Wednesday, 18 January 2012

ਹਿੰਮਤਪੁਰਾ 'ਚ ਚੋਣ ਜਲਸੇ ਤੋਂ ਬਾਦ ਨਰੇਗਾ ਮਜ਼ਦੂਰਾਂ ਨੇ ਘਰ ਘਰ ਜਾ ਕੇ ਸਾਂਝੇ ਮੋਰਚੇ ਦੇ ਉਮੀਦਵਾਰ ਲਈ ਵੋਟਾਂ ਮੰਗੀਆਂ।

ਨਿਹਾਲ ਸਿੰਘ ਵਾਲਾ {ਮਿੰਟੂ ਖੁਰਮੀ} ਸਾਂਝੇ ਮੋਰਚੇ ਵੱਲੋਂ ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰ ਕਾਮਰੇਡ ਮਹਿੰਦਰ ਸਿੰਘ ਧੂੜਕੋਟ ਨੂੰ ਵੱਖ ਵੱਖ ਪਿੰਡਾਂ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨਰੇਗਾ ਮਜ਼ਦੂਰਾਂ ਅਤੇ ਆਮ ਲੋਕਾਂ ਦੇ ਦੁੱਖਾਂ ਦਰਦਾਂ ਵਿੱਚ ਹਾਮੀ ਬਣਦੇ ਰਹੇ ਕਾਮਰੇਡ ਮਹਿੰਦਰ ਸਿੰਘ ਧੂੜਕੋਟ ਵੱਲੋਂ ਪਿੰਡ ਹਿੰਮਤਪੁਰਾ ਵੀ ਚੋਣ ਜਲਸਾ ਕੀਤਾ ਗਿਆ ਜਿਸ ਵਿੱਚ ਭਰਵੀਂ ਗਿਣਤੀ ਵਿੱਚ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦੋਵਾਂ ਪਾਰਟੀਆਂ ਵੱਲੋਂ ਹਮੇਸ਼ਾ ਹੀ ਲੋਕਾਂ ਨੂੰ ਲੁਭਾਉਣ ਲਈ ਵਾਅਦੇ ਕੀਤੇ ਜਾਂਦੇ ਹਨ ਪਰ ਅਸਲ ਮਕਸਦ ਆਪਣੇ ਨਿੱਜੀ ਮੁਫਾਦਾਂ ਦੀ ਪੂਰਤੀ ਹੀ ਹੁੰਦਾ ਹੈ। ਨਰੇਗਾ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਮਹਿੰਦਰ ਸਿੰਘ ਧੂੜਕੋਟ ਸਿਰ ਪੁਲਿਸ ਪਰਚੇ ਵੀ ਹੋਏ ਪਰ ਮਹਿੰਦਰ ਸਿੰਘ ਹਮੇਸ਼ਾ ਆਪਣੇ ਹਲਕੇ ਦੇ ਕੰਮੀ ਕਿਰਤੀ ਲੋਕਾਂ ਦੇ ਨਾਲ ਖੜ੍ਹਦਾ ਰਿਹਾ ਹੈ। ਜਦੋਂਕਿ ਦੂਜੀਆਂ ਪਾਰਟੀਆਂ ਵੱਲੋਂ ਕੇਂਦਰ ਅਤੇ ਸੂਬੇ 'ਚ ਆਪੋ ਆਪਣੀਆਂ ਸਰਕਾਰਾਂ ਹੋਣਦੇ ਬਾਵਜੂਦ ਵੀ ਕੰਮ ਕਰਨ ਦੇ ਚਾਹਵਾਨ ਲੋਕਾਂ ਨੂੰ ਨਰੇਗਾ ਤੋਂ ਦੂਰ ਰਖਣ ਅਤੇ ਗਲਤ ਪ੍ਰਚਾਰ ਕਰਨ ਦੇ ਸਿਵਾਏ ਹੋਰ ਕੁਝ ਨਹੀਂ ਕੀਤਾ। ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਕਿਹਾ ਆਮ ਲੋਕਾਂ ਕੋਲੋਂ ਸਿਹਤ ਵਿੱਦਿਆ ਤੇ ਰੁਜ਼ਗਾਰ ਦਾ ਹੱਕ ਖੋਹਿਆ ਜਾ ਰਿਹਾ ਹੈ। ਹੱਕ ਮੰਗਦੇ ਲੋਕਾਂ ਦੇ ਬੇਰੁਜ਼ਗਾਰ ਮੁੰਡੇ ਕੁੜੀਆਂ ਨੂੰ ਜਲੀਲ ਕਰਨ ਤੋਂ ਸਿਵਾਏ ਹੋਰ ਕੁਝ ਵੀ ਪੱਲੇ ਨਹੀਂ ਪਾਇਆ ਜਾ ਰਿਹਾ। ਉਹਨਾਂ ਕਿਹਾ ਕਿ ਹਿੰਮਤਪੁਰਾ ਵਿਖੇ ਕਾਂਗਰਸ ਦੇ ਮਰਹੂਮ ਮੁੱਖ ਮੰਤਰੀ ਸ੍ਰ: ਬੇਅੰਤ ਸਿੰਘ ਵੱਲੋਂ ਪੱਚੀ ਬਿਸਤਰਿਆਂ ਦਾ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਸੀ ਪਰ ਕਿੰਨੀਆਂ ਸਰਕਾਰਾਂ ਬਦਲ ਜਾਣ ਦੇ ਬਾਦ ਵੀ ਹਿੰਮਤਪੁਰੇ ਵੱਲ ਕਿਸੇ ਦੀ ਸਵੱਲੀ ਨਜ਼ਰ ਨਹੀਂ ਪਈ। ਅੱਜ ਉਸ ਨੀਂਹ ਪੱਥਰ ਦਾ ਇੱਕ ਰੋੜਾ ਵੀ ਬਾਕੀ ਨਹੀਂ ਬਚਿਆ। ਪੀ ਪੀ ਪੀ ਦੇ ਨੌਜ਼ਵਾਨ ਆਗੂ ਜਸਵਿੰਦਰ ਸਿੰਘ ਕੁੱਸਾ ਨੇ ਕਿਹਾ ਕਿ ਸਰਕਾਰਾਂ ਦੀਆਂ ਨਲਾਇਕੀਆਂ ਦਾ ਨਤੀਜ਼ਾ ਹੈ ਕਿ ਨੌਜ਼ਵਾਨ ਕੰਮ ਨਾ ਮਿਲਣ ਤੋਂ ਨਿਰਾਸ਼ ਹੋ ਕੇ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਹਨ ਪਰ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਅਤੇ ਮੌਜੂਦਾ ਅਕਾਲੀ ਉਪ ਮੁੱਖ ਮੰਤਰੀ ਪੰਜਾਬ ਨੂੰ ਕਦੇ ਪੈਰਿਸ ਕਦੇ ਕੈਲੀਫੋਰਨੀਆ ਬਣਾਉਣ ਦੀਆਂ ਗੱਪਾਂ ਮਾਰਦੇ ਨਹੀਂ ਥੱਕਦੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਦਾਨ ਅਕਲ ਨਾਲ ਕਰਨ ਤਾਂ ਕਿ ਵੋਟਿੰਗ ਮਸ਼ੀਨ ਦਾ ਬਟਨ ਦਬਾਉਣ ਲਈ ਲਗਾਇਆ ਇੱਕ ਪਲ ਅਗਲੇ ਪੰਜ ਸਾਲ ਲਈ ਫੇਰ ਪਛਤਾਵਾ ਨਾ ਬਣ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀ.ਪੀ. ਆਈ ਦੇ ਜਿਲ੍ਹਾ ਆਗੂ ਸੁਖਦੇਵ ਭੋਲਾ, , ਸੀ ਪੀ ਆਈ ਬਲਾਕ ਸਕੱਤਰ ਜਗਜੀਤ ਸਿੰਘ, ਪੀ ਪੀ ਪੀ ਦੇ ਆਗੂ ਸੁਖਦੇਵ ਸਿੰਘ ਸੋਢੀ, ਮਲਕੀਤ ਸਿੰਘ ਖਾਈ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਉਮੀਦਵਾਰ ਮਹਿੰਦਰ ਸਿੰਘ ਧੂੜਕੋਟ ਨੇ ਕਿਹਾ ਕਿ ਉਹ ਲੋਕ ਕਚਿਹਰੀ ਵਿੱਚ ਵਾਅਦਾ ਕਰਦੇ ਹਨ ਕਿ ਹਰ ਸਾਹ ਆਪਣੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹੀ ਸਮਰਪਿਤ ਕਰਾਂਗਾ। ਚੋਣ ਜਲਸੇ ਤੋਂ ਬਾਦ ਮਹਿੰਦਰ ਸਿੰਘ ਧੂੜਕੋਟ ਦੇ ਨਾਲ ਪਿੰਡ ਦੀਆਂ ਨਰੇਗਾ ਮਜ਼ਦੂਰ ਔਰਤਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਵੋਟਾਂ ਪਾਉਣ ਲਈ ਬੇਨਤੀ ਕੀਤੀ। ਇਸ ਸਮੇਂ ਨਰੇਗਾ ਮਜ਼ਦੂਰਾਂ ਨੇ ਪ੍ਰੈੱਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਜਿਵੇਂ ਮਹਿੰਦਰ ਸਿੰਘ ਨੇ ਸਾਡੀ ਰੋਜ਼ੀ ਰੋਟੀ ਲਈ ਕਦੇ ਧੁੱਪ ਛਾਂ ਦੀ ਪ੍ਰਵਾਹ ਨਹੀਂ ਕੀਤੀ ਉਵੇਂ ਅਸੀਂ ਵੀ ਮਹਿੰਦਰ ਸਿੰਘ ਵੱਲੋਂ ਦਿੱਤੇ ਸਾਥ ਦਾ ਮੁੱਲ ਮੋੜਨ ਲਈ ਮਹਿੰਦਰ ਸਿੰਘ ਨੂੰ ਜਿਤਾਉਣ ਲਈ ਆਪਣੇ ਤੌਰ 'ਤੇ ਬਣਦੀ ਵਾਹ ਲਾਵਾਂਗੇ। ਇਸ ਸਮੇਂ ਸੀ ਪੀ ਆਈ ਵੱਲੋਂ ਸਾਬਕਾ ਸਰਪੰਚ ਨਛੱਤਰ ਸਿੰਘ ਬਰਿਆਰ, ਕਾਮਰੇਡ ਨਿਰਮਲ ਸਿੰਘ, ਗੁਰਦਿਆਲ ਸਿੰਘ ਈਨਾ, ਪਿਆਰ ਸਿੰਘ,ਨਿਰਮਲ ਸਿੰਘ ਭਾਗੀਕੇ, ਕੁਲਵੰਤ ਸਿੰਘ ਭਾਗੀਕੇ, ਹਰਭਜਨ ਭੱਟੀ, ਗੁਰਚਰਨ ਭੱਟੀ, ਸਾਬਕਾ ਪੰਚ ਦਰਸਨ ਸਿੰਘ, ਗੁੱਗੂ ਸ਼ਰਮਾ, ਵਰਿੰਦਰ ਖੁਰਮੀ, ਭਿੰਦੀ ਖੋਟੇ, ਨਰੇਗਾ ਮਜ਼ਦੂਰ ਆਗੂ ਸੰਦੀਪ ਕੌਰ ਹਿੰਮਤਪੁਰਾ, ਹਰਪਾਲ ਕੌਰ, ਪੀ ਪੀ ਪੀ ਆਗੂ ਇਕਬਾਲ ਜੈਦ, ਕੁਲਵਿੰਦਰ ਮਾਨ, ਰਫੀਕ ਮੁਹੰਮਦ, ਚਰਨ ਮਾਨ, ਕਰਨੈਲ ਸਿੰਘ ਮਾਨ ਆਦਿ ਸਮੇਤ ਸੈਂਕੜੇ ਵਰਕਰਾਂ ਵੱਲੋਂ ਮਹਿੰਦਰ ਸਿੰਘ ਧੂੜਕੋਟ ਦੇ ਨਾਲ ਚੋਣ ਪ੍ਰਚਾਰ ਵਿੱਚ ਹਿੱਸਾ ਲਿਆ।