ਰਿਪੋਰਟ:- ਭਾਰਤ ਭੂਸ਼ਨ
ਗਰੀਨਫੋਰਡ (ਲੰਡਨ) ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੀ ਯੂ ਕੇ ਇਕਾਈ ਵੱਲੋਂ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਨ ਤੇ ਸਾਹਿਤਕ ਸਮਾਗਮ ਗਰੀਨਫੋਰਡ ਵਿਖੇ 10 ਸਤੰਬਰ ਨੂੰ ਕੀਤਾ ਗਿਆ
ਜਿਸ ਵਿੱਚ ਵਲੈਤ ਭਰ ਦੇ ਨਾਮਵਰ ਚਿੰਤਕਾਂ/ਸਾਹਿਤਕਾਰਾਂ ਨੇ ਹਿੱਸਾ ਲਿਆ। ਵੈਨਕੂਵਰ ਦੇ ਮਸ਼ਹੂਰ-ਤਰੀਨ, ਰੈੱਡ ਐੱਫ ਐਮ ਰੇਡੀਓ ਤੇ ਘੰਟੇ ਦਾ ਪ੍ਰੋਗਰਾਮ ਹੋਇਆ ਜਿਸ ਵਿਚ ਯੂ ਕੇ ਵਾਲੇ ਪ੍ਰੋਗਰਾਮ ਦਾ ਵਿਸੇਸ਼ ਜ਼ਿਕਰ ਡਾ ਸੁਰਿੰਦਰ ਧੰਜਲ ਹੋਰਾਂ ਨੇ ਕੀਤਾ ਤੇ ਪਰੋਗਰਾਮ ਦੀ ਕਾਮਯਾਬੀ ਲਈ ਸ਼ੁਭ ਇਛਾਵਾਂ ਭੇਜੀਆਂ।
ਸਮਾਗਮ ਦੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਡਾ ਅਮਰ ਜਿਓਤੀ, ਅਵਤਾਰ ਉੱਪਲ ਅਤੇ ਪੰਜਾਬ ਤੋ ਆਏ ਕਾਮਰੇਡ ਕੁਲਵੰਤ ਸੰਧੂ ਜੀ ਸੁਸ਼ੋਭਿਤ ਹੋਏ। ਅਵਤਾਰ ਉੱਪਲ ਹੋਰਾਂ ਨੇ 'ਭਾਰਤੀ ਸਮਾਜ ਚ ਇਸਤਰੀ ਦੀ ਅਵਸਥਾ' ਵਿਸ਼ੇ ਤੇ ਪਰਚਾ ਪੜ੍ਹਿਆ। ਪਹਿਲੇ ਸੈਸ਼ਨ ਦੀ ਮੰਚ ਸੰਚਾਲਕ ਦੀ ਜਿੰਮੇਵਾਰੀ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਸੁਖਦੇਵ ਸਿੱਧੂ ਨੇ ਨਿਭਾਈ। ਹਾਜ਼ਿæਰ ਵਿਦਵਾਨਾਂ ਨੇ ਪਰਚੇ ਤੇ ਗੰਭੀਰ ਵਿਚਾਰ ਚਰਚਾ ਕੀਤੀ ਅਤੇ ਪਰਚੇ ਵਿੱਚ ਉਠਾਏ ਗਏ ਨੁਕਤਿਆਂ ਬਾਰੇ ਵੱਖ ਵੱਖ ਪਹਿਲੂਆਂ ਤੋਂ ਆਪਣੇ ਵਿਚਾਰ ਰੱਖੇ। ਦਲਵੀਰ ਕੌਰ, ਡਾ ਦਵਿੰਦਰ ਕੌਰ, ਹਰਜੀਤ ਅਟਵਾਲ, ਡਾ ਸਾਥੀ ਲੁਧਿਆਣਵੀ, ਸੰਤੋਖ ਸਿੰਘ ਸੰਤੋਖ, ਕੁਲਵੰਤ ਕੌਰ ਢਿੱਲੋਂ, ਦਰਸ਼ਨ ਬੁਲੰਦਵੀ, ਸ਼ੀਰਾ ਜੌਹਲ, ਮਨਜੀਤ ਕੌਰ ਪੱਡਾ, ਮੁਹਿੰਦਰਪਾਲ ਧਾਲੀਵਾਲ, ਕੇ ਸੀ ਮੋਹਨ, ਸ਼ਿਵਚਰਨ ਗਿੱਲ, ਕੌਂਸਲਰ ਰਣਜੀਤ ਧੀਰ, ਲੋਕਲ ਸੰਸਦ ਮੈਂਬਰ ਵਰਿੰਦਰ ਸ਼ਰਮਾ, ਪੰਜਾਬ ਤੋਂ ਆਏ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟ੍ਰਸੱਟੀ ਕੁਲਵੰਤ ਸੰਧੂ ਨੇ ਔਰਤ ਦੀ ਮੌਜੂਦਾ ਸਥਿਤੀ ਅਤੇ ਦਰਪੇਸ਼ ਮੁਸ਼ਕਲਾਂ ਬਾਰੇ ਪੰਜਾਬ ਵਿਚ ਹੁੰਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ; ਉਨ੍ਹਾਂ ਨੇ ਬਾਹਰ ਬੈਠੇ ਪੰਜਾਬੀਆਂ ਵਲੋਂ ਅਜੇਹੇ ਮੁਦਿੱਆਂ ਤੇ ਕੀਤੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ। ਅਵਤਾਰ ਉੱਪਲ ਹੁਰਾਂ ਨੇ ਵਿਚਾਰਵਾਨਾਂ ਵੱਲੋਂ ਪਰਚੇ ਸਬੰਧੀ ਉਠਾਏ ਸਵਾਲਾਂ ਦੇ ਜਵਾਬ ਦਿੱਤੇ। ਡਾ ਅਮਰ ਜਿਓਤੀ ਨੇ ਬਹਿਸ ਨੂੰ ਸਮੇਟਦਿਆਂ ਕਈ ਨੁਕਤਿਆਂ ਨੂੰ ਹੋਰ ਵਿਸਥਾਰ ਨਾਲ ਪੇਸ਼ ਕੀਤਾ।
ਇਸ ਸੈਸ਼ਨ ਵਿਚ ਨੌਜਵਾਨ ਫਿਲਮ ਮੇਕਰ ਰਾਜੀਵ ਸ਼ਰਮਾ ਵੱਲੋਂ ਬਣਾਈ ਗੁਰਮੀਤ ਕੜਿਆਲਵੀ ਦੀ ਛੋਟੀ ਕਹਾਣੀ ਤੇ ਅਧਾਰਿਤ ਛੋਟੀ ਪੰਜਾਬੀ ਫਿਲਮ "ਆਤੂ ਖੋਜੀ" ਕੌਂਸਲਰ ਰਣਜੀਤ ਧੀਰ ਹੋਰਾਂ ਨੇ ਰਿਲੀਜ਼ ਕੀਤੀ।
ਟਰੱਸਟ ਦੇ ਮੈਂਬਰ ਸੁਖਦੇਵ ਸਿੱਧੂ ਨੇ ਪੰਜਾਬੀ ਦੇ ਪ੍ਰਸਿੱਧ ਲੇਖਕ ਉਸਤਾਦ ਚਿਰਾਗਦੀਨ ਦਾਮਨ ਦੀ ਜਨਮ ਸ਼ਤਾਬਦੀ (4 ਸਤੰਬਰ) ਦੇ ਮੌਕੇ ਤੇ ਯਾਦ ਕਰਦਿਆਂ ਉਸਤਾਦ ਦਾਮਨ ਦੀ ਜ਼ਿੰਦਗੀ ਅਤੇ ਸ਼ਾਇਰੀ ਬਾਰੇ ਵੀ ਗੱਲਾਂ ਕੀਤੀਆਂ।
ਦੂਜੇ ਦੌਰ ਵਿੱਚ ਕਵੀ ਦਰਬਾਰ ਹੋਇਆ, ਜਿਸਦੀ ਪ੍ਰਧਾਨਗੀ ਦਰਸ਼ਨ ਬੁਲੰਦਵੀ ਅਤੇ ਡਾ ਦਵਿੰਦਰ ਕੌਰ ਹੋਰਾਂ ਨੇ ਕੀਤੀ ਤੇ ਸ੍ਰੀ ਕੇ ਸੀ ਮੋਹਣ ਹੋਰਾਂ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਈ। ਵਲੈਤ ਦੇ ਦੂਰ ਨੇੜਿਓ ਪਹੁੰਚੇ ਪ੍ਰਮੁੱਖ ਕਵੀਆਂ ਨੇ ਭਾਗ ਲਿਆ। ਕਵੀ ਦਰਬਾਰ ਵਿੱਚ ਸਾਥੀ ਲੁਧਿਆਣਵੀ ਨੇ ਪਾਸ਼ ਨਾਲ ਬਿਤਾਏ ਪਲ ਸਾਂਝੇ ਕਰਦਿਆਂ ਪਾਸ਼ ਬਾਰੇ ਲਿਖੀ ਆਪਣੀ ਤਾਜ਼ਾ-ਤਰੀਨ ਗ਼ਜ਼ਲ ਸੁਣਾਈ। ਗੁਰਨਾਮ ਢਿੱਲੋਂ, ਰਜਿੰਦਰਜੀਤ, ਸੰਤੋਖ ਸਿੰਘ ਸੰਤੋਖ, ਜਗਤਾਰ ਢਾਅ, ਵਰਿੰਦਰ ਪਰਿਹਾਰ, ਅਜ਼ੀਮ ਸ਼ੇਖਰ, ਡਾ ਦਵਿੰਦਰ ਕੌਰ, ਦਲਵੀਰ ਕੌਰ, ਮੁਸ਼ਤਾਕ ਸਿੰਘ ਮੁਸ਼ਤਾਕ, ਦਰਸ਼ਨ ਬੁਲੰਦਵੀ, ਚਰਨਜੀਤ ਕੌਰ ਅਰੋੜਾ, ਜਗਤਾਰ ਢਾਅ, ਮਨਜੀਤ ਕੌਰ, ਸੁਰਿੰਦਰ ਵਿਰਦੀ, ਸੋਹਣ ਰਾਣੂੰ, ਮਨਪ੍ਰੀਤ ਬੱਧਨੀਕਲਾਂ, ਮਹਿੰਦਰਪਾਲ ਧਾਲੀਵਾਲ, ਚਮਨ ਲਾਲ ਚਮਨ, ਨੇ ਕਵਿਤਾਵਾਂ ਅਤੇ ਗਜ਼ਲਾਂ ਸੁਣਾ ਕੇ ਸਾਹਿਤਕ ਰੰਗ ਬੰਨ ਕੇ ਯਾਦਗਾਰੀ ਬਣਾਇਆ। ਸੁਰਿੰਦਰ ਵਿਰਦੀ ਨੇ ਡਾ ਜਗਤਾਰ ਦੀ ਗ਼ਜ਼ਲ 'ਹਰ ਪੈਰ ਤੇ ਸਲੀਬਾਂ ਹਰ ਮੋੜ ਤੇ ਹਨੇਰਾ' ਅਤੇ ਕਾਮਰੇਡ ਦਰਸ਼ਨ ਖਟਕੜ ਦੀ ਧੀ, ਰੂਪ ਖਟਕੜ ਨੇ ਭਰੂਣ ਹੱਤਿਆ ਬਾਰੇ ਆਪਣੇ ਪਿਤਾ ਦਾ ਗੀਤ ਤਰੰਨਮ 'ਚ ਗਾ ਕੇ ਸੁਣਾਈ। ਪਾਸ਼ ਦੀ ਯਾਦ ਵਿਚ ਅਗਲਾ ਸਮਾਗਮ ਬਰਤਾਨੀਆਂ ਦੀਆਂ ਸਾਹਿਤਕ ਸੰਸਥਾਵਾਂ ਨਾਲ ਰਲ ਕੇ ਇਸ ਤੋਂ ਵੀ ਵੱਡੇ ਪੱਧਰ ਤੇ ਮਨਾਉਣ ਦੇ ਵਿਚਾਰ ਨਾਲ ਸਮਾਗਮ ਦੀ ਸਮਾਪਤੀ ਹੋਈ। ਬ੍ਰਮਿੰਘਮ, ਵੁਲਵਰਹੈਂਪਟਨ, ਸਾਊਥਹੈਂਪਟਨ, ਪੋਰਟਸਮੱਥ ਵਰਦਿੰਗ, ਬੈੱਡਫਰਡ, ਰੈਡਿੰਗ, ਸਲੋਹ, ਈਸਟ ਲੰਡਨ, ਕੈਂਟ, ਸਾਊਥਾਲ ਆਦਿ ਸ਼ਹਿਰਾਂ ਤੋਂ ਸ਼ਿਰਕਤ ਹੋਈ। ਪ੍ਰੋਗਰਾਮ ਦੀ ਕਾਮਯਾਬੀ ਟ੍ਰਸੱਟ ਦੀ ਯੂ ਕੇ ਕਮੇਟੀ ਦੇ ਸਿਰ ਜਾਂਦੀ ਹੈ।