Thursday 1 November 2012

ਅਕਾਲੀ ਸਰਕਾਰ ਸਮੇ ਹੀ ਹੋਏ ਮੋਗਾ ਜਿਲ੍ਹੇ ਦੇ ਚਾਰ ਅਕਾਲੀ ਸਰਪੰਚਾ ਦੇ ਕਤਲ

-ਚਾਰ ਪ੍ਰਮੁੱਖ ਲੀਡਰਾਂ ਦੇ ਕਤਲਾਂ ਨੇ ਪਾਰਟੀ ਨੂੰ ਚਿੰਤਾ 'ਚ ਡੋਬਿਆ- ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ) - ਬੱਸੱਕ 25 ਸਾਲ ਰਾਜ ਕਰਨ ਦੇ ਦਾਅਵੇ ਤਹਿਤ ਪੰਜਾਬ ਦਾ ਅਕਾਲੀ ਭਾਜਪਾ ਗਠਜੋੜ ਆਪਣੀ ਦੂਸਰੀ ਪਾਰੀ ਖੇਡ ਰਿਹਾ ਹੈ । ਦੂਸਰੀ ਵਾਰ ਸਰਕਾਰ ਬਣਨ ਨਾਲ ਸੁਖਬੀਰ ਸਿੰਘ ਬਾਦਲ ਦਾ ਇਹ ਸੁਪਨਾ ਕਾਫੀ ਹੱਦ ਤੱਕ ਸਾਕਾਰ ਹੁੰਦਾ ਵੀ ਨਜਰ ਆ ਰਿਹਾ ਹੈ। ਪਰ ਸੂਬੇ ਦੀ ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ ਨੇ ਹਰ ਅਮਨ ਪਸੰਦ ਸਹਿਰੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਹਲਕਾ ਨਿਹਾਲ ਸਿੰਘ ਵਾਲਾ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਵਿੱਚ ਉਪਰੋਂ ਥਲੀ ਹੋਏ ਸੱਤਾਧਾਰੀ ਪਾਰਟੀ ਦੇ ਪ੍ਰਮੁੱਖ ਆਗੂਆਂ ਅਤੇ ਸਰਪੰਚਾ ਦੇ ਕਤਲਾਂ ਨੇ ਜਿਥੇ ਆਮ ਲੋਕਾਂ ਨੂੰ ਮੂੰਹ ਵਿੱਚ ਉਗਲਾਂ ਲੈ ਕੇ ਸੋਚਣ ਲਈ ਮਜਬੂਰ ਕਰ ਦਿਤਾ ਹੈ ਉਥੇ ਅਕਾਲੀ ਜਥੇਦਾਰਾ ਨੂੰ ਵੀ ਚਿੰਤਾ ਵਿੱਚ ਡਬੋ ਦਿੱਤਾ ਹੈ। ਬੇਸੱਕ ਜਿਆਦਾਤਰ ਕਤਲ ਨਿੱਜੀ ਰੰਜਸ ਕਾਰਨ ਹੋਏ ਦੱਸੇ ਜਾਦੇ ਹਨ ਪਰ ਅਕਾਲੀ ਸਰਕਾਰ ਸਮੇ ਹੀ ਹੋਏ ਇਨ੍ਹਾਂ ਕਤਲਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਹਲਕੇ ਦੇ ਪਿੰਡ ਗਾਜੀਆਣੇ ਦੇ ਸਰਪੰਚ ਇੰਦਰਜੀਤ ਹੈਪੀ ਨੂੰ ਪਿੰਡ ਲੋਪੋਂ ਦੇ ਨਜਦੀਕ ਉਸ ਸਮੇ ਕਤਲ ਕਰ ਦਿੱਤਾ ਗਿਆ ਜਦ ਉਹ ਆਪਣੀ ਗੱਡੀ Ḕਤੇ ਜਾ ਰਹੇ ਸਨ । ਉਸਤੋਂ ਕੁਝ ਦਿਨ ਬਾਅਦ ਹੀ 22 ਅਪ੍ਰੈਲ 2010 ਨੂੰ ਉਹਨਾਂ ਹੀ ਹਮਲਾਵਰਾਂ ਵੱਲੋਂ ਪਿੰਡ ਦੌਧਰ ਦੇ ਸਰਪੰਚ ਰਛਪਾਲ ਸਿੰਘ ਦੀ ਦਾਣਾ ਮੰਡੀ ਵਿੱਚ ਉਸ ਸਮੇ ਹੱਤਿਆ ਕਰ ਦਿੱਤੀ ਗਈ ਜਦ ਉਹ ਆਪਣੇ ਗੰਨਮੈਨ ਨਾਲ ਫਸਲ ਕੋਲ ਗੇੜਾ ਮਾਰ ਰਹੇ ਸਨ। ਇਹ ਦੋਨੋਂ ਹੱਤਿਆਵਾਂ ਅਕਾਲੀ ਭਾਜਪਾ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਹੋਈਆਂ । ਅਕਾਲੀ-ਭਾਜਪਾ ਸਰਕਾਰ ਦਾ ਹੁਣ ਵਾਲਾ ਕਾਰਜਕਾਲ ਵੀ ਅਕਾਲੀ ਆਗੂਆਂ ਲਈ ਚੰਗੀ ਖਬਰ ਲੈ ਕੇ ਨਹੀ ਆਇਆ ਸਰਕਾਰ ਬਣਨ ਤੋਂ ਕੁਝ ਸਮਾ ਬਾਅਦ ਹੀ ਪਿੰਡ ਖਾਈ ਦੇ ਅਕਾਲੀ ਸਰਪੰਚ ਗੁਰਮੇਲ ਸਿੰਘ ਖਾਈ ਦੀ ਪੰਜ ਹਥਿਆਰਬੰਦ ਵਿਅਕਤੀਆਂ ਨੇ 6 ਜੁਲਾਈ 2012 ਨੂੰ ਹੱਤਿਆ ਕਰ ਦਿੱਤੀ । ਗੁਰਮੇਲ ਸਿੰਘ ਖਾਈ ਜਿਲ੍ਹਾ ਪ੍ਰੀਸਦ ਦੇ ਮਂੈਬਰ ਦੇ ਨਾਲ ਨਾਲ ਪ੍ਰਧਾਨ ਟਰੱਕ ਯੂਨੀਅਨ ਨਿਹਾਲ ਸਿੰਘ ਵਾਲਾ ਅਤੇ ਸ੍ਰੋਮਣੀ ਅਕਾਲੀ ਦਲ ਦੀ ਹਲਕੇ ਦੇ ਉੱਚ ਕੋਟੀ ਦੇ ਆਗੂ ਸਨ। ਉਨ੍ਹਾ ਦੇ ਕਤਲ ਦੀ ਖਬਰ ਦੀ ਸਿਆਹੀ ਹਾਲੇ ਸੁੱਕੀ ਨਹੀ ਸੀ ਕਿ 29 ਅਕਤੂਬਰ 2012 ਨੂੰ ਪਿੰਡ ਬਿਲਾਸਪੁਰ ਦੇ ਲੰਬੇ ਸਮੇ ਤੱਕ ਸਰਪੰਚ ਰਹੇ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੀ ਉਸਦੇ ਭਤੀਜਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮਲਕੀਤ ਸਿੰਘ ਕੀਤੂ ਟਰੱਕ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਸ੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਸਮਝੇ ਜਾਦੇ ਆਗੂ ਸਨ। ਇਨ੍ਹਾਂ ਦੋਨੋ ਹੀ ਕਤਲਾਂ ਨੇ ਲੋਕਾਂ ਅੱਗੇ ਅਨੇਕਾ ਸੁਆਲ ਵੀ ਖੜੇ ਕਰ ਦਿੱਤੇ ਹਨ ਕਿ ਇਨ੍ਹਾਂ ਦੋਨੋਂ ਆਗੂਆਂ ਨੂੰ ਸਰਕਾਰੀ ਗੰਨਮੈਂਨਾਂ ਦੀ ਸੁਰੱਖਿਆ ਮਿਲੀ ਹੋਈ ਸੀ । ਪਰ ਸਰਕਾਰੀ ਗੰਨਮੈਂਨ ਕੁਝ ਵੀ ਨਹੀ ਕਰ ਸਕੇ ਅਤੇ ਹਮਲਾਵਰ ਬੜੀ ਆਸਾਨੀ ਨਾਲ ਆਪਣਾ ਕੰਮ ਕਰਕੇ ਚਲਦੇ ਬਣੇ।