Tuesday, 28 June 2011
ਪੰਜਾਬ ਸਰਕਾਰ ਵੱਲੋਂ ਪੀ ਆਰ ਟੀ ਸੀ ਦੇ ਠੇਕੇ ਤੇ ਰੱਖੇ ਮੁਲਾਜ਼ਮਾਂ ਤੇ ਸ਼ਰੇਆਮ ਅੱਤਿਆਚਾਰ
ਨਿਹਾਲ ਸਿੰਘ ਵਾਲਾ(ਮਿੰਟੂ ਖੁਰਮੀ ਹਿੰਮਤਪੁਰਾ)_ ਬੇਸੱਕ ਅਕਾਲੀ ਸਰਕਾਰ ਇਹ ਕਹਿੰਦੀ ਹੋਵੇ ਕਿ ਇਹ ਰਾਜ ਨਹੀਂ ਸੇਵਾ ਹੈ | ਪਰ ਇਹ ਕਿਹੜੀ ਸੇਵਾ ਹੈ ਜੋ ਅੱਜ ਬਾਦਲ ਸਰਕਾਰ ਮਰਨ ਵਰਤ 'ਤੇ ਬੈਠੇ ਹੋਏ ਪੀ ਆਰ ਟੀ ਸੀ ਕੰਨਟਰੈਕਟ ਯੂਨੀਅਨ ਆਜ਼ਾਦ ਦੇ ਵਰਕਰਾਂ 'ਤੇ ਕਰ ਰਹੀ ਹੈ | ਯੂਨੀਅਨ ਦਾ ਇਹ ਕਹਿਣਾ ਹੈ ਕਿ ਪੀ ਆਰ ਟੀ ਸੀ ਵਿੱਚ ਠੇਕੇ ਤੇ ਰੱਖੇ ਕੱਚੇ ਕਾਂਮੇ ਪੱਕੇ ਹੋਣੇ ਚਾਹੀਦੇ ਹਨ ਅਤੇ ਨਾਜਾਇਜ (ਡੀਜ਼ਲ ਅਤੇ ਘੱਟ ਬੁਕਿੰਗ ਦੀਆਂ) ਰੀਕਵਰੀਆਂ ਬੰਦ ਹੋਣੀਆਂ ਚਾਹੀਦੀਆਂ ਹਨ |ਇਹਨਾਂ ਮੰਗਾਂ ਮੰਨਵਾਉਣ ਲਈ 13 ਜੂਨ ਤੋਂ 15 ਜੂਨ ਤੱਕ ਸਾਂਤਮਈ ਭੁੱਖ ਹੜਤਾਲ ਰੱਖੀ ਗਈ ਸੀ, ਜਿਸ ਦਾ ਕੋਈ ਨਤੀਜਾ ਨਹੀ ਨਿਕਲਿਆ ਸੀ ਅਤੇ ਉਸ ਤੋਂ ਬਾਅਦ ਸੂਬਾ ਪ੍ਰਧਾਨ ਸਰਦਾਰ ਜਸਮੇਲ ਸਿੰਘ ਦੀ ਅਗਵਾਈ ਵਿੱਚ ਸਮੂਹ ਜੱਥੇਬੰਦੀਆਂ ਦੇ ਸਹਿਯੋਗ ਨਾਲ ਮਰਨ ਵਰਤ ਸ਼ੁਰੂ ਕੀਤਾ ਗਿਆ| ਜਿਸ ਨੂੰ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਦੇ ਮੌਜੂਦਾ ਐੱਮ ਡੀ ਦੀ ਅਗਵਾਈ ਹੇਠ ਅੱਧੀ ਰਾਤ ਨੂੰ ਪੁਲਿਸ ਮੁਲਾਜਮਾਂ ਦੀ ਗੁੰਡਾਗਰਦੀ ਨਾਲ ਫੇਲ੍ਹ ਕਰਨ ਦਾ ਯਤਨ ਕੀਤਾ ਗਿਆ ਅਤੇ ਮਰਨ ਵਰਤ ਤੇ ਬੈਠੇ ਮੁਲਾਜ਼ਮ ਆਗੂਆਂ ਨੂੰ ਧੱਕੇ ਨਾਲ ਚੱਕਿਆ ਅਤੇ ਹੋਰ ਵਰਕਰਾਂ ਤੇ ਲਾਠੀ ਚਾਰਜ ਕੀਤਾ| ਅਕਾਲੀ ਦਲ ਬਾਦਲ ਦੀ ਧੱਕੇਸਾਹੀ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਜੋ ਪੀ ਆਰ ਟੀ ਸੀ ਦੇ ਮੁਲਾਜਮ ਜਿਹੜੇ ਕਿ ਮੀਟਿੰਗ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਵਿੱਚ ਇਕੱਤਰ ਹੋਏ ਸਨ ਉਹਨਾਂ ਵਿੱਚੋਂ ਵੱਡੇ ਪੱਧਰ ਤੇ ਇਕੱਠੇ ਹੋਏ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ | ਪਰ 19 ਜੂਨ ਨੂੰ ਬਾਦਲ ਸਰਕਾਰ ਦੀ ਬੇਸ਼ਰਮੀ ਦੀ ਹੱਦ ਹੋ ਗਈ ਜਦੋਂ ਉਹਨਾਂ ਨੇ ਪੰਜਾਬ ਦੀ ਪੁਲਿਸ ਅਤੇ ਪੀ ਆਰ ਟੀ ਸੀ ਦੇ ਨੁਮਾਂਇੰਦਿਆਂ ਦੇ ਸਹਿਯੋਗ ਨਾਲ ਭਾਖੜਾ ਨਹਿਰ ਦੀ ਚੌਂਕੀ ਪਸਿਆਣਾ ਵਿਖੇ ਪੀ ਆਰ ਟੀ ਸੀ ਦੇ ਸੰਘਰਸੀ ਕੱਚੇ ਮੁਲਾਜ਼ਮਾਂ ਨੂੰ ਰੋਕਿਆ ਗਿਆ ਤੇ ਦੁਪਹਿਰ ਬਾਦ ਜੇਲ ਭੇਜਿਆ ਗਿਆ | ਮੁਲਾਜਮ ਜੱਥੇਬੰਦੀਆਂ ਦੇ ਆਗੂਆ ਨੇ ਕਿਹਾ ਹੈ ਕਿ ਜਿੰਨਾਂ ਟਾਈਮ ਸਾਡੀਆ ਮੰਗਾਂ ਨਹੀ ਮੰਨੀਆਂ ਜਾਂਦੀਆਂ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ | ਤਾਜਾ ਜਾਣਕਾਰੀ ਅਨੁਸਾਰ ਪੀ ਆਰ ਟੀ ਸੀ ਕਾਮਿਆਂ ਵੱਲੋਂ ਜੇਲ੍ਹ ਭਰੋ ਅੰਦੋਲਣ ਤਹਿਤ 31-31 ਕਾਮਿਆਂ ਵੱਲੋਂ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਸਮੂਹ ਸੰਘਰਸ਼ ਦੇ ਰਾਹ ਤੁਰੀਆਂ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਆਪਣੇ ਪੁੱਤਾਂ ਨਾਲ ਜਰੂਰ ਖੜ੍ਹਨ।