ਕੀਤਾ ਇੰਗਲੈਂਡ ਤੋਂ ਆਪਣਾ ਸਮਰਥਨ ਦੇਣ ਦਾ ਐਲਾਨ
ਲੰਡਨ,9 ਅਗਸਤ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬ ਨੂੰ ਭ੍ਰਿਸ਼ਟ ਰਾਜਨੀਤੀ ਤੋਂ ਨਿਜਾਤ ਦਿਵਾਉਣ, ਪੰਜਾਬ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਦਾ ਸੰਕਲਪ ਕਰਕੇ ਤੁਰੇ ਮਨਪ੍ਰੀਤ ਸਿੰਘ ਬਾਦਲ ਨੂੰ ਦੇਸ਼ ਵਿਦੇਸ਼ ਵਿੱਚੋਂ ਮਿਲ ਰਹੇ ਹੁੰਗਾਰੇ ਅਨੁਸਾਰ ਇੰਗਲੈਂਡ ਵਸਦੇ ਪੰਜਾਬ ਪ੍ਰੇਮੀਆਂ ਵੱਲੋਂ 'ਫਰੈਂਡਜ਼ ਆਫ਼ ਪੀਪਲਜ਼ ਪਾਰਟੀ
ਆਫ਼ ਪੰਜਾਬ' ਨਾਂ ਦੇ ਬੈਨਰ ਹੇਠ ਇੰਗਲੈਂਡ ਤੋਂ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਿੱਥੇ ਮਨਪ੍ਰੀਤ ਸਿੰਘ ਬਾਦਲ ਦੀ ਸੰਭਾਵਿਤ ਇੰਗਲੈਂਡ ਫੇਰੀ ਨੂੰ ਲੈ ਕੇ ਇੰਗਲੈਂਡ ਵਸਦੇ ਉਹਨਾਂ ਦੇ ਹਮਾਇਤੀਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਉੱਥੇ ਫਰੈਂਡਜ਼ ਆਫ਼ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਇਲਫੋਰਡ ਇਕਾਈ ਵੱਲੋਂ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਮੂਹ ਮੈਂਬਰਾਨ ਅਤੇ ਹਮਾਇਤੀਆਂ ਵੱਲੋਂ ਮਨਪ੍ਰੀਤ ਬਾਦਲ ਦੇ ਦਲੇਰਾਨਾ ਕਦਮ ਦੀ ਸਰਾਹਨਾ ਕਰਦਿਆਂ ਹਰ ਸੰਭਵ ਸਹਾਇਤਾ ਦਾ ਵਾਅਦਾ ਦੁਹਰਾਇਆ। ਇਸ ਸਮੇਂ ਸੰਬੋਧਨ ਕਰਦਿਆਂ ਈਸਟ ਲੰਡਨ ਦੇ ਕਨਵੀਨਰ ਅਮਰੀਕ ਸਿੰਘ ਢਿੱਲੋਂ, ਪਰਮਜੀਤ ਰਤਨਪਾਲ, ਦਿਲਬਾਗ ਸਿੰਘ ਚਾਹਲ, ਰਸਬੀਰ ਸਿੰਘ ਬਿਰਿੰਗ, ਜਗਦੇਵ ਸਿੰਘ ਪੁਰੇਵਾਲ, ਅਮਰੀਕ ਸਿੰਘ ਬੋਪਾਰਾਏ, ਮਹਿੰਦਰ ਸਿੰਘ ਸੰਘਾ ਆਦਿ ਨੇ ਕਿਹਾ ਕਿ ਰਾਜਨੀਤੀ ਦੇ ਨਾਂ ਉੱਪਰ ਹੁੰਦੀ ਸੂਬੇ ਦੀ ਲੁੱਟ ਖਸੁੱਟ ਖਿਲਾਫ਼ ਲੜਾਈ ਵਿੱਚ ਉਹ ਮਨਪ੍ਰੀਤ ਬਾਦਲ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਨੇ ਪੰਜਾਬ ਨਾਲ ਮੋਹ ਰੱਖਣ ਵਾਲਿਆਂ ਨੂੰ ਭਾਵਨਾਤਮਕ ਤੌਰ ਉੱਤੇ ਹਨੇਰੇ ਵਿੱਚ ਹੀ ਰੱਖਿਆ ਹੈ। ਪਰ ਮਨਪ੍ਰੀਤ ਬਾਦਲ ਨੇ ਆਪਣੇ ਅਹੁਦੇ ਤੱਕ ਨੂੰ ਠੋਕਰ ਮਾਰ ਕੇ ਦਰਸਾ ਦਿੱਤਾ ਹੈ ਕਿ ਉਸਨੂੰ ਪਰਿਵਾਰਕ ਰਿਸ਼ਤਿਆਂ ਨਾਲੋਂ ਵੀ ਪੰਜਾਬ ਦੇ ਹਿਤ ਵਧੇਰੇ ਪਿਆਰੇ ਹਨ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਓ ਇਸ ਆਰ-ਪਾਰ ਦੇ ਸੰਘਰਸ਼ ਵਿੱਚ ਮਨਪ੍ਰੀਤ ਬਾਦਲ ਦੀ ਪਿੱਠ ਥਾਪੜੀਏ ਤਾਂ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਸਮੁੱਚੀ ਟੀਮ ਤਹਿਦਿਲੋਂ ਨਵਾਂ ਪੰਜਾਬ ਉਸਾਰਨ ਵਿੱਚ ਸਰਗਰਮ ਰਹੇ। ਇਸ ਉਪਰੰਤ ਕਨਵੀਨਰ ਅਮਰੀਕ ਸਿੰਘ ਢਿੱਲੋਂ, ਪਰਮਜੀਤ ਰਤਨਪਾਲ ਨੇ ਜਗ ਬਾਣੀ ਨਾਲ ਵਿਸ਼ੇਸ਼ ਵਾਰਤਾ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਵੀ ਜੰਗੀ ਪੱਧਰ ਉੱਤੇ ਵਿੱਢੀ ਹੋਈ ਹੈ। ਜਿਸ ਸੰਬੰਧੀ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਸਮੁੱਚਾ ਰਿਕਾਰਡ ਮਨਪ੍ਰੀਤ ਬਾਦਲ ਨੂੰ ਇੰਗਲੈਂਡ ਫੇਰੀ ਦੌਰਾਨ ਸਪੁਰਦ ਕੀਤਾ ਜਾਵੇਗਾ।