Monday, 8 August 2011

ਇੰਗਲੈਂਡ ਦੀਆਂ ਗੋਰੀਆਂ ਨੂੰ ਦੂਜੇ ਵਰਲਡ ਕਬੱਡੀ ਕੱਪ ਵਿੱਚ ਖਿਡਾਉਣ ਲਈ ਆਸਵੰਦ ਹੈ ਅਸ਼ੋਕ ਦਾਸ।

-ਪੰਜਾਬ ਸਰਕਾਰ ਵੱਲੋਂ ਮਿਲੇ ਹਾਂ-ਪੱਖੀ ਹੁੰਗਾਰੇ ਦੀ ਸਰਾਹਨਾ
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਜਿੰਨੇ ਸਾਜ਼ਗਾਰ ਕਦਮ ਚੁੱਕੇ ਜਾਣੇ ਚਾਹੀਦੇ ਹਨ, ਨਹੀਂ ਚੁੱਕੇ ਜਾ ਰਹੇ। ਇਸ ਬੁਰਾਈ ਖਿਲਾਫ ਸੋਚਣ ਵਾਲੇ ਲੋਕ ਇਹ ਜਰੂਰ ਸੋਚਦੇ ਹਨ ਕਿ ਜੇ ਕਬੱਡੀ ਖੇਡ ਗੋਰਿਆਂ ਦੇ ਹੱਥ ਲੱਗ ਗਈ ਤਾਂ ਪੰਜਾਬੀ 'ਸ਼ੇਰ' ਜਿੰਨੇ
ਮਰਜੀ ਵੱਡੇ ਵੱਡੇ ਟੀਕੇ ਲਾ ਕੇ ਖੇਡੀ ਜਾਣ, ਉਹਨਾਂ ਨੇ ਇੱਕ ਨਹੀਂ ਗਿਣਨ ਦੇਣੀ। ਕਿਉਂਕਿ ਗੋਰੇ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਹਨ, ਦਿਲੋਂ ਜੀਅ ਜਾਨ ਤੋੜ ਕੇ ਕਰਦੇ ਹਨ ਜਦੋਂਕਿ ਅਸੀਂ ਪੰਜਾਬੀ ਜਲਦੀ ਤੋਂ ਜਲਦੀ ਤਰੱਕੀ ਹਾਸਲ ਕਰਨ ਲਈ ਆਪਣੇ ਸਰੀਰ ਨਾਲ ਵੀ ਧ੍ਰਿਗ ਕਮਾਉਣੋਂ ਗੁਰੇਜ਼ ਨਹੀਂ ਕਰਦੇ। ਸਮੂਹ ਕਬੱਡੀ ਪ੍ਰੇਮੀਆਂ ਲਈ ਖੁਸ਼ੀ ਦੀ ਖ਼ਬਰ ਹੈ ਕਿ ਕਪੂਰਥਲਾ ਜਿਲ੍ਹੇ ਨਾਲ ਸੰਬੰਧਤ ਇੰਗਲੈਂਡ ਵਸਦੇ ਇੱਕ ਪੰਜਾਬੀ ਪਿਛੋਕੜ ਵਾਲੇ ਨੌਜ਼ਵਾਨ ਅਸੋਕ ਦਾਸ ਨੇ ਇੰਗਲੈਂਡ ਦੀਆਂ ਜੰਮਪਲ ਗੋਰੀਆਂ ਦੀ ਕਬੱਡੀ ਟੀਮ ਤਿਆਰ ਕਰ ਲਈ ਹੈ ਜੋ ਪੰਜਾਬੀ ਕਬੱਡੀ ਖੇਡਦੇ ਮੁੰਡੇ ਤੇ ਕੁੜੀਆਂ ਲਈ ਇੱਕ ਵੱਖਰੀ ਮਿਸਾਲ ਹੋਵੇਗੀ। ਇਸ ਸੰਬੰਧੀ ਜਗ ਬਾਣੀ ਨਾਲ ਵਿਸ਼ੇਸ਼ ਵਾਰਤਾ ਦੌਰਾਨ ਅਸ਼ੋਕ ਦਾਸ ਨੇ ਦਿਲੀ ਵਲਵਲੇ ਸਾਂਝੇ ਕਰਦਿਆਂ ਕਿਹਾ ਕਿ ਕਬੱਡੀ ਨੂੰ ਵਿਸ਼ਵ ਪੱਧਰ 'ਤੇ ਪਛਾਣ ਦਿਵਾਉਣ ਲਈ ਜਰੂਰੀ ਹੈ ਕਿ ਹੋਰਨਾਂ ਦੇਸ਼ਾਂ ਦੇ ਵਸਨੀਕ ਮੁੰਡੇ ਕੁੜੀਆਂ ਵੀ ਇਸ ਦੇ ਦਾਅ-ਪੇਚਾਂ ਤੋਂ ਜਾਣੂੰ ਹੋਣ। ਕਬੱਡੀ ਸਾਡੀ ਮਾਂ ਤਾਂ ਰਹੇਗੀ ਹੀ, ਪਰ ਖੁਸ਼ੀ ਦੀ ਗੱਲ ਤਾਂ ਫੇਰ ਹੈ ਕਿ ਜੇ ਗੈਰ ਪੰਜਾਬੀ ਵੀ ਸਾਡੀ ਮਾਂ ਦੀ ਬੁੱਕਲ ਦਾ ਨਿੱਘ ਮਾਨਣ। ਜੇ ਵਿਦੇਸ਼ੀ ਲੋਕ ਕਬੱਡੀ ਖੇਡਣ ਨੂੰ ਚੰਗਾ ਸਮਝਣ ਲੱਗਣ ਤਾਂ ਹੀ ਮੁਕਾਬਲੇ ਦੀ ਭਾਵਨਾ ਵਧਣ ਕਾਰਨ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਮਾਂ ਦਾ ਨਾਂ ਵੇਚ ਕੇ ਅਸੀਂ ਨਸ਼ਿਆਂ ਦਾ ਸਹਾਰਾ ਲੈ ਕੇ ਕਬੱਡੀ ਪ੍ਰੇਮੀਆਂ ਨਾਲ ਵਿਸ਼ਵਾਸ਼ਘਾਤ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਅਸ਼ੋਕ ਦਾਸ ਸਿਰ ਇੰਟਰਨੈਸ਼ਨਲ ਕਬੱਡੀ ਫੇਡਰੇਸ਼ਨ ਦੇ ਮੀਤ ਪ੍ਰਧਾਨ, ਇੰਗਲੈਂਡ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ, ਯੋਰਪੀਅਨ ਕਬੱਡੀ ਫੈਡਰੇਸ਼ਨ ਦੇ ਜਨਰਲ ਸੈਕਟਰੀ ਅਤੇ ਬ੍ਰਿਟਸ਼ ਆਰਮੀ ਦੇ ਹੈੱਡ ਕੋਚ ਦੀਆਂ ਜ਼ਿੰਮੇਵਾਰੀਆਂ ਹਨ। ਇਹਨਾਂ ਅਹੁਦਿਆਂ ਦੀ ਮਸ਼ਰੂਫੀਅਤ ਦੇ ਬਾਵਜੂਦ ਵੀ ਅਸ਼ੋਕ ਦਾਸ ਮਾਂ ਖੇਡ ਕਬੱਡੀ ਦੀਆਂ ਪੱਕੀਆਂ ਜੜ੍ਹਾਂ ਇੰਗਲੈਂਡ ਵਿੱਚ ਲਾਉਣ ਲਈ ਨਿਰੋਲ ਗੋਰੀਆਂ ਦੀ ਟੀਮ ਤਿਆਰ ਕਰੀ ਬੈਠਾ ਹੈ। ਆਪਣੀ ਟੀਮ ਨੂੰ ਆਸਟਰੀਆ ਤੋਂ ਖਿਡਾ ਕੇ ਵਾਪਸ ਪਰਤੇ ਅਸ਼ੋਕ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ, ਨਿਊਯਾਰਕ ਵਿਖੇ ਪ੍ਰਦਰਸ਼ਨ ਕਰਨ ਜਾ ਰਹੇ ਹਨ ਤਾਂ ਕਿ ਕਬੱਡੀ ਨੂੰ ਨਸ਼ਾ ਮੁਕਤ ਕਰਨ ਦਾ ਸੰਦੇਸ਼ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਹੋਏ ਪਹਿਲੇ ਵਿਸ਼ਵ ਕਬੱਡੀ ਕੱਪ ਵਿੱਚ ਸਿਰਫ ਮੁੰਡਿਆਂ ਦੀਆਂ ਟੀਮਾਂ ਕਬੱਡੀ ਖੇਡੀਆਂ ਹਨ ਤਾਂ ਦੂਜੇ ਵਿਸ਼ਵ ਕਬੱਡੀ ਕੱਪ ਵਿੱਚ ਪੰਜਾਬ ਦੀਆਂ ਕੁੜੀਆਂ ਦੀ ਕਬੱਡੀ ਟੀਮ ਸਮੇਤ ਇੰਗਲੈਂਡ, ਅਮਰੀਕਾ, ਇਰਾਨ, ਅਫਗਾਨਿਸਤਾਨ ਆਦਿ ਦੇਸ਼ਾਂ ਵਿੱਚੋਂ ਵੀ ਟੀਮਾਂ ਪਹੁੰਚਦੀਆਂ ਕਰਨ ਲਈ ਸਿਰਤੋੜ ਯਤਨ ਕਰਨਗੇ। ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਕੁੜੀਆਂ ਦੀਆਂ ਟੀਮਾਂ ਨੂੰ ਦੂਜੇ ਵਿਸ਼ਵ ਕਬੱਡੀ ਕੱਪ ਵਿੱਚ ਪ੍ਰਦਰਸ਼ਨ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ। ਅਸ਼ੋਕ ਦਾਸ ਨੇ ਪੂਰਨ ਆਤਮਵਿਸ਼ਵਾਸ ਨਾਲ ਕਿਹਾ ਕਿ ਉਹਨਾਂ ਦੁਆਰਾ ਸਿਖਾਈਆਂ ਇੰਗਲੈਂਡ ਦੀਆਂ ਗੋਰੀਆਂ ਬਗੈਰ ਕਿਸੇ ਨਸ਼ੇ ਦਾ ਸਹਾਰਾ ਲਏ ਫਸਵੇਂ 3-4 ਮੈਚ ਖੇਡਣ ਦੀ ਸਮਰੱਥਾ ਰੱਖਦੀਆਂ ਹਨ ਜਦੋਂਕਿ ਇੰਨੀ ਸਮਰੱਥਾ ਮੁੰਡਿਆਂ ਦੇ ਵੱਸ ਦਾ ਰੋਗ ਵੀ ਨਹੀਂ ਹੈ।