-ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਕਾ. ਮਹਿੰਦਰ ਸਿੰਘ ਧੂੜਕੋਟ ਦੇ ਹੱਕ 'ਚ ਕੀਤਾ ਵਿਸ਼ਾਲ ਰੈਲੀ ਨੂੰ ਸੰਬੋਧਨ।ਨਿਹਾਲ ਸਿੰਘ ਵਾਲਾ, 24 ਜਨਵਰੀ (ਮਿੰਟੂ ਖੁਰਮੀ) "ਸਾਂਝੇ ਮੋਰਚੇ ਨੇ ਉਹ ਉਮੀਦਵਾਰ ਹੀ ਲੋਕਾਂ ਦੇ ਰੂਬਰੂ ਕੀਤੇ ਹਨ ਜਿਹੜੇ ਲੋਕਾਂ ਦੇ ਆਪਣੇ ਹਨ। ਜਦੋਂਕਿ ਪੰਜਾਬ ਦੀਆਂ ਦੋਵੇਂ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੇ ਉਹੀ ਉਮੀਦਵਾਰ ਟਿਕਟਾਂ ਨਾਲ ਨਿਵਾਜੇ ਹਨ ਜਿਹਨਾਂ ਦੇ ਬੈਂਕ ਖਾਤੇ ਭਾਰੀ ਹਨ। ਸਾਂਝੇ ਮੋਰਚੇ ਨੂੰ ਮਾਣ ਹੈ ਕਿ ਉਸਨੇ ਮਹਿੰਦਰ ਸਿੰਘ ਧੂੜਕੋਟ ਵਰਗੇ ਉਮੀਦਵਾਰਾਂ ਨੂੰ ਲੋਕ ਕਚਿਹਰੀ 'ਚ ਪੇਸ਼ ਕੀਤਾ ਹੈ

ਜਿਹਨਾਂ ਨੇ ਨਿੱਜ਼ੀ ਜੀਵਨ ਨਾਲੋਂ ਹਮੇਸ਼ਾ ਹੀ ਲੋਕਾਂ ਨੂੰ ਪਹਿਲ ਦਿੱਤੀ ਹੈ।" ਉਕਤ ਵਿਚਾਰਾਂ ਦਾ ਪ੍ਰਗਟਾਵਾ ਮਨਪ੍ਰੀਤ ਸਿੰਘ ਬਾਦਲ ਨੇ ਨਿਹਾਲ ਸਿੰਘ ਵਾਲਾ ਵਿਖੇ ਸਾਂਝੇ ਮੋਰਚੇ ਦੇ ਉਮੀਦਵਾਰ ਕਾ: ਮਹਿੰਦਰ ਸਿੰਘ ਧੂੜਕੋਟ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਉਜਾੜੇ ਦੇ ਰਾਹ ਪਾ ਕੇ ਦੋਵੇਂ ਪਾਰਟੀਆਂ ਆਪੋ ਆਪਣੇ ਘਰ ਭਰਨ ਦੇ ਰਾਹ ਤੁਰੀਆਂ ਹੋਈਆਂ ਹਨ। ਪੰਜਾਬ ਦੇ ਭਲੇ ਦੀ ਉਮੀਦ ਲਈ ਇਹਨਾਂ ਵਿੱਚੋਂ ਕੋਈ ਵੀ ਸੁਹਿਰਦ ਨਹੀਂ ਹੈ। ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਓਏ ਅਣਖੀ ਪੰਜਾਬੀਓ! ਆਪਣੇ ਅਣਖੀ ਹੋਣ ਦਾ ਸਬੂਤ ਸਾਂਝੇ ਮੋਰਚੇ ਦੇ ਉਮੀਦਵਾਰਾਂ ਨੂੰ ਜਿਤਾ ਕੇ ਦਿਉ। ਮੇਰੀ ਇੱਛਾ ਹੈ ਕਿ ਮਰਨ ਤੋਂ ਪਹਿਲਾਂ ਇਹ ਦੋ ਅੱਖਾਂ ਪੰਜਾਬ ਨੂੰ ਅਸਲ ਵਿਕਾਸ ਦੀ ਪਗਡੰਡੀ 'ਤੇ ਪਿਆ ਦੇਖਣ। ਰੈਲੀ ਦੌਰਾਨ ਇਲਾਕੇ ਭਰ Ḕਚੋਂ ਹਜ਼ਾਰਾਂ ਦੀ ਤਾਦਾਦ ਵਿੱਚ ਸੀ.ਪੀ.ਆਈ., ਸੀ.ਪੀ.ਆਈ.ਐੱਮ. ਅਤੇ ਅਕਾਲੀ ਦਲ ਲੌਂਗੋਵਾਲ ਦੇ ਵਰਕਰਾਂ ਨੇ ਸਿਰਕਤ ਕੀਤੀ। ਇਸ ਸਮੇਂ ਬੋਲਦਿਆਂ ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ, ਸੀ.ਪੀ,ਆਈ. ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਪਰਵਾਸੀ ਭਾਰਤੀ ਲੇਖਕ ਇਕਬਾਲ ਗਿੱਲ ਰਾਮੂਵਾਲੀਆ, ਸੁਖਦੇਵ ਭੋਲਾ, ਕੁਲਦੀਪ ਭੋਲਾ, ਪੀਪੀਪੀ ਆਗੂ ਜਸਵਿੰਦਰ ਕੁੱਸਾ, ਬਲਜਿੰਦਰਪਾਲ ਸਿੰਘ ਬੱਧਨੀ ਕਲਾਂ, ਮਲਕੀਤ ਸਿੰਘ ਖਾਈ, ਹਰਭੁਪਿੰਦਰ ਲਾਡੀ ਬੁੱਟਰ, ਸੁਖਦੇਵ ਸਿੰਘ ਸੋਢੀ, ਨੌਜ਼ਵਾਨ ਆਗੂ ਬਲਕਰਨ ਮੋਗਾ, ਬਲਜੀਤ ਸਿੰਘ ਦਾਤਾ, ਕਾ. ਸ਼ੇਰ ਸਿੰਘ ਦੌਲਤਪੁਰਾ ਆਦਿ ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਬੇਵਕੂਫ ਬਨਾਉਣ ਲਈ ਅਕਾਲੀ ਤੇ ਕਾਗਰਸੀ ਲੀਡਰਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ। ਲੋਕਾਂ ਦੇ ਪੁੱਤਾਂ ਧੀਆਂ ਦੀ ਕੰਮ ਮੰਗਦਿਆਂ ਤੋਂ ਦੁਰਗਤੀ ਕੀਤੀ ਜਾਂਦੀ ਹੈ ਪਰ ਹੁਣ ਵੋਟਾਂ ਵਟੋਰਨ ਲਈ ਲੋਕਾਂ ਨੂੰ 1 ਰੁਪਏ ਕਿਲੋ ਆਟਾ ਤੇ ਲੈਪਟਾਪ ਵੰਡਣ ਦੇ ਢਕੌਂਜ ਰਚੇ ਜਾ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਦੇ ਪੁੱਤਾਂ ਧੀਆਂ ਨੂੰ ਰੁਜ਼ਗਾਰ ਚਾਹੀਦਾ ਹੈ, ਜਿਸ ਦੇ ਮਿਲਣ ਤੋਂ ਬਾਦ ਉਹ ਆਪਣੇ ਪਰਿਵਾਰ ਲਈ ਆਟਾ ਵੀ ਖਰੀਦ ਸਕਦੇ ਹਨ ਤੇ ਲੈਪਟਾਪ ਵੀ। ਉਹਨਾਂ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜੇ ਉਹ ਬਾਦ ਵਿੱਚ ਹਰ ਵਾਰ ਦੀ ਤਰ੍ਹਾਂ ਹੀ ਪਛਤਾਵਾ ਨਹੀਂ ਕਰਨਾ ਚਾਹੁੰਦੇ ਤਾਂ ਸਾਂਝੇ ਮੋਰਚੇ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਅਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਹਿੱਕ ਤਾਣ ਕੇ ਸਾਂਝੇ ਮੋਰਚੇ ਦੇ ਹੱਕ ਵਿੱਚ ਭੁਗਤਣ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪੰਜਾਬ ਰੋਡਵੇਜ ਕਾਮਿਆਂ ਦੇ ਅਣਥੱਕ ਆਗੂ ਗੁਰਦੀਪ ਸਿੰਘ ਮੋਤੀ, ਸਾਬਕਾ ਵਿਧਾਇਕ ਮਰਹੂਮ ਗੁਰਬਖਸ਼ ਸਿੰਘ ਧੂੜਕੋਟ ਦੇ ਪੁੱਤਰ ਸੁਖਦੇਵ ਸਿੰਘ ਧੂੜਕੋਟ, ਕਿਸਾਨ ਸਭਾ ਆਗੂ ਗਿਆਨੀ ਗੁਰਦੇਵ ਸਿੰਘ, ਸੀ.ਪੀ.ਆਈ. ਬਲਾਕ ਸਕੱਤਰ ਜਗਜੀਤ ਸਿੰਘ, ਮੰਗਤ ਰਾਏ, ਚਿਰੰਜੀ ਲਾਲ, ਨੌਰੰਗ ਸਿੰਘ ਸੈਦੋਕੇ, ਨਿਰਮਲ ਸਿੰਘ ਭਾਗੀਕੇ, ਸੁਖਦੇਵ ਸਿੰਘ ਭਾਗੀਕੇ, ਸਿਕੰਦਰ ਸਿੰਘ ਮਧੇਕੇ, ਕਾ. ਨਛੱਤਰ ਸਿੰਘ ਹਿੰਮਤਪੁਰਾ, ਕਾ. ਨਿਰਮਲ ਸਿੰਘ ਹਿੰਮਤਪੁਰਾ, ਇਕਬਾਲ ਜੈਦ, ਕੁਲਵਿੰਦਰ ਮਾਨ, ਹਰਭਜਨ ਭੱਟੀ ਆਦਿ ਸਮੇਤ ਭਾਰੀ ਗਿਣਤੀ ਵਿੱਚ ਆਗੂ ਸਾਹਿਬਾਨਾਂ ਨੇ ਸੰਬੋਧਨ ਕੀਤਾ।