ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀ ਦੇ ਚਰਚਿਤ ਗਾਇਕ ਜੀਤ ਜਗਜੀਤ ਦਾ ਇੰਗਲੈਂਡ ਪਹੁੰਚਣ ਉੱਤੇ ਭਰਵਾਂ ਸਵਾਗਤ ਕੀਤਾ ਗਿਆ। ਕਲਾ ਪ੍ਰੇਮੀ ਅਤੇ ਉਸਾਰੂ ਰੁਚੀਆਂ ਦੇ ਮਾਲਕ ਨੌਜਵਾਨ ਸਤਵੰਤ ਸਿੰਘ ਮੱਲੀ
(ਡਾਇਰੈਕਟਰ ਨਿਊ ਗੋਲਡਨ ਕਾਰਪੈਟ) ਦੀ ਅਗਵਾਈ ਹੇਠ ਗਾਇਕ ਜੀਤ ਜਗਜੀਤ ਨੂੰ ਜੀ ਆਇਆਂ ਕਹਿਣ ਹਿਤ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉੱਘੇ ਗਾਇਕ ਮੰਗਲ ਸਿੰਘ, ਬਹਾਰਾਂ ਪੰਜਾਬ ਦੀਆਂ ਭੰਗੜਾ ਗਰੁੱਪ ਦੇ ਸੰਚਾਲਕ ਸੁਖਬੀਰ ਸੋਢੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਸਮੇਂ ਬੋਲਦਿਆਂ ਸੁਖਦੇਵ ਸਿੰਘ ਮੱਲ੍ਹੀ, ਗਾਇਕ ਮੰਗਲ ਸਿੰਘ, ਸਤਵੰਤ ਸਿੰਘ ਮੱਲ੍ਹੀ, ਸੁਖਬੀਰ ਸੋਢੀ, ਹਰਬੰਤ ਸਿੰਘ, ਸੁਖਦੀਪ ਸਿੰਘ ਅਤੇ ਹੈਰੀ ਨੇ ਬੋਲਦਿਆਂ ਕਿਹਾ ਕਿ ਜੀਤ ਜਗਜੀਤ ਵੱਲੋਂ ਹੁਣ ਤੱਕ ਸੰਜ਼ੀਦਾ ਕਿਸਮ ਦੇ ਗੀਤ ਗਾਉਣ ਨੂੰ ਹੀ ਪਹਿਲ ਦਿੱਤੀ ਹੈ ਨਾ ਕਿ ਦੋਹਰੀ ਸ਼ਬਦਾਵਲੀ ਵਾਲੇ। ਬੇਸ਼ੱਕ ਥੋੜ੍ਹੇ ਪਰ ਪਾਏਦਾਰ ਗੀਤ ਗਾ ਕੇ ਹੀ ਜੋ ਪ੍ਰਸਿੱਧੀ ਉਸਨੇ ਹਾਸਲ ਕੀਤੀ ਹੈ ਉਸਤੋਂ ਲੋਕ ਜੀਤ ਜਗਜੀਤ ਤੋਂ ਇਹੀ ਉਮੀਦ ਰੱਖਣਗੇ ਕਿ ਉਹ ਨੇੜ ਭਵਿੱਖ Ḕਚ ਵੀ ਇੱਕ ਜ਼ਿੰਮੇਵਾਰ ਵਜ਼ੋਂ ਨਰੋਏ ਬੋਲ ਸ਼ਰੋਤਿਆਂ ਦੀ ਝੋਲੀ ਪਾਉਂਦਾ ਰਹੇਗਾ। ਇਸ ਉਪਰੰਤ ਗਲਬਾਤ ਕਰਦਿਆਂ ਗਾਇਕ ਜੀਤ ਜਗਜੀਤ ਨੇ ਕਿਹਾ ਕਿ ਵਿਦੇਸ਼ ਆ ਕੇ ਵੀ ਪੰਜਾਬ ਵਰਗਾ ਪਿਆਰ ਮਿਲਣ ਦਾ ਕਾਰਨ ਹੀ ਇਹ ਹੈ ਕਿ ਉਸਨੇ ਹਫੜਾ-ਦਫੜੀ ਵਾਲੀ ਗਾਇਕੀ ਤੋਂ ਹਮੇਸ਼ਾ ਪਾਸਾ ਵੱਟਿਆ ਹੈ। ਉਹ 'ਆਇਆ ਤੇ ਗਿਆ' ਦੀ ਸੋਚ ਦਾ ਧਾਰਨੀ ਨਹੀਂ ਸਗੋਂ ਗਾਇਕੀ ਦੇ ਖੇਤਰ ਵਿੱਚ ਲੰਮਾ ਸਮਾਂ ਟਿਕਿਆ ਰਹਿਣ ਦੇ ਮਨਸ਼ੇ ਨਾਲ ਹੀ ਗੀਤ ਚੋਣ ਕਰਦਾ ਹੈ। ਇਸ ਸਮੇਂ ਗਾਇਕ ਮੰਗਲ ਸਿੰਘ ਅਤੇ ਜੀਤ ਜਗਜੀਤ ਨੇ ਗਾ ਕੇ ਵੀ ਹਾਜ਼ਰੀਨ ਨਾਲ ਆਪਣੇ ਗੀਤਾਂ ਦੀ ਸਾਂਝ ਪੁਆਈ।