Monday, 25 April 2011

ਰੋਕੋ ਕੈਂਸਰ ਸੰਸਥਾ ਵੱਲੋਂ ਕੁਲਵੰਤ ਸਿੰਘ ਧਾਲੀਵਾਲ ਰਾਊਕੇ ਗਲੋਬਲ ਰਾਜਦੂਤ ਨਿਯੁਕਤ।

ਸਮਾਜਸੇਵੀ ਸੰਸਥਾਵਾਂ ਵੱਲੋਂ ਵਧਾਈ ਸੰਦੇਸ਼ਾਂ ਦਾ ਤਾਂਤਾ ਲੱਗਾ।ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਮਨੁੱਖਤਾ ਅੱਗੇ ਮੂੰਹ ਅੱਡੀ ਖੜ੍ਹੀ ਕੈਂਸਰ ਦੀ ਭਿਆਨਕ ਬੀਮਾਰੀ ਨੂੰ ਨੱਥ ਪਾਉਣ ਲਈ ਵਿਸ਼ਵ ਪੱਧਰ 'ਤੇ ਸਰਗਰਮ 'ਰੋਕੋ ਕੈਂਸਰ' ਸੰਸਥਾ
ਵੱਲੋਂ ਮੋਗਾ ਜਿਲ੍ਹੇ ਦੇ ਪਿੰਡ ਰਾਊਕੇ ਦੇ (ਹਾਲ ਆਬਾਦ ਇੰਗਲੈਂਡ) ਕੁਲਵੰਤ ਸਿੰਘ ਧਾਲੀਵਾਲ ਨੂੰ 'ਗਲੋਬਲ ਰਾਜਦੂਤ' ਵਜੋਂ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਕੁਲਵੰਤ ਸਿੰਘ ਧਾਲੀਵਾਲ ਦੇ ਪਿਛਲੇ ਸਮੇਂ 'ਚ ਨਿਰੰਤਰ ਕੀਤੇ ਜਾ ਰਹੇ ਸਮਾਜਸੇਵੀ ਕਾਰਜਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਈ ਹੈ। ਸੰਸਥਾ ਦੀ 90 ਸਾਲਾ ਟਰੱਸਟੀ ਪੈਨੀ ਸਪੀਅਰਜ ਨੇ ਸੰਸਥਾ ਲਈ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਹੈ। ਕੁਲਵੰਤ ਸਿੰਘ ਧਾਲੀਵਾਲ ਵੱਲੋਂ ਆਪਣੇ ਪਿਤਾ ਸ੍ਰ: ਸੰਤ ਸਿੰਘ ਧਾਲੀਵਾਲ ਜੀ ਦੇ ਨਾਮ 'ਤੇ ਟਰੱਸਟ ਬਣਾ ਕੇ ਮਾਦਾ ਭਰੂਣ ਹੱਤਿਆ ਖਿਲਾਫ ਵਿੱਢੀ ਮੁਹਿੰਮ ਅਤੇ ਪਿੰਡ ਰਾਊਕੇ ਵਿੱਚ ਪਿਛਲੇ 7 ਸਾਲਾਂ ਤੋਂ ਲਗਾਤਾਰ ਵਧ ਰਹੀ ਮਾਦਾ ਜਨਮ ਦਰ ਤੋਂ ਬੇਹੱਦ ਪ੍ਰਭਾਵਿਤ ਹੋਈ ਪੈਨੀ ਸਪੀਅਰਜ਼ ਨੇ ਸ੍ਰੀ ਧਾਲੀਵਾਲ ਨੂੰ ਥਾਪੜਾ ਦਿੰਦਿਆਂ ਕਿਹਾ ਕਿ "ਬੇਸ਼ੱਕ ਗਲੋਬਲ ਰਾਜਦੂਤ ਦਾ ਕਾਰਜ ਖੇਤਰ ਸਮੁੱਚਾ ਵਿਸ਼ਵ ਹੁੰਦਾ ਹੈ ਪਰ ਆਪਣੀ ਜਨਮ ਭੂਮੀ ਪੰਜਾਬ 'ਚੋਂ ਕੈਂਸਰ ਖਿਲਾਫ਼ ਵੱਡੀ ਪੱਧਰ 'ਤੇ ਉਪਰਾਲੇ ਕਰਨ ਦਾ ਵਾਧੂ ਭਾਰ ਉਹਨਾਂ ਦੇ ਮੋਢਿਆਂ 'ਤੇ ਪਾਇਆ ਜਾ ਰਿਹਾ ਹੈ।" ਜ਼ਿਕਰਯੋਗ ਹੈ ਕਿ ਰੋਕੋ ਕੈਂਸਰ ਸੰਸਥਾ ਸੰਯੁਕਤ ਰਾਸ਼ਟਰ ਸੰਸਥਾ, ਇੰਗਲੈਂਡ ਸਰਕਾਰ ਅਤੇ ਭਾਰਤ ਸਰਕਾਰ ਦੇ ਵਿਸ਼ੇਸ਼ ਸਹਿਯੋਗ ਸਦਕਾ ਲੋਕਾਂ ਨੂੰ ਪ੍ਰਣਾਈ ਹੋਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰ. ਮਨਮੋਹਨ ਸਿੰਘ ਜੀ ਦੀ ਧਰਮ ਪਤਨੀ ਵੀ ਇਸ ਸੰਸਥਾ ਜ਼ਰੀਏ ਸੇਵਾ ਨਿਭਾਅ ਰਹੀ ਹੈ। ਰੋਕੋ ਕੈਂਸਰ ਸੰਸਥਾ ਦੇ ਵਧਦੇ ਪ੍ਰਭਾਵ ਦਾ ਨਤੀਜਾ ਹੀ ਹੈ ਕਿ ਮੈਡਗਾਸਕਰ ਸਰਕਾਰ ਨੇ ਵੀ ਸੰਸਥਾ ਨੂੰ ਆਪਣੇ ਲੋਕਾਂ ਨੂੰ ਕੈਂਸਰ ਤੋਂ ਮੁਕਤ ਕਰਵਾਉਣ ਲਈ ਸੱਦਾ ਦਿੱਤਾ ਹੈ। ਇਸ ਪੱਤਰਕਾਰ ਨਾਲ ਵਿਸ਼ੇਸ਼ ਵਾਰਤਾ ਦੌਰਾਨ ਸ੍ਰੀ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦਾ ਚੰਗੇ ਭਾਗ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ 1947 ਤੋਂ ਬਾਦ ਪਹਿਲੀ ਵਾਰ ਪੰਜਾਬ ਦੇ ਬਜਟ Ḕਚ ਕੈਂਸਰ ਵਿਰੁੱਧ ਮੁਹਿੰਮਾਂ ਲਈ 60 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਪੰਜਾਬ ਸਰਕਾਰ ਨੇ ਹਰ ਮਹੀਨੇ 15 ਕੈਂਪ ਆਪ ਲਗਾਉਣ ਦਾ ਜ਼ਿੰਮਾ ਲਿਆ ਹੈ ਤੇ ਬਾਕੀ 15 ਕੈਂਪ ਪ੍ਰਵਾਸੀ ਭਾਰਤੀ ਵੀਰਾਂ ਨੇ ਆਪਣੇ ਜ਼ਿੰਮੇ ਲਏ ਹਨ। ਇਸ ਤਰ੍ਹਾਂ ਫਰਵਰੀ 2012 ਤੱਕ ਦੇ ਕੈਂਪ ਪਹਿਲਾਂ ਹੀ ਬੁੱਕ ਹੋ ਗਏ ਹਨ। ਅਕਾਲੀ ਪਰਿਵਾਰਕ ਪਿਛੋਕੜ ਹੋਣ ਕਰਕੇ ਸ੍ਰੀ ਧਾਲੀਵਾਲ ਖੁਦ ਵੀ ਇੰਗਲੈਂਡ ਤੋਂ ਸ੍ਰੋਮਣੀ ਅਕਾਲੀ ਦਲ (ਬ) ਦੇ ਸਰਪ੍ਰਸਤ ਵਜੋਂ ਸੇਵਾ ਨਿਭਾਅ ਰਹੇ ਹੋਣ ਦੇ ਬਾਵਜੂਦ ਉਹਨਾਂ ਪੰਜਾਬ ਦੇ ਸਮੂਹ ਕਾਂਗਰਸੀ ਵਿਧਾਇਕਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਆਪਣੀ ਇੱਕ ਇੱਕ ਮਹੀਨੇ ਦੀ ਤਨਖਾਹ ਕੈਂਸਰ ਜਿਹੀ ਭਿਆਨਕ ਬੀਮਾਰੀ ਨੂੰ ਨੱਥ ਪਾਉਣ ਲਈ ਦਾਨ ਕੀਤੀ ਹੈ। ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਣ 'ਤੇ ਉਹਨਾਂ ਦੱਸਿਆ ਕਿ ਰੋਕੋ ਕੈਂਸਰ ਵੱਲੋਂ ਆਉਣ ਵਾਲੇ ਪੰਜ ਸਾਲਾਂ ਦੀ ਅਗਾਊਂ ਕੀਤੀ ਯੋਜਨਾਬੰਦੀ ਤਹਿਤ ਪੰਜਾਬ ਦੀ ਹਰ ਇੱਕ ਔਰਤ ਦੀ ਮੁਫ਼ਤ ਮੈਮੋਗ੍ਰਾਫੀ ਕਰਨ ਦਾ ਟੀਚਾ ਮਿਥਿਆ ਹੈ ਜਿਸਦਾ ਪ੍ਰਤੀ ਔਰਤ ਖਰਚਾ 4 ਹਜ਼ਾਰ ਰੁਪਏ ਆਉਂਦਾ ਹੈ। ਇਸ ਟੀਚੇ ਨੂੰ ਸਰ ਕਰਨ ਲਈ ਚਲਦੇ ਫਿਰਦੇ ਹਸਪਤਾਲ ਵਰਗੀਆਂ ਸਹੂਲਤਾਂ ਨਾਲ ਲੈਸ ਬੱਸਾਂ ਪੰਜਾਬ ਵਿੱਚ ਨਜ਼ਰ ਆਉਣਗੀਆਂ। ਸੇਵਾ ਦੇ ਇਸ ਮਹਾਨ ਕਾਰਜ ਵਿੱਚ ਲੱਗੀ ਡਿਊਟੀ ਪ੍ਰਤੀ ਆਤਮ ਵਿਸ਼ਵਾਸ਼ ਨਾਲ ਲਬਰੇਜ਼ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਇਸ ਸੰਸਥਾ ਵੱਲੋਂ ਇੱਕ ਰਾਜਦੂਤ ਨੂੰ ਦਿੱਤੀ ਜਾਂਦੀ ਤਨਖਾਹ 'ਚੋਂ ਇੱਕ ਧੇਲਾ ਲੈਣਾ ਵੀ ਗੁਨਾਂਹ ਸਮਝਣਗੇ ਕਿਉਕਿ ਇਹ ਨਾ-ਮੁਰਾਦ ਬੀਮਾਰੀ ਕੱਲ੍ਹ ਨੂੰ ਮੈਨੂੰ ਵੀ ਆਪਣੀ ਗ੍ਰਿਫਤ ਵਿੱਚ ਲੈ ਸਕਦੀ ਹੈ। ਸ੍ਰੀ ਧਾਲੀਵਾਲ ਨੂੰ ਇਸ ਅਹੁਦੇ ਨਾਲ ਨਿਵਾਜਣ 'ਤੇ ਉਹਨਾਂ ਨੂੰ ਵਿਸ਼ਵ ਦੇ ਕੋਨੇ ਕੋਨੇ 'ਚ ਬੈਠੇ ਉਹਨਾਂ ਦੇ ਪ੍ਰਸੰਸਕਾਂ, ਸਨੇਹੀਆਂ ਵੱਲੋਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।