ਬੈੱਡਫੋਰਡ (ਯੂ ਕੇ) ਬਲਬੀਰ ਦੱਤ ਯਾਦਗਾਰੀ ਕਮੇਟੀ ਵੱਲੋਂ ਰਵੀਦਾਸ ਕਮਿਊਨਿਟੀ ਸੈਂਟਰ ਬੈੱਡਫੋਰਡ ਵਿਖੇ 11 ਸਤੰਬਰ ਨੂੰ ਸਾਥੀ ਦੱਤ ਦੀ ਜ਼ਿੰਦਗੀ ਦਾ ਜਸ਼ਨ ਮਨਾ ਕੇ ਉਸ ਨੂੰ ਯਾਦ ਕੀਤਾ ਗਿਆ ਜਿਸ ਵਿੱਚ ਵਲੈਤ ਭਰ ਦੇ ਸੰਗੀਆਂ ਸਾਥੀਆਂ ਨੇ ਹਿੱਸਾ ਲਿਆ। ਸਾਥੀ ਦੱਤ ਅਚਾਨਕ ਪਿਛਲੇ ਸਾਲ ਸਾਥੋਂ ਵਿਛੜ ਗਏ ਸੀ।
ਬਲਬੀਰ ਦੱਤ ਯਾਦਗਾਰੀ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਸ੍ਰੀ ਕੁਲਦੀਪ ਸਿੰਘ ਰੂਪਰਾ ਤੇ ਸ੍ਰੀ ਸਤ ਪੌਲ ਨੇ ਕੀਤੀ ਤੇ ਮੰਚ ਸੰਚਾਲਨ ਦੀ ਜਿੰਮੇਵਾਰੀ ਸੁਖਦੇਵ ਸਿੱਧੂ ਨੇ ਨਿਭਾਈ। ਸਾਥੀ ਦੱਤ ਦੀ ਅਣਥੱਕ, ਨਿਰਪੱਖ, ਅਡੋਲ ਤੇ ਸਿਰੜੀ ਕਮਿਊਨਿਟੀ ਵਰਕਰ ਵਜੋਂ ਲਗਨ ਨੂੰ ਵੱਖ ਵੱਖ ਬੁਲਾਰਿਆਂ ਨੇ ਸ਼ਰਧਾਂਜਲੀ ਦੇ ਰੂਪ ਵਿਚ ਦੁਹਰਾਇਆ। ਸਾਥੀ ਦੱਤ ਏਨੇ ਹਰਮਨ ਪਿਆਰੇ ਸਨ ਕਿ ਹਰ ਕੋਈ ਉਨ੍ਹਾਂ ਨੂੰ ਆਪਣੇ ਹੀ ਸੱਭ ਤੋਂ ਵੱਧ ਨੇੜੇ ਸਮਝਦਾ ਹੈ।
ਸ੍ਰੀ ਰੂਪਰਾ ਹੋਰਾਂ ਮੀਟਿੰਗ ਨੂੰ ਸ਼ੁਰੂ ਕਰਦਿਆ ਬਲਬੀਰ ਦੱਤ ਨਾਲ ਮੁੱਢਲੇ ਦਿਨਾਂ ਦਾ ਜਿਕਰ ਕੀਤਾ ਕਿ ਉਜੱਲ ਦੁਸਾਝ ਹੋਰਾਂ ਨਾਲ ਰਲਕੇ ਬੈੱਡਫੋਰਡ ਚ ਯੰਗ ਇੰਡੀਅਨ ਸਭਾ ਬਣਾਈ ਸੀ। ਇਹੀ ਯੰਗ ਇੰਡੀਅਨ ਸਭਾ ਅੱਗੋਂ ਜਾ ਕੇ ਭਾਰਤੀ ਮਜ਼ਦੂਰ ਸਭਾ ਦੀ ਬਹੁਤ ਤਕੜੀ ਬਰਾਂਚ ਬਣੀ ਸੀ। ਉੱਜਲ ਦੁਸਾਝ ਕਨੇਡੇ ਜਾ ਕੇ ਉੱਚ ਪਦਵੀਆਂ ਤੇ ਰਹੇ ਤੇ ਬਲਬੀਰ ਦੱਤ ਭਾਰਤੀ ਮਜ਼ਦੂਰ ਸਭਾ (ਗ ਬ) ਦਾ ਅਸਿਸਟੈਂਟ ਜਨਰਲ ਸੈਕਟਰੀ ਬਣਿਆ। ਕਸ਼ਮੀਰ ਸਿੰਘ ਬਸਰਾ ਵਲੋਂ ਸ੍ਰੀ ਮਤੀ ਪੁਸ਼ਪਾ ਦੱਤ ਤੇ ਬਲਬੀਰ ਦੱਤ ਦੇ ਪਿਤਾ ਸ਼੍ਰੀ ਬੱਗੂ ਨੂੰ ਮਾਣ ਵਜੋਂ ਗੁਲਦਸਤੇ ਪੇਸ਼ ਕੀਤੇ ਗਏ।
ਬੈੱਡਫੋਰਡ ਦੇ ਰਹਿ ਚੁੱਕੇ ਲੇਬਰ ਐਮ ਪੀ, ਪੈਟਰਿਕ ਹਾਲ ਨੇ ਸਾਥੀ ਨੂੰ ਯਾਦ ਕਰਦਿਆਂ ਸ਼ਰੇਆਮ ਕਿਹਾ ਕਿ ਜੇ ਬਲਬੀਰ ਦੱਤ ਚਾਹੁੰਦਾ ਤਾਂ ਕਿਸੇ ਵੇਲੇ ਵੀ ਕੌਂਸਲਰ ਬਣ ਸਕਦਾ ਸੀ, ਐਮ ਪੀ ਵੀ ਬਣ ਸਕਦਾ ਸੀ ਪਰ ਓਹਨੇ ਆਪਣਾ ਜੀਵਨ ਆਮ ਲੋਕਾਂ ਦੀ ਭਲਾਈ ਤੇ ਉਸਾਰੀ ਲਈ ਹੀ ਲਾਇਆ। ਓਹ ਆਪਣੇ ਨਰਮ ਤੇ ਠੰਡੇ ਸੁਭਾਅ ਦੇ ਬਾਵਜੂਦ ਆਪਣੇ ਉਦੇਸ਼ਾਂ ਨਾਲ ਸਮਝੌਤਾ ਨਹੀਂ ਸੀ ਕਰਦਾ ਤੇ ਓਹਦੀ ਹਾਜ਼ਰੀ ਹੀ ਪ੍ਰਬੰਧਕਾਂ ਨੂੰ ਚੌਕਸ ਕਰ ਦਿੰਦੀ ਸੀ।
ਬੈੱਡਫੋਰਡ ਵਾਸੀਆਂ ਤੋ ਬਿਨਾਂ ਵੂਲਿਚ, ਈਸਟ ਲੰਡਨ, ਇਲਫੋਰਡ, ਸਾਊਥਾਲ, ਵੈਲਿੰਗਬਰੋ, ਰਸ਼ਡੰਨ, ਲੂਟਨ, ਮਿਲਟਨ ਕੀਨਜ਼, ਔਕਸਫੋਰਡ, ਬ੍ਰਮਿੰਗਮ, ਕਵੈਂਟਰੀ, ਨੱਨੀਟਨ, ਲੈਸਟਰ, ਡਰਬੀ, ਬ੍ਰਮਿੰਘਮ ਆਦਿ ਸ਼ਹਿਰਾਂ ਤੋ ਸੰਗੀਆਂ ਸਾਥੀਆਂ ਨੇ ਸਾਥੀ ਦੱਤ ਨਾਲ ਯਾਦਾਂ ਨੂੰ ਤਾਜਾ ਕੀਤਾ।ਂ
ਪੈਟਰਿਕ ਹਾਲ, ਕੌਸਲਰ ਯਾਸੀਨ ਮੁਹੰਮਦ, ਕੌਸਲਰ ਅੱਪੂ ਬਗਚੀ, ਕੌਸਲਰ ਰੈਂਡਲਫ ਚਾਰਲਜ਼, ਸਟੈਫਨੀ ਰੈਂਡਲਫ, ਮਲਕੀਤ ਸਿੰਘ ਖਿੰਡਾ, ਸਤਪਾਲ, ਪਿਆਰਾ ਭੱਟੀ, ਵੀਨਾ ਮਸੀਹ, ਡਾਕਟਰ ਸ੍ਰੀ ਨਿਵਾਸਨ, ਅਰੁਨ ਕੁਮਾਰ, ਕੁਲਦੀਪ ਰੂਪਰਾ, ਲੇਖ ਪਾਲ, ਬਲਬੀਰ ਰੱਤੂ, ਸੂਰਤ ਦੁਸਾਝ, ਸਾਥੀ ਹਰਦੇਵ ਢਿੱਲੋਂ,
ਬਲਬੀਰ ਦੱਤ ਨੇ ਪਹਿਲਾਂ ਬੈੱਡਫ਼ਰਡ ਚ ਨੌਜਵਾਨ ਮੁੰਡਿਆਂ ਦੀ ਜਥੇਬੰਦੀ ਯੰਗ ਇੰਡੀਅਨ ਬਣਾਈ। ਬਹੁਤੇ ਮੁੰਡੇ ਸਿਆਸੀ ਸੂਝ ਰੱਖਦੇ ਸੀ। ਇਨ੍ਹਾਂ ਨੇ ਟੂਰਨਾਮੈਂਟ-ਮੇਲੇ ਕਰਵਾਏ। ਫਿਰ ਬੈੱਡਫੋਰਡ ਭਾਰਤੀ ਮਜ਼ਦੂਰ ਸਭਾ ਦੀ ਚੋਟੀ ਦੀ ਬਰਾਂਚ ਬਣਾਈ। ਦਲਿੱਤਾਂ ਦੀ ਭਲਾਈ ਲਈ ਬਣਾਏ, ਦਲਿੱਤ ਮੁਕਤੀ ਅਲਾਇੰਸ ਦਾ ਲੀਡਰ ਵੀ ਰਿਹਾ। ਬੇਰੁਜ਼ਗ਼ਾਰਾਂ ਲਈ ਸੈਂਟਰ ਖੋਲ੍ਹਿਆ। ਏਸ਼ੀਅਨ ਬਜ਼ੁਰਗ਼ਾਂ ਲਈ ਸੈਂਟਰ ਖੁੱਲਵਾਇਆ। ਟਰੇਡ ਯੂਨੀਅਨ ਕੌਂਸਿਲ ਦਾ ਮੈਂਬਰ ਵੀ ਰਿਹਾ। ਨਸਲਵਾਦ ਦੇ ਖਿਲਾਫ਼ ਕਈ ਸੰਘਰਸ਼ ਕੀਤੇ।
ਬਲਬੀਰ ਦੇ ਬੈੱਡਫ਼ਰਡ ਚ ਕੀਤੇ ਕੰਮਾਂ ਦਾ ਲੇਖਾ ਵਸੀਹ ਹੈ। ਭਾਈਚਾਰੇ ਲਈ ਚਾਲੀ ਸਾਲ ਤੋਂ ਵਧੇਰੇ ਸਮਾਂ ਹਰ ਤਰ੍ਹਾਂ ਦੀ ਮੁਫ਼ਤ ਐਡਵਾਈਸ ਦਿੱਤੀ। ਲੋਕਾਂ ਦੇ ਔਖੇ ਭੀੜੇ ਵੇਲ਼ੇ ਕੰਮ ਆਇਆ। ਸੈਂਕੜੇ ਕੇਸ ਜਿੱਤੇ। ਹਜ਼ਾਰਾਂ ਪੌਂਡ ਲੋਕਾਂ ਨੂੰ ਮੁਆਵਜੇ ਵਜੋਂ ਦੁਆਏ। ਨੱਠ ਭੱਜ ਵਾਲ਼ੀ ਜ਼ਿੰਦਗ਼ੀ ਚ, ਬਹੁਤੇ ਬੰਦੇ ਆਪਣੇ ਜਨਮ ਚ ਇਕ ਜੀਵਨ ਜੋਗਾ ਕੰਮ ਹੀ ਮਸਾਂ ਕਰ ਸਕਦੇ ਹੁੰਦੇ ਨੇ। ਸਮਾਂ ਗੁਆਹ ਹੈ, ਕਿ ਦੱਤ ਨੇ ਤਿੰਨਾਂ-ਚੌਂਹ ਜਨਮਾਂ ਜਿੰਨਾ ਕੰਮ ਕਰਕੇ ਮਿਸਾਲ ਕਾਇਮ ਕੀਤੀ ਹੈ
ਚਿੰਗਾੜੀ ਨਾਟਕ ਕਲਾ ਕੇਂਦਰ ਨੇ ਸਾਥੀ ਦੱਤ ਨੂੰ ਸ਼ਰਧਾਂਜਲੀ ਵਜੋ ਗੁਰਸ਼ਰਨ ਸਿਘ ਹੋਰਾਂ ਦਾ ਨਾਟਕ ਟੋਆ ਖੇਡ ਕੇ ਕੀਤੀ। ਨਾਟਕ ਨੂੰ ਅਦਾਕਾਰੀ ਤੇ ਸੁਨੇਹੇ ਵਜੋ ਬਹੁਤ ਪਸੰਦ ਕੀਤਾ ਗਿਆ। ਇਹ ਸਾਥੀ ਦੱਤ ਦੇ ਮਨ ਪਸੰਦ ਨਾਟਕਾਂ ਵਿਚੋਂ ਸੀ। ਸੁਰਿੰਦਰ ਵਿਰਦੀ ਨੇ ਡਾ ਜਗਤਾਰ ਦੀ ਗ਼ਜ਼ਲ 'ਹਰ ਪੈਰ ਤੇ ਸਲੀਬਾਂ ਹਰ ਮੋੜ ਤੇ ਹਨੇਰਾ' ਮਹਿੰਦਰ ਮੱਟੂ ਨੇ ਸੰਤ ਰਾਮ ਉਦਾਸੀ ਦੇ ਗੀਤ ਕੇ ਸਰਧਾਜਲੀ ਪੇਸ਼ ਕੀਤੀ। ਕਸ਼ਮੀਰ ਬਸਰਾ, ਅਜੀਤ ਸਿੰਘ ਸੰਧੂ, ਸੈਦਾ ਰਾਮ ਗਰੇਵਾਲ ਤੇ ਖਰਲਵੀਰ ਨੇ ਕਵਿਤਾਵਾਂ ਪੜ੍ਹੀਆਂ, ਅਤੇ ਕਾਮਰੇਡ ਦਰਸ਼ਨ ਖਟਕੜ ਦੀ ਧੀ, ਰੂਪ ਖਟਕੜ ਨੇ ਭਰੂਣ ਹੱਤਿਆ ਬਾਰੇ ਆਪਣੇ ਪਿਤਾ ਦਾ ਗੀਤ ਤਰੰਨਮ 'ਚ ਗਾ ਕੇ ਸੁਣਾਈ। ਸੂਰਤ ਦੁਸਾਂਝ ਨੇ ਸੰਗੀਆਂ ਸਾਥੀਆਂ ਦੀ ਫਰਮਾਇਸ਼ ਤੇ ਸਾਥੀ ਬਲਬੀਰ ਦੱਤ ਦੀ ਪਸੰਦੀਦਾ ਜਗਮੋਹਨ ਜੋਸ਼ੀ ਦੀ ਨਜ਼ਮ "ਹਮ ਜੰਗ ਏ ਆਵਾਮੀ ਸੇ ਕੁਹਰਾਮ ਮਚਾ ਦੇਂਗੇ" ਤਰੁਨਮ ਚ ਗਾ ਕੇ ਪੇਸ਼ ਕੀਤੀ। ਉਰਦੂ ਦਾ ਗਿਆਤਾ ਨਾ ਹੋਣ ਦੇ ਬਾਵਜੂਦ ਬਲਬੀਰ ਦੱਤ ਇਹ ਨਜ਼ਮ ਸਟੇਜਾਂ ਤੇ ਗਾਇਆ ਕਰਦਾ ਸੀ।
ਬ੍ਰਮਿੰਘਮ ਵਾਲੇ ਸਾਥੀਆਂ ਨੇ ਪਰਾਗਰੈਸਿਵ ਕਿਤਾਬਾਂ ਦੀ ਪ੍ਰਦਰਸ਼ਰਨੀ ਲਾਈ ਤੇ ਪ੍ਰੋਗਰਾਮ ਤੋਂ ਬਾਅਦ ਭੋਜਨ ਦਾ ਪ੍ਰਬੰਧ ਕੀਤਾ ਗਿਆ ਸੀ। ਪਰੋਗਰਾਮ ਦੀ ਕਾਮਯਾਬੀ ਲਈ ਬਲਬੀਰ ਦੱਤ ਯਾਦਗਾਰੀ ਕਮੇਟੀ ਤੇ ਖਾਸ ਕਰਕੇ ਕੁਲਦੀਪ ਸਿੰਘ ਰੂਪਰਾ, ਰਜਿੰਦਰ ਬੱਧਨ, ਨਿਰਮਲ ਸੋਂਧੀ, ਸਤਪਾਲ, ਸੁਖਦੇਵ ਸਿੱਧੂ, ਕਸ਼ਮੀਰ ਸਿੰਘ ਬਸਰਾ, ਦੇਵ ਰਣਜੀਤ ਬਾਹਰਾ, ਰਤਨਪਾਲ, ਤੀਰਥ ਧਾਰੀਵਾਲ ਆਦਿ ਦਾ ਵੱਡਮੁਲਾ ਯੋਗਦਾਨ ਹੈ।