾਰਾ ਸਿੰਘ ਆਲਮ ਦੀ ਬੇਟੀ ਦੇ ਵਿਆਹ ਸਮਾਗਮ ਸਮੇਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਦੇ ਇਸ ਵਿਚਾਰ ਦੀ ਪ੍ਰੋੜਤਾ ਕਰਦਿਆਂ ਇੰਗਲੈਂਡ ਦੇ ਪਹਿਲੇ ਏਸ਼ੀਅਨ ਜੱਜ ਸਰ ਮੋਤਾ ਸਿੰਘ, ਸਾਹਿਬ ਮੈਗਜ਼ੀਨ ਦੇ ਸੰਪਾਦਕ ਰਣਜੀਤ ਸਿੰਘ ਰਾਣਾ ਅਤੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਾਰਵਾਹ ਨੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਕੁੱਖਾਂ ਅਤੇ ਰੁੱਖਾਂ ਨੂੰ ਸਤਿਕਾਰ ਦਿੱਤਾ ਜਾਵੇ ਤਾਂ ਹੀ ਚੰਗੇਰੇ ਮਨੁੱਖੀ ਜੀਵਨ ਦੀ ਆਸ ਰੱਖੀ ਜਾ ਸਕਦੀ ਹੈ।