ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਲੜਕੀਆਂ ਦੇ ਸੁੰਦਰਤਾ ਪ੍ਰਤੀਯੋਗਤਾ ਮਿਸ ਇੰਗਲੈਂਡ 2011 ਲਈ ਹੋਣ ਜਾ ਰਹੇ ਮੁਕਾਬਲੇ ਦੇ ਆਖਰੀ ਦੌਰ ਵਿੱਚ ਪਹੁੰਚੀਆਂ 60 ਲੜਕੀਆਂ ਵਿੱਚ ਸਾਊਥਾਲ ਵਸਦੇ ਪੰਜਾਬੀ ਪਰਿਵਾਰ ਦੀ ਲੜਕੀ ਸਿਮਰਨ ਗਿੱਲ ਦਾ ਨਾਂ ਵੀ ਸ਼ੁਮਾਰ ਹੈ। ਜ਼ਿਕਰਯੋਗ ਹੈ ਕਿ ਸਿਮਰਨ ਦਾ ਪਿਛੋਕੜ ਜਿਲ੍ਹਾ ਲੁਧਿਆਣਾ ਦੇ ਪਿੰਡ ਸ਼ੇਰਪੁਰ ਨਾਲ ਸੰਬੰਧਤ ਹੈ।
ਮੱਧ ਜੂਨ ਵਿੱਚ ਉਹ ਮਿਸ ਏਸ਼ੀਅਨ ਮਾਡਲ ਪ੍ਰਤੀਯੋਗਤਾ ਦਾ ਖਿਤਾਬ ਵੀ ਜਿੱਤ ਚੁੱਕੀ ਹੈ ਜਿਸ ਕਾਰਨ ਉਸਦਾ ਫਾਈਨਲ ਵਿੱਚ ਪਹੁੰਚਣਾ ਆਸਾਨ ਹੋਇਆ। ਕੋਈ ਯਕੀਨ ਨਹੀਂ ਕਰ ਸਕਦਾ ਕਿ ਅੰਤਾਂ ਦੀ ਪੀੜਦਾਇਕ ਫਾਈਬਰੋਮਿਆਲਗੀਆ ਨਾਂ ਦੀ ਬੀਮਾਰੀ ਦੀ ਸ਼ਿਕਾਰ ਹੋਈ ਸਿਮਰਨ ਦੇ ਬੁਲੰਦ ਹੌਸਲੇ ਅੱਗੇ ਬੀਮਾਰੀ ਵੀ ਮਨਫ਼ੀ ਹੋ ਕੇ ਰਹਿ ਗਈ। ਇਹ ਬੀਮਾਰੀ ਮਾਸਪੇਸ਼ੀਆਂ ਵਿੱਚ ਨਿਰੰਤਰ ਹੋਣ ਵਾਲਾ ਦਰਦ ਹੈ। ਇਸ ਬਿਮਾਰੀ ਦੀ ਸਿਮਰਨ ਨਾਲ ਉਸਦੇ ਬਚਪਨ ਤੋਂ ਹੀ ਸਾਂਝ ਹੈ। ਕੋਈ ਵੇਲਾ ਸੀ ਜਦ ਸਿਮਰਨ ਨੂੰ ਬੀਮਾਰੀ ਕਾਰਨ ਕਨੇਰੀ ਵਾਰਫ ਵਿੱਚ ਆਪਣੀ ਇਨਵੈਸਟਮੈਂਟ ਬੈਂਕਿੰਗ ਦੀ ਨੌਕਰੀ ਵੀ ਛੱਡਣੀ ਪਈ ਸੀ। ਬੋਲਣ ਅਤੇ ਤੁਰਨ ਫਿਰਨ ਤੋਂ ਵੀ ਅਸਮਰੱਥ ਸਿਮਰਨ 20 ਹਜਾਰ ਲੜਕੀਆਂ 'ਚੋਂ ਮਿਸ ਇੰਗਲੈਂਡ 2011 ਦੇ ਮੁਕਾਬਲੇ ਲਈ ਫਾਈਨਲਿਸਟਾਂ ਵਿੱਚ ਪਹੁੰਚ ਗਈ ਹੈ। ਲੋਕ ਮਤ ਰਾਹੀਂ ਉਸਨੂੰ ਸੈਮੀ ਫਾਈਨਲ ਵਿੱਚ ਪਹਿਲੀਆਂ ਤਿੰਨ ਕੁੜੀਆਂ ਵਿੱਚ ਜਗ੍ਹਾ ਮਿਲੀ ਸੀ। ਫਾਈਨਲ ਦੌਰ ਵਿੱਚ ਸਾਰੀਆਂ ਪ੍ਰਤੀਯੋਗੀ ਵਾਤਾਵਰਣ ਨਾਲ ਮਿੱਤਰਤਾ ਪੁਗਾਉਣ ਵਾਲੀਆਂ ਪੁਸ਼ਾਕਾਂ ਪਹਿਨਣਗੀਆਂ। ਇਸ ਦੌਰ ਵਿੱਚ ਸਿਮਰਨ ਵੱਲੋਂ ਪਹਿਨੀ ਜਾਣ ਵਾਲੀ ਪੁਸ਼ਾਕ ਵੀ ਸਿਮਰਨ ਤੇ ਉਸਦੀ ਭੈਣ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਜੋ ਯੁੱਧਾਂ ਵਿੱਚ ਦੇਸ਼ ਲਈ ਜਾਨਾਂ ਵਾਰਨ ਵਾਲੇ ਫੋਜੀਆਂ ਅਤੇ ਦੂਜੀ ਸੰਸਾਰ ਜੰਗ ਵਿੱਚ ਸੇਵਾ ਨਿਭਾਉਣ ਵਾਲੇ ਉਸਦੇ ਦਾਦਾ ਜੀ ਨੂੰ ਸਮਰਪਿਤ ਹੋਵੇਗੀ। Himmatpura.com ਨਾਲ ਗਲਬਾਤ ਕਰਦਿਆਂ ਸਿਮਰਨ ਨੇ ਕਿਹਾ ਕਿ ਮੈਂ ਵਿਸ਼ੇਸ਼ ਕਰਕੇ ਲੜਕੀਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਸਰੀਰਕ ਬੀਮਾਰੀ ਵੀ ਤੁਹਾਡੇ ਰਾਹ ਵਿੱਚ ਰੁਕਾਵਟ ਨਹੀਂ ਬਣ ਸਕਦੀ। ਆਪਣੇ ਆਪ ਨੂੰ ਮੰਜ਼ਿਲ ਵੱਲ ਵਧਦੇ ਰੱਖਣ ਲਈ ਹਮੇਸ਼ਾ ਤਿਆਰ ਰੱਖੋ। ਮੰਜ਼ਿਲ ਕਦਮ ਜਰੂਰ ਚੁੰਮੇਗੀ।