
ਕਿਹਾ-ਨਸਲੀ ਵਿਤਕਰੇ ਖਿਲਾਫ ਪਹਿਲਾ ਕੇਸ ਜਿੱਤਣ ਵਾਲੇ ਗੁਰਪਾਲ ਵਿਰਦੀ ਨੇ
ਲੰਡਨ ਮਈ (ਮਨਦੀਪ ਖੁਰਮੀ) ਇੰਗਲੈਂਡ ਵਿੱਚ ਨਸਲੀ ਵਿਤਕਰੇ ਖਿਲਾਫ ਕੇਸ ਜਿੱਤਣ ਵਾਲਾ ਪਹਿਲਾ ਅਫਸਰ ਡਿਪਟੀ ਸਰਜੈਂਟ ਗੁਰਪਾਲ ਵਿਰਦੀ (53) ਤੀਹ ਸਾਲਾਂ ਬਾਦ ਮੈਟਰੋਪੋਲਿਟਿਨ ਪੁਲਿਸ 'ਚੋਂ ਰਿਟਾਇਰ ਹੋ ਗਿਆ ਹੈ। ਵਿਰਦੀ ਦਾ ਕਹਿਣਾ ਹੈ ਕਿ ਪੁਲਿਸ ਮਹਿਕਮੇ ਵਿੱਚ ਨਸਲੀ ਵਿਤਕਰਾ ਅਜੇ ਵੀ ਬਰਕਰਾਰ ਹੈ। ਕਾਲੇ ਅਤੇ ਏਸ਼ੀਅਨ ਲੋਕਾਂ ਨੂੰ ਜਾਣਬੁੱਝ ਕੇ ਮੁਸ਼ਕਿਲਾਂ ਪੈਦਾ ਕਰਨ ਵਾਲੇ ਹੀ ਸਮਝਿਆ ਜਾਂਦਾ ਹੈ। ਪੁਲਿਸ ਦੀ ਆਜ਼ਾਦਾਨਾ ਸ਼ਿਕਾਇਤ ਕਮੇਟੀ ਵੱਲੋਂ ਛਾਣਬੀਣ ਕਰਨ Ḕਤੇ 11 ਨਸਲੀ ਵਿਤਕਰੇ ਦੇ ਕੇਸ ਸਾਹਮਣੇ ਆਏ ਸਨ ਜਿਸ ਵਿੱਚ 19 ਅਫ਼ਸਰ ਅਤੇ ਇੱਕ ਸਟਾਫ ਦਾ ਮੈਂਬਰ ਵੀ ਸ਼ਾਮਿਲ ਪਾਇਆ ਗਿਆ ਸੀ। ਇਹਨਾਂ ਤੱਥਾਂ ਦੇ ਉਜ਼ਾਗਰ ਹੋਣ ਉਪਰੰਤ ਮੈਟਰੋਪੋਲਿਟਿਨ ਕਮਿਸ਼ਨਰ ਬਰਨਾਰਡ ਹੋਗਨ ਹੋਵ ਨੇ ਵਾਅਦਾ ਕੀਤਾ ਕਿ ਮਹਿਕਮੇ ਵਿੱਚੋਂ ਨਸਲੀ ਵਿਤਕਰਾ ਖਤਮ ਕਰਨ ਲਈ ਜ਼ੋਰਦਾਰ ਉਪਰਾਲੇ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਸੰਨ 2000 ਵਿੱਚ ਵਿਰਦੀ ਨੂੰ ਇੱਕ ਝੂਠੇ ਦੋਸ਼ ਅਧੀਨ ਨਸ਼ਲੀ ਵਿਤਕਰਾ ਕਰਨ ਦੇ ਦੋਸ਼ ਲਾ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਪਰ ਬਾਦ ਵਿੱਚ ਕੇਸ ਜਿੱਤਣ ਉਪਰੰਤ ਉਸਦੀਆਂ ਸੇਵਾਵਾਂ ਬਹਾਲ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਉਕਤ ਕੇਸ ਘੱਟ ਗਿਣਤੀ ਲੋਕਾਂ ਖਿਲਾਫ ਨਸਲੀ ਵਿਤਕਰੇ ਦਾ ਆਪਣੇ ਆਪ ਵਿੱਚ ਇੱਕ ਮੀਲ ਪੱਥਰ ਸੀ। ਪਰ ਵਿਰਦੀ ਨੇ ਕਿਹਾ ਕਿ ਵਿਤਕਰਾ ਸਹਿਣ ਵਾਲੇ ਦੀ ਬਜਾਏ ਵਿਤਕਰਾ ਕਰਨ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪਰ ਇਸ ਕੇਸ ਤੋਂ ਬਾਦ ਵੀ ਕਿਸੇ ਨੇ ਸਬਕ ਨਹੀਂ ਸਿੱਖਿਆ। ਉਸਨੇ ਦੋਸ਼ ਲਾਇਆ ਕਿ ਕਾਲੇ ਅਤੇ ਏਸੀਅਨ ਲੋਕਾਂ ਨੂੰ ਨੌਕਰੀ Ḕਤੇ ਤਰੱਕੀ ਮਿਲਣ ਸਮੇਂ ਵੀ ਨਸਲੀ ਆਧਾਰ Ḕਤੇ ਅੱਖੋਂ ਪ੍ਰੋਖੇ ਕੀਤਾ ਜਾਂਦਾ ਹੈ। ਲੰਡਨ ਵਿੱਚ ਘੱਟ ਗਿਣਤੀ ਲੋਕਾਂ ਦੀ ਕੁੱਲ 40 ਫੀਸਦੀ ਆਬਾਦੀ ਵਿੱਚੋਂ ਸਿਰਫ 9 ਫੀਸਦੀ ਹੀ ਘੱਟ ਗਿਣਤੀ ਅਫਸਰ ਹਨ। ਨਸਲੀ ਵਿਤਕਰੇ ਦੀ ਰੁਕਾਵਟ ਕਾਰਨ ਵੀ ਇੰਨੀ ਘੱਟ ਗਿਣਤੀ ਦਾ ਹੋਣਾ ਮੰਨਿਆ ਜਾ ਸਕਦਾ ਹੈ।