Sunday, 25 September 2011

ਸ਼ਹੀਦ ਊਧਮ ਸਿੰਘ ਦੀ ਦੁਰਲੱਭ ਤਸਵੀਰ ਕਾ: ਮੰਗਤ ਰਾਮ ਪਾਸਲਾ ਨੂੰ ਭੇਂਟ।

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੌਰੇ ਉੱਪਰ ਆਏ ਕਾਮਰੇਡ ਮੰਗਤ ਰਾਮ ਪਾਸਲਾ ਨੂੰ ਸ਼ਹੀਦ ਊਧਮ ਸਿੰਘ ਦੀ ਦੁਰਲੱਭ ਤਸਵੀਰ ਯਾਦ ਨਿਸ਼ਾਨੀ ਵਜੋਂ ਸ੍ਰ: ਅਜੈਬ ਸਿੰਘ ਗਰਚਾ, ਪ੍ਰੋ: ਸੁਰਿੰਦਰ ਸਿੰਘ ਅਟਵਾਲ
(ਅੰਬਰ ਰੇਡੀਓ ਪੇਸ਼ਕਾਰ), ਲੱਖਾ ਸਿੰਘ (ਸੰਗਤ ਟੈਲੀਵਿਜ਼ਨ ਪੇਸ਼ਕਾਰ), ਸਾਥੀ ਬਲਵੰਤ ਸਿੰਘ, ਜੀਤ ਸਿੰਘ (ਟਰੱਸਟੀ ਸੰਗਤ ਟੈਲੀਵਿਜ਼ਨ), ਰਣਜੀਤ ਸਿੰਘ ਰਾਣਾ (ਸੰਪਾਦਕ ਸਾਹਿਬ ਮੈਗਜ਼ੀਨ) ਆਦਿ ਸ਼ਖ਼ਸੀਅਤਾਂ ਨੇ ਭੇਂਟ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਜੈਬ ਸਿੰਘ ਗਰਚਾ ਨੇ ਦੱਸਿਆ ਕਿ ਮਾਈਕਲ ਉਡਵਾਇਰ ਨੂੰ ਕਤਲ ਕਰਨ ਤੋਂ ਪਹਿਲਾਂ ਊਧਮ ਸਿੰਘ ਦੀ ਉਹਨਾਂ ਦੇ ਮਾਸੜ ਸ੍ਰ: ਪੂਰਨ ਸਿੰਘ ਬਿਨਿੰਗ ਨਾਲ ਕਾਫੀ ਨੇੜਤਾ ਸੀ। ਇੱਕੋ ਘਰ Ḕਚ ਇਕੱਠੇ ਰਹੇ। ਉਹਨੀਂ ਦਿਨੀਂ ਊਧਮ ਸਿੰਘ ਜਦ ਉਹਨਾਂ ਨੂੰ ਕਿਹਾ ਕਰਦਾ ਸੀ ਕਿ ਮੈਂ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲੈ ਹੀ ਲੈਣਾ ਹੈ ਤਾਂ ਉਹ ਉਸਨੂੰ ਇਹੀ ਕਹਿ ਛੱਡਦੇ ਸਨ ਕਿ "ਬਾਵਾ ਐਵੇਂ ਵਾਧੂ ਜਿਹੀਆਂ ਗੱਲਾਂ ਨਾ ਕਰਿਆ ਕਰ।" ਪਰ ਜਦੋਂ ਊਧਮ ਸਿੰਘ ਨੇ ਆਪਣੇ ਅੰਦਰ ਬਦਲੇ ਦੀ ਲਟ ਲਟ ਬਲਦੀ ਅੱਗ ਨੂੰ ਕੈਕਸਟਨ ਹਾਲ ਵਿੱਚ ਜੱਗ ਜਾਹਿਰ ਕਰ ਦਿੱਤਾ ਤਾਂ ਸਭ ਤੋਂ ਪਹਿਲਾਂ ਉਸ ਘਰ ਵਿੱਚ ਰਹਿੰਦੇ ਸ੍ਰ: ਪੂਰਨ ਸਿੰਘ ਦੇ ਦੂਸਰੇ ਸੰਗੀ ਸਾਥੀਆਂ ਨੇ ਆਪਣੇ ਭਵਿੱਖੀ ਬਚਾਅ ਲਈ ਊਧਮ ਸਿੰਘ ਦਾ ਸਾਮਾਨ ਆਸੇ ਪਾਸੇ ਕਰ ਦਿੱਤਾ। ਪਰ ਖੁਸ਼ਕਿਸਮਤੀ ਨਾਲ ਊਧਮ ਸਿੰਘ ਅਤੇ ਪੂਰਨ ਸਿੰਘ ਦੀ ਟੋਪੀਆਂ ਪਹਿਨ ਕੇ ਕਰਵਾਈ ਪਾਸਪੋਰਟ ਸਾਈਜ਼ ਫੋਟੋ ਸੁਰੱਖਿਅਤ ਰਹਿ ਗਈ। ਹੁਣ ਅਜੈਬ ਸਿੰਘ ਗਰਚਾ ਦੁਆਰਾ ਉੱਦਮ ਕਰਕੇ ਉਕਤ ਫੋਟੋ ਨੂੰ ਕਾਫੀ ਵਡੇਰੇ ਸਾਈਜ਼ ਵਿੱਚ ਪੋਸਟਰ ਬਣਵਾ ਕੇ ਵੰਡਿਆ ਜਾ ਰਿਹਾ ਹੈ। ਇਸ ਇਤਿਹਾਸਕ ਤੇ ਦੁਰਲੱਭ ਤਸਵੀਰ ਨੂੰ ਮੁਫ਼ਤ ਵੰਡਣ ਦੀ ਮੁਹਿੰਮ ਦਾ ਆਗਾਜ਼ ਹੀ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਮੈਂਬਰ ਕਾਮਰੇਡ ਮੰਗਤ ਰਾਮ ਪਾਸਲਾ ਤੋਂ ਕੀਤਾ ਗਿਆ। ਸ੍ਰੀ ਪਾਸਲਾ ਨੇ ਵੀ ਅਜੈਬ ਸਿੰਘ ਗਰਚਾ ਦੇ ਇਸ ਉੱਦਮ ਦੀ ਭਰਪੂਰ ਸਰਾਹਨਾ ਕੀਤੀ ਗਈ।