Thursday, 1 September 2011

ਇੰਗਲੈਂਡ ਦੰਗਿਆਂ ਮੌਕੇ ਸਾਊਥਾਲ ਦੇ ਪੰਜਾਬੀਆਂ ਵੱਲੋਂ ਦਿਖਾਈ ਦਲੇਰੀ ਨੇ ਪੰਜਾਬੀਅਤ ਦਾ ਸਿਰ ਉੱਚਾ ਕੀਤਾ।

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਇੰਗਲੈਂਡ ਦੇ ਵੱਖ ਵੱਖ ਹਿੱਸਿਆਂ ਵਿੱਚ ਲਾਚੜੀ ਹੋਈ ਵਿਹਲੜ ਭੀੜ ਨੇ ਜੋ ਹੈਵਾਨੀਅਤ ਦਾ ਨੰਗਾ ਨਾਚ ਕੀਤਾ, ਉਸ ਦਾ ਸੇਕ
ਜਿੱਥੇ ਇੰਗਲੈਂਡ ਦੀ ਆਰਥਿਕਤਾ ਨੂੰ ਲੱਗਾ ਹੈ ਉੱਥੇ ਇੰਗਲੈਂਡ ਦੀ 'ਸਰਦਾਰੀ' ਨੂੰ ਵੀ ਘੱਟੇ Ḕਚ ਮਿਲਾਉਣ ਦਾ ਕੋਝਾ ਯਤਨ ਕੀਤਾ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਇੰਗਲੈਂਡ ਵਿੱਚ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕਸਬੇ ਸਾਊਥਾਲ ਵਿੱਚ ਹੜਦੁੰਗੀਆਂ ਦਾ ਪੈਰ ਨਾ ਪੈਣਾ ਵੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਪੰਜਾਬੀ ਭਾਈਚਾਰੇ ਵੱਲੋਂ ਮੂੰਹੋਂ-ਮੂੰਹੀ ਮਿਲੇ ਸੁਨੇਹਿਆਂ ਰਾਹੀਂ ਹੀ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਹਜਾਰਾਂ ਦੀ ਤਾਦਾਦ ਵਿੱਚ ਆਣ ਇਕੱਠੇ ਹੋਣਾ ਏਕਤਾ ਦਾ ਸਬੂਤ ਹੋ ਨਿੱਬੜਿਆ। ਨੌਜ਼ਵਾਨਾਂ ਦੇ ਚਿਹਰਿਆਂ ਤੋਂ ਪੜ੍ਹਿਆ ਜਾ ਸਕਦਾ ਸੀ ਕਿ ਜੇ ਭੂਤਰੀ ਭੀੜ ਸਾਊਥਾਲ ਆਣ ਵੜਦੀ ਤਾਂ ਜੋ ਹਸ਼ਰ ਹੋਣਾ ਸੀ ਸ਼ਾਇਦ ਬਿਆਨ ਨਾ ਕੀਤਾ ਜਾ ਸਕਦਾ। ਵੱਖ ਵੱਖ ਟੈਲੀਵਿਜ਼ਨ ਚੈੱਨਲਾਂ ਰਾਹੀਂ ਪੰਜਾਬੀ ਭਾਈਚਾਰੇ ਦੇ ਇਸ ਉਪਰਾਲੇ ਦੀਆਂ ਖ਼ਬਰਾਂ ਨਸ਼ਰ ਹੋਣ ਤੋਂ ਬਾਦ ਸ਼ਾਇਦ ਲੁਟੇਰਿਆਂ ਨੂੰ ਵੀ ਕੰਨ ਹੋ ਗਏ ਹੋਣ ਕਿ ਸਾਊਥਾਲ ਜਾਣਾ ਖ਼ਤਰੇ ਤੋਂ ਖਾਲੀ ਨਹੀਂ। ਇਸ ਮੌਕੇ ਪੰਜਾਬੀਆਂ ਵੱਲੋਂ ਸਿਰਫ ਗੁਰਦੁਆਰਿਆਂ ਦੀ ਰੱਖਿਆ ਦਾ ਹੀ ਅਹਿਦ ਲੈਣ ਨਾਲੋਂ ਹਰ ਮਸਜ਼ਿਦ, ਮੰਦਰ, ਚਰਚ ਦੀ ਰੱਖਿਆ ਲਈ ਨੌਜ਼ਵਾਨਾਂ ਦੀਆਂ ਟੁਕੜੀਆਂ ਤਾਇਨਾਤ ਕਰਨੀਆਂ ਸਮੂਹ ਧਰਮਾਂ ਵਿੱਚ ਪਿਆਰ ਦਾ ਪੁਲ ਉਸਾਰਨ ਦਾ ਕੰਮ ਕਰ ਗਿਆ। ਇਸ ਪਿਰਤ ਦਾ ਸਿਹਰਾ ਸਾਊਥਾਲ ਵਸਦੇ ਸਮੂਹ ਪੰਜਾਬੀਆਂ ਸਿਰ ਬੰਨ੍ਹਦਿਆਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਹਿੰਮਤ ਸਿੰਘ ਸੋਹੀ, ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ, ਸਾਬਕਾ ਮੇਅਰ ਰਾਜਿੰਦਰ ਸਿੰਘ ਮਾਨ, ਕੌਂਸਲਰ ਰਣਜੀਤ ਧੀਰ, ਕੌਂਸਲਰ ਕੇ ਸੀ ਮੋਹਨ, ਕੌਂਸਲਰ ਤੇਜ ਰਾਮ ਬਾਘਾ, ਕਾ: ਹਰਦੀਪ ਦੂਹੜਾ, ਗੁਰਦੁਆਰਾ ਮੀਰੀ ਪੀਰੀ ਸਾਹਿਬ ਵੱਲੋਂ ਜਸਵੰਤ ਸਿੰਘ ਠੇਕੇਦਾਰ, ਮਹਿੰਦਰ ਸਿੰਘ ਰਾਠੌਰ ਆਦਿ ਨੇ ਕਿਹਾ ਕਿ ਸਾਊਥਾਲ ਸਾਡਾ ਘਰ ਹੈ। ਅਸੀਂ ਕਿਸੇ ਵੀ ਹੜਦੁੰਗੀ ਨੂੰ ਇਜ਼ਾਜ਼ਤ ਨਹੀਂ ਦਿਆਂਗੇ ਕਿ ਸਾਡੇ ਘਰ ਦੀਆਂ ਕੰਧਾਂ ਵਿੱਚ ਟੱਕਰਾਂ ਮਾਰੇ। ਸਾਊਥਾਲ ਵਿੱਚ ਹਰ ਧਰਮ ਦੇ ਲੋਕ ਵਸਦੇ ਹਨ ਅਤੇ ਸਾਡੇ ਪੰਜਾਬੀਆਂ ਦੇ ਖੂਨ ਵਿੱਚ ਇਹ ਸਿੱਖਿਆ ਵਸੀ ਹੋਈ ਹੈ ਕਿ ਹਰ ਧਰਮ ਦਾ ਸਤਿਕਾਰ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਸਾਊਥਾਲ ਵਿਖੇ ਨਮਾਜ਼ ਅਦਾ ਕਰਨ ਸਮੇਂ ਮਸਜ਼ਿਦ ਦੇ ਬਾਹਰ ਪੰਜਾਬੀ ਨੌਜ਼ਵਾਨਾਂ ਵੱਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਵੀ ਪਹਿਰਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬਰਮਿੰਘਮ ਤੋਂ ਚਲਦੇ ਸੰਗਤ ਟੈਲੀਵਿਜ਼ਨ ਚੈੱਨਲ ਦੇ ਪੇਸ਼ਕਾਰ ਉਪਿੰਦਰ ਰੰਧਾਵਾ ਵੱਲੋਂ ਜੋ ਦਲੇਰਾਨਾ ਕਵਰੇਜ ਕੀਤੀ ਗਈ, ਉਸ ਦੀ ਪ੍ਰਸੰਸਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਵੀ ਕੀਤੀ ਹੈ। ਪੁਲਿਸ ਪ੍ਰਸ਼ਾਸ਼ਨ ਵੱਲੋਂ ਵੀ ਪੰਜਾਬੀ ਭਾਈਚਾਰੇ ਦੁਆਰਾ ਦਿੱਤੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।