Monday, 25 April 2011
ਦਸ ਸਾਲਾਂ ਬਾਦ ਵਤਨ ਪਰਤਣ 'ਤੇ ਪ੍ਰਵਾਸੀ ਭਾਰਤੀ ਨੇ ਦਿੱਤੀ ਲੋੜਵੰਦ ਪਰਿਵਾਰਾਂ ਦੀਆਂ ਬੇਟੀਆਂ ਲਈ ਵਿੱਤੀ ਸਹਾਇਤਾ।
ਬੈਲਜ਼ੀਅਮ (ਪ੍ਰਗਟ ਜੋਧਪੁਰੀ)- ਜਿਸ ਮਨੁੱਖ ਦੇ ਸੀਨੇ 'ਚ ਬੰਦਿਆਂ ਵਾਲਾ ਦਿਲ ਹੁੰਦੈ, ਓਹ ਆਪਣੀ ਮਾਤ ਭੁਮੀ ਨਾਲੋਂ ਤੋੜ ਵਿਛੋੜਾ ਕਦੇ ਨਹੀਂ ਕਰ ਸਕਦਾ। ਰੋਜ਼ੀ ਰੋਟੀ ਦੇ ਚੱਕਰ ਦੀ ਮਜ਼ਬੂਰੀ ਜਰੂਰ ਹੋ ਸਕਦੀ ਹੈ। ਇਸੇ ਮਜ਼ਬੂਰੀ ਤਹਿਤ ਹੀ ਦਸ ਸਾਲ ਦੀ 'ਮਿੱਠੀ ਜੇਲ੍ਹ' 'ਚੋਂ ਪੱਲਾ ਛੁਡਾ ਕੇ ਵਤਨ ਪਰਤੇ ਪ੍ਰਵਾਸੀ ਭਾਰਤੀ ਧਰਮਿੰਦਰ ਸਿੰਘ ਸਿੱਧੂ ਚੱਕ ਬਖਤੂ ਨੇ ਆਪਣੇ ਪਿੰਡ ਨੂੰ ਨਤਮਸਤਕ ਹੋਣ ਉਪਰੰਤ ਆਪਣੇ ਮੁੱਢਲੇ ਕਾਰਜ ਵਜੋਂ ਪਿੰਡ ਦੇ ਲੋੜਵੰਦ ਪਰਿਵਾਰਾਂ ਦੀਆਂ ਬੇਟੀਆਂ ਦੀਆਂ ਸ਼ਾਦੀਆਂ ਲਈ ਵਿੱਤੀ ਸਹਾਇਤਾ ਦਿੱਤੀ। ਤਾਰ ਸਿੰਘ, ਮਿਸਤਰੀ ਬਲਵੀਰ ਸਿੰਘ, ਮਿੱਠੂ ਰਾਮ ਬਾਜ਼ੀਗਰ, ਬਲਵੀਰ ਸਿੰਘ ਬਿੱਲੂ, ਜਲੰਧਰ ਸਿੰਘ ਆਦਿ ਨੂੰ ਰਾਸ਼ੀ ਸਪੁਰਦ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮਿੰਦਰ ਸਿੱਧੂ ਨੇ ਕਿਹਾ ਕਿ ਉਹਨਾਂ ਨੇ ਇਹ ਸਹਾਇਤਾ ਕਰਕੇ ਕਿਸੇ 'ਤੇ ਕੋਈ ਅਹਿਸਾਨ ਨਹੀਂ ਕੀਤਾ ਸਗੋਂ ਅਸੀਂ ਸਾਰਾ ਪਿੰਡ ਇੱਕ ਪਰਿਵਾਰ ਹਾਂ। ਇਸੇ ਪਰਿਵਾਰ ਦਾ ਇੱਕ ਜ਼ੁੰਮੇਵਾਰ ਜੀਅ ਹੋਣ ਦੇ ਨਾਤੇ ਮੇਰਾ ਵੀ ਫ਼ਰਜ਼ ਬਣਦਾ ਹੈ ਕਿ ਮੈਂ ਆਪਣੀਆਂ ਭੈਣਾਂ, ਭਤੀਜੀਆਂ ਦੇ ਸੁਨਹਿਰੇ ਭਵਿੱਖ ਲਈ ਨਾਲ ਖੜ੍ਹਾਂ। ਧਰਮਿੰਦਰ ਸਿੰਘ ਸਿੱਧੂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਰਪੰਚ ਗੁਰਪ੍ਰੀਤ ਸਿੰਘ ਢਿੱਲੋਂ, ਗੁਰਸੇਵਕ ਸਿੰਘ ਪੰਚ, ਸੁਖਪਾਲ ਸਿੰਘ ਪਾਲਾ, ਗਮਦੂਰ ਸਿੰਘ ਰੰਧਾਵਾ ਆਦਿ ਨੇ ਹੋਰਨਾ ਪ੍ਰਵਾਸੀ ਵੀਰਾਂ ਨੂੰ ਵੀ ਅਪੀਲ ਕੀਤੀ ਕਿ ਆਓ ਆਪੋ ਆਪਣੇ ਪਿੰਡ ਨੂੰ ਇੱਕ ਪਰਿਵਾਰ ਸਮਝਦੇ ਹੋਏ ਇੱਕ ਦੂਜੇ ਦੇ ਦੁੱਖ ਸੁੱਖ 'ਚ ਸ਼ਰੀਕ ਹੋਈਏ।