Saturday 29 September 2012

ਕੈਂਸਰ ਨੇ ਲੂਹ ਲਈ ਇੱਕ ਹੋਰ ਜਿੰਦਗੀ

ਹਿੰਮਤਪੁਰੇ ਵਿੱਚ ਥੋੜ੍ਹੇ ਸਮੇਂ ਵਿੱਚ ਤੀਸਰੀ ਮੌਤ ਨਿਹਾਲ ਸਿੰਘ ਵਾਲਾ(ਮਿੰਟੂ ਖੁਰਮੀਂ)ਪੰਜਾਂ ਪਾਣੀਆਂ ਦੀ ਪਵਿੱਤਰ ਧਰਤੀ ਅੱਜ ਬਿਮਾਰੀਆਂ ਦਾ ਘਰ ਬਣ ਗਈ ਹੈ, ਖ਼ਾਸ ਕਰਕੇ ਮਾਲਵੇ ਨੂੰ ਪਤਾ ਨਹੀਂ ਕਿਸ ਦਾ ਸਰਾਪ ਲੱਗ ਗਿਆ ਹੈ। ਜਿਸ ਮਾਲਵੇ ਨੂੰ ਕਦੇ ਪੰਜਾਬ ਦਾ ਸਵਰਗ ਆਖਦੇ ਹੁੰਦੇ ਸਾਂ, ਅੱਜ ਉਹ ਮਾਲਵਾ ਕੈਂਸਰ ਵਰਗੀ ਭਿਆਨਕ ਬਿਮਾਰੀ ਨੇ ਨਰਕ ਦਾ ਦੁਆਰ ਬਣਾ ਕੇ ਰੱਖ ਦਿੱਤਾ ਹ।ੈ ਉਹ ਕਿਹੜਾ ਪਿੰਡ ਹੈ ਜਿੱਥੋਂ ਹਰ ਰੋਜ ਕੈਂਸਰ ਨਾਲ ਮੌਤ ਨਹੀਂ ਹੁੰਦੀ। ਤਕਰੀਬਨ ਹਰ ਘਰ ਦਾ ਕੋਈ ਨਾਂ ਕੋਈ ਮੈਂਬਰ ਜਾਂ ਰਿਸਤੇਦਾਰ ਇਸ ਚੰਦਰੀ ਬਿਮਾਰੀ ਦਾ ਸਿਕਾਰ ਹੋਕੇ ਮੰਜਾ ਮੱਲੀ ਬੈਠਾ ਹੈ। ਪਹਿਲਾਂ ਪਹਿਲਾਂ ਇਹ ਬਿਮਾਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਤੱਕ ਸੀਮਤ ਸੀ। ਪਰ ਹੁਣ ਇਸ ਨੇ ਆਪਣਾਂ ਖੂਨੀਂ ਪੰਜਾ ਪੰਜਾਬ ਦੇ ਹਰ ਜਿਲ੍ਹੇ ਵਿੱਚ ਫੈਲਾਉਣਾਂ ਸੁਰੂ ਕਰ ਦਿੱਤਾ ਹੈ। ਸਭ ਤੋਂ ਚਿੰਤਾਜ਼ਨਕ ਗੱਲ ਇਹ ਹੈ ਕਿ ਇਲਾਜ ਵਿੱਚ ਠੀਕ ਹੋਏ ਮਰੀਜ਼ ਦੁਵਾਰਾ ਫਿਰ ਇਸ ਨਾਮੁਰਾਦ ਬਿਮਾਰੀ ਦੀ ਜਕੜ ਵਿੱਚ ਆ ਰਹੇ ਹਨ। ਇਸੇ ਤਰ੍ਹਾਂ ਦੀ ਅਣਹੋਣੀ ਦਾ ਸਿਕਾਰ ਜਰਨੈਲ ਸਿੰਘ ਹਿੰਮਤਪੁਰਾ ਵੀ ਹੋਇਆ ਹੈ। ਜਿਸ ਦੇ ਕਿ ਮੂੰਹ ਵਿੱਚ ਕੈਂਸਰ ਸੀ ਅਤੇ ਜਿਸ ਦਾ ਇਲਾਜ ਵੀ ਜਰਨੈਲ ਸਿੰਘ ਦੇ ਬੱਚਿਆਂ ਨੇ ਆਪਣਾਂ ਸਬ ਕੁੱਝ ਵੇਚ ਵੱਟ ਕੇ ਕਰਵਾ ਦਿਤਾ ਸੀ ।ਪਰ ਫਿਰ ਤੋਂ ਉੱਠੀ ਇਸ ਭਿਆਨਕ ਬਿਮਾਰੀ ਨੇ ਜਰਨੈਲ ਸਿੰਘ ਦੀ ਜਾਨ ਲੈਕੇ ਹੀ ਖਹਿੜਾ ਛੱਡਿਆ। ਇੱਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਦੋ ਮੌਤਾਂ ਇਸ ਬਿਮਾਰੀ ਕਾਰਨ ਹੋ ਚੁਕੀਆਂ ਹਨ, ਜਿੰਨ੍ਹਾ ਵਿੱਚੋਂ ਇੱਕ ਪ੍ਰੀਤਮ ਸਿੰਘ ਕਾਲਾ ਨਾਂ ਦਾ ਨੌਜਵਾਨ ਅਤੇ ਇੱਕ ਹੋਰ ਨੌਜਵਾਨ ਮਹਿਲਾ ਵੀ ਇਸ ਬਿਮਾਰੀ ਦਾ ਸਿਕਾਰ ਹੋ ਕੇ ਆਪਣੀ ਜਿੰਦਗੀ ਗਵਾ ਚੁੱਕੇ ਹਨ। ਸਮਾਜ ਸੇਵੀ ਗੁਰਦੀਪ ਸਿੰਘ ਸਿੱਧੂ, ਕਾਮਰੇਡ ਸੁਖਦੇਵ ਭੋਲਾ, ਮਨਜਿੰਦਰ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੈਂਸਰ ਜਿਹੀ ਭਿਆਨਕ ਬਿਮਾਰੀ ਦੇ ਵੱਡੇ ਪੱਧਰ ਤੇ ਫੈਲਣ ਦੇ ਕਾਰਨਾਂ ਦੀ ਜਾਂਚ ਕਰਵਾਕੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਕੇ ਇਸ ਬਿਮਾਰੀ ਤੋਂ ਲੋਕਾਂ ਦਾ ਖਹਿੜਾ ਛੁਡਵਾਇਆ ਜਾਵੇ।