ਰੀਵਿਊਕਾਰ-ਨਿਰਮਲ ਜੌੜਾ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ: 150 ਰੁਪਏ, ਸਫ਼ੇ: 96
ਇਸ ਪੁਸਤਕ ਵਿਚ ਦੋ ਵੱਡੇ ਲੇਖ ਹਨ। ਪਹਿਲਾ "ਚਾਰੇ ਕੂਟਾਂ ਸੁੰਨੀਆਂ" ਜਿਸ ਨੂੰ ਪੰਜ ਭਾਗਾਂ ਵਿਚ ਪੂਰਿਆ ਗਿਆ ਹੈ, ਜਦੋਂ ਕਿ ਛੇ ਭਾਗਾਂ ਵਾਲੇ ਦੂਸਰੇ ਲੇਖ ਦਾ ਨਾਂ "ਸਾਡੀ ਵੀ ਕੋਈ ਮਾਂ ਹੁੰਦੀ ਸੀ"
ਹੈ! ਇਹ ਦੋਵੇਂ ਲੇਖ ਲੇਖਕ ਦੇ ਵਿਅਕਤੀਗਤ ਦਰਦ ਦੀ ਉਪਜ ਹਨ। ਪਹਿਲਾ ਲੇਖ ਬਾਪ ਦੀ ਮੌਤ ਅਤੇ ਵਿਛੋਡ਼ੇ ਵਿਚ ਭਿੱਜੀ ਉਸ ਦੀ ਰੂਹ ਦਾ ਹਾਉਕਾ ਹੈ, ਜਦੋਂ ਕਿ ਦੂਸਰਾ ਲੇਖ ਸਿਰ ਤੋਂ ਉਠੀ ਮਮਤਾ ਦੀ ਛਾਂ ਤੋਂ ਬਾਅਦ ਵਾਲਾ ਸੇਕ ਹੈ। ਸੱਤ ਸਮੁੰਦਰੋਂ ਪਾਰ ਬੈਠਾ ਲੇਖਕ ਹਰ ਪਲ ਆਪਣੀ ਸੋਚ ਦੀਆਂ ਤਾਰਾਂ ਮੋਗਾ ਜ਼ਿਲ੍ਹਾ ਦੇ ਆਪਣੇ ਪਿੰਡ ਕੁੱਸਾ ਵਿਚਲੇ ਆਪਣੇ ਉਸ ਘਰ ਨਾਲ ਜੋਡ਼ੀ ਰੱਖਦਾ ਹੈ, ਜਿਸ ਵਿਚ ਉਸ ਦਾ ਬਿਰਧ ਬਾਪ ਬਿਮਾਰ ਪਿਆ ਹੈ ਅਤੇ ਜਿਸ ਦੇ ਮੰਜੇ 'ਤੇ ਪਏ ਦਾ ਹੀ ਉਸ ਨੂੰ ਰੱਬ ਵਰਗਾ ਆਸਰਾ ਹੈ। ਭੈਣ ਵੱਲੋਂ ਫ਼ੋਨ 'ਤੇ ਦਿੱਤੇ ਬਾਪ ਦੀ ਮੌਤ ਦਾ ਮਿਲਿਆ ਸੁਨੇਹਾਂ ਲੇਖਕ 'ਤੇ ਪਹਾਡ਼ ਵਾਂਗ ਡਿੱਗਦਾ ਹੈ ਅਤੇ ਬਾਪੂ ਦਾ ਸਸਕਾਰ ਆਪਣੀ ਜਿੰਦ ਗਹਿਣੇਂ ਧਰ ਕੇ ਵੀ ਆਪਣੇ ਹੱਥੀਂ ਕਰਨ ਦੀ ਚਾਹਨਾ, ਸਭ ਮਜਬੂਰੀਆਂ ਨੂੰ ਚੀਰਦੀ ਹੋਈ ਉਸ ਨੂੰ ਪਿੰਡ ਲੈ ਆਈ। ਬਾਪ ਦੀਆਂ ਆਖਰੀ ਰਸਮਾਂ ਖ਼ੁਦ ਕਰਕੇ ਲੇਖਕ ਸੰਤੁਸ਼ਟ ਹੈ। ਪਰ ਵਾਪਸੀ 'ਤੇ ਜਾਣ ਲੱਗਿਆਂ ਘਰ ਦੀਆਂ 'ਸੁੰਨੀਆਂ' ਕੂਟਾਂ ਉਸ ਦੀ ਰੂਹ ਨੂੰ ਕੰਬਣੀ ਛੇਡ਼ ਦਿੰਦੀਆਂ ਹਨ।
"ਸਾਡੀ ਵੀ ਕੋਈ ਮਾਂ ਹੁੰਦੀ ਸੀ" ਲੇਖ ਵਿਚ ਲੇਖਕ ਨੇ ਆਪਣੀ ਮਾਂ ਦੀ ਮੌਤ ਦੀ ਕਹਾਣੀ ਨੂੰ ਭਾਵੁਕਤਾ ਨਾਲ ਲਿਖਿਆ ਹੈ। ਜਦੋਂ ਮਾਂ ਦੇ ਸਖ਼ਤ ਬਿਮਾਰ ਹੋਣ ਦੀ ਖ਼ਬਰ ਲੇਖਕ ਤੱਕ ਪਹੁੰਚਦੀ ਹੈ ਤਾਂ ਉਹ ਹਵਾ ਨੂੰ ਚੀਰਦਾ ਹਸਪਤਾਲ ਵਿਚ ਬਿਮਾਰ ਮਾਂ ਦੇ ਬੈੱਡ ਕੋਲ ਪਹੁੰਚ ਜਾਂਦਾ ਹੈ। ਉਸ ਦੇ ਪਿਆਰ ਦੀ ਸ਼ਿੱਦਤ, ਪੈਸਾ, ਜਾਇਦਾਦ ਅਤੇ ਵੱਡੇ-ਵੱਡੇ ਲੋਕਾਂ ਨਾਲ ਸੰਪਰਕ ਵੀ ਮਾਂ ਨੂੰ ਬਚਾਉਣ ਦੇ ਕੰਮ ਨਾ ਆਏ। ਡਾਕਟਰਾਂ ਨੇ ਸੇਵਾ ਕਰਨ ਨੂੰ ਕਿਹਾ, ਵਾਹਿਗੁਰੂ ਅੱਗੇ ਅਰਦਾਸ ਕਰਨ ਨੂੰ ਕਿਹਾ, ਜੋ ਉਹ ਕਰਦਾ ਰਿਹਾ। ਅਖ਼ੀਰ ਮਮਤਾ ਤੋਂ ਸੱਖਣਾਂ ਹੋ ਉਹ ਮਜਬੂਰਨ ਫ਼ਿਰ ਵਿਦੇਸ਼ ਦੇ ਰਾਹ ਪੈ ਜਾਂਦਾ ਹੈ।