Sunday, 25 September 2011

ਰੋਕੋ ਕੈਂਸਰ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬਾਬਾ ਫਰੀਦ ਸੈਂਟਰ ਫਰੀਦਕੋਟ ਨੂੰ ਲੱਖਾਂ ਰੁਪਏ ਲਾਗਤ ਦੀਆਂ 8 ਮਸ਼ੀਨਾਂ ਭੇਂਟ।

ਅਪੰਗ ਬੱਚਿਆਂ ਦੇ ਕੁਦਰਤੀ ਇਲਾਜ਼ ਵਾਲੀਆਂ ਅਤਿ ਆਧੁਨਿਕ ਮਸ਼ੀਨਾਂ ਵਾਲਾ ਉੱਤਰੀ ਭਾਰਤ ਦਾ ਪਹਿਲਾ ਸੈਂਟਰ ਬਣਿਆ।ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਵਿਸ਼ਵ ਭਰ Ḕਚੋਂ ਕੈਂਸਰ ਦੇ ਖ਼ਾਤਮੇ ਲਈ ਲਗਾਤਾਰ ਯਤਨਸ਼ੀਲ ਸੰਸਥਾ Ḕਰੋਕੋ ਕੈਂਸਰḔ ਨੂੰ ਵਿਸ਼ਵ ਦੇ ਕੋਨੇ ਕੋਨੇ Ḕਚ ਬੈਠੇ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ
ਜਿਸਦੀ ਬਦੌਲਤ ਰੋਕੋ ਕੈਂਸਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਫਰੀਦਕੋਟ ਸਥਿਤ "ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ" ਦੇ ਮਾਨਸਿਕ ਅਤੇ ਸਰੀਰਕ ਪੱਖ ਤੋਂ ਅਪੰਗ ਬੱਚਿਆਂ ਦੇ ਕੁਦਰਤੀ ਢੰਗ ਨਾਲ ਇਲਾਜ ਲਈ Ḕਨੈਚਰੋਪੈਥੀ ਅਤੇ ਹਾਈਡਰੋਪੈਥੀ ਦੀਆਂ ਰੋਕੋ ਕੈਂਸਰ ਸੰਸਥਾ ਵੱਲੋਂ ਲੱਖਾਂ ਦੀ ਲਾਗਤ ਵਾਲੀਆਂ ਮਸ਼ੀਨਾਂ ਭੇਂਟ ਕੀਤੀਆਂ ਗਈਆਂ। ਸ੍ਰੀ ਧਾਲੀਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਈ ਮਹੀਨੇ ਉਹਨਾਂ ਘੱਟੋ ਘੱਟ ਦੋ ਮਸ਼ੀਨਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਠ ਮਸ਼ੀਨਾਂ ਦੇ ਕੇ ਆਪਣੇ ਸਿਰ ਪਈ ਜ਼ਿੰਮੇਵਾਰੀ ਨੂੰ ਨਿਭਾ ਕੇ ਚੱਲੇ ਹਨ। ਉਹਨਾਂ ਕਿਹਾ ਕਿ ਉਹ ਇਸ ਗੱਲ ਤੋਂ ਚਿੰਤਤ ਹਨ ਕਿ ਜਿਹੜੇ ਬੱਚਿਆਂ ਨੇ ਬੁਢਾਪੇ ਵਿੱਚ ਮਾਂ ਪਿਓ ਦੀ ਡੰਗੋਰੀ ਬਣਨਾ ਸੀ, ਉਲਟਾ ਮਾਂ ਬਾਪ ਉਹਨਾਂ ਨੂੰ ਸਹਾਰਾ ਦੇ ਰਹੇ ਹਨ। ਇਸਦੀ ਖਾਸ ਵਜ੍ਹਾ ਇਹ ਹੀ ਹੈ ਕਿ ਅਸੀਂ ਰਸਾਇਣਕ ਖਾਦਾਂ ਪੀਂਦੇ ਹਾਂ, ਖਾਂਦੇ ਹਾਂ ਅਤੇ ਰਸਾਇਣਕ ਖਾਦਾਂ ਦੀ ਦਿੱਤੀ ਜ਼ਿੰਦਗੀ ਹੀ ਜਿਉਂਦੇ ਹਾਂ। ਰਸਾਇਣਕ ਖਾਦਾਂ ਦਾ ਨਤੀਜ਼ਾ ਹੈ ਕਿ ਮਾਵਾਂ ਦੀਆਂ ਕੁੱਖਾਂ Ḕਚੋਂ ਹੀ ਨੁਕਸਦਾਰ ਬੱਚੇ ਪੈਦਾ ਹੋ ਰਹੇ ਹਨ ਅਤੇ ਮਾਲਵੇ Ḕਚ ਔਰਤਾਂ ਗਰਭਵਤੀ ਹੋਣ ਤੋਂ ਵੀ ਭੈਅ ਖਾਂਦੀਆਂ ਹਨ ਤਾਂ ਕਿ ਉਹਨਾਂ ਨੂੰ ਵੀ ਅਪੰਗ ਬੱਚਾ ਨਾ ਪੈਦਾ ਹੋ ਜਾਵੇ। ਉਹਨਾਂ ਕਿਹਾ ਕਿ ਉੱਤਰੀ ਭਾਰਤ ਦਾ ਇਹ ਪਹਿਲਾ ਸੈਂਟਰ ਹੈ ਜਿੱਥੇ ਅਪੰਗ ਬੱਚਿਆਂ ਦੇ ਸੁਚੱਜੇ ਇਲਾਜ਼ ਲਈ ਹਰ ਤਰ੍ਹਾਂ ਦੀ ਮਸ਼ੀਨ ਉਪਲੱਬਧ ਹੈ। ਸ੍ਰੀ ਧਾਲੀਵਾਲ ਨੇ ਭਾਵੁਕ ਹੁੰਦਿਆਂ ਸਮੂਹ ਪ੍ਰਵਾਸੀ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਖੇਡ ਟੂਰਨਾਮੈਂਟਾਂ Ḕਤੇ ਪੈਸੇ ਉਡਾਉਣ ਨਾਲੋਂ, ਥਾਂ ਥਾਂ ਧਾਰਮਿਕ ਅਸਥਾਨ ਉਸਾਰਨ ਨਾਲੋਂ ਪੰਜਾਬ ਦੇ ਲੋਕਾਂ ਨੂੰ ਸਿਹਤ ਤੇ ਸਿੱਖਿਆ ਪੱਖੋਂ ਉੱਚੇ ਚੁੱਕਣ ਲਈ ਸਹਾਇਤਾ ਕਰਨ। ਉਹਨਾਂ ਕਿਹਾ ਜੇ ਕੋਈ ਵੀ ਪ੍ਰਵਾਸੀ ਭਾਰਤੀ ਆਪਣੇ ਪਿੰਡ ਕੈਂਸਰ ਚੈੱਕਅਪ ਕੈਂਪ, ਬਲੱਡ ਪ੍ਰੈਸ਼ਰ ਜਾਂ ਸ਼ੂਗਰ ਚੈੱਕਅਪ ਕੈਂਪ ਲਗਵਾਉਣਾ ਚਾਹੁੰਦਾ ਹੈ ਤਾਂ ਉਹ ਉਹਨਾਂ ਨਾਲ ਮੋਬਾਈਲ ਨੰਬਰ 0044 7947315461 ਤੇ ਸੰਪਰਕ ਕਰ ਸਕਦੇ ਹਨ।
ਮਸ਼ੀਨਾਂ ਦੇ ਉਦਘਾਟਨ ਸਮਾਰੋਹ ਦੀ ਝਲਕੀ ਅਜੋਕੇ ਰਾਜਨੀਤਕ ਤਾਣੇ ਬਾਣੇ ਦੇ ਮੂੰਹ Ḕਤੇ ਕਰਾਰੀ ਚਪੇੜ ਕਹਿ ਲਈ ਜਾਵੇ ਤਾਂ ਅਤਿਕਥਨੀ ਨਹੀਂ ਕਿਉਂਕਿ ਸ੍ਰੀ ਧਾਲੀਵਾਲ ਨੇ ਮਸ਼ੀਨਾਂ ਦਾ ਉਦਘਾਟਨ ਵੀ ਇੱਕ ਅਪੰਗ ਬੱਚੇ ਤੋਂ ਰੀਬਨ ਕਟਵਾ ਕੇ ਕੀਤਾ ਜਦੋਂਕਿ ਜੇ ਅੱਜ ਕੱਲ੍ਹ ਕਿਸੇ ਸਕੂਲ Ḕਚ ਬੱਚਿਆਂ ਦੇ ਖਾਣੇ ਲਈ ਸਰਕਾਰ ਵੱਲੋਂ ਬਰਤਨ ਵੀ ਦਿੱਤੇ ਜਾਂਦੇ ਹਨ ਤਾਂ ਪਿੰਡਾਂ ਦੀਆਂ ਕਮੇਟੀਆਂ ਦੇ ḔਚੌਧਰੀḔ ਫੋਟੋਆਂ ਖਿਚਵਾ ਕੇ ਅਖਬਾਰਾਂ ਵਿੱਚ ਛਪਵਾਉਣੀਆਂ ਵੀ ਆਪਣਾ ਪਰਮ ਧਰਮ ਸਮਝਦੇ ਹਨ। ਬਾਬਾ ਫਰੀਦ ਸੈਂਟਰ ਵਿਖੇ ਹੋਏ ਇਸ ਅਨੋਖੇ ਉਦਘਾਟਨ ਸਮਾਰੋਹ ਦੀ ਇਲਾਕੇ ਭਰ ਵਿੱਚ ਚਰਚਾ ਛਿੜੀ ਹੋਈ ਹੈ।