-300 ਤੋਂ ਵਧੇਰੇ ਮੈਂਬਰਾਂ ਨੇ ਕੀਤੀ ਸ਼ਮੂਲੀਅਤ।
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਵਲੈਤ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਪਲ ਫੁਰਸਤ ਦੇ ਕੱਢਣ ਅਤੇ ਆਪਣੇ ਪਿੰਡਾਂ ਦੇ ਪਰਿਵਾਰਾਂ ਨੂੰ ਨੇੜਿਉਂ ਮਿਲਣ ਦੇ ਮਨਸ਼ੇ ਨਾਲ
ਇੰਗਲੈਂਡ ਵਸਦੇ ਮੋਗਾ ਜਿਲ੍ਹੇ ਦੇ ਪ੍ਰਵਾਸੀਆਂ ਨੇ ਇੱਕ ਮੋਗਾ ਮਿਲਾਪ ਸੁਸਾਇਟੀ ਦਾ ਗਠਨ ਕੀਤਾ ਹੈ। ਜਿਸਦੀ ਪਹਿਲੀ ਕੋਸ਼ਿਸ਼ ਵਜੋਂ ਬੀਤੀ ਰਾਤ ਨੂੰ ਇੱਕ ਵਿਸ਼ਾਲ ਮਿਲਣੀ ਦਾ ਆਯੋਜਨ ਸਾਊਥ ਰਾਇਸਲਿਪ ਦੇ ਕਰਾਊਨ ਕਾਨਫਰੰਸ ਹਾਲ ਵਿਖੇ ਕੀਤਾ ਗਿਆ। ਸੁਰਿੰਦਰ ਖਹਿਰਾ (ਕਾਸਲ ਹੋਟਲ), ਮਨਪ੍ਰੀਤ ਸਿੰਘ ਬੱਧਨੀ, ਜਗਰਾਜ ਸਿੰਘ ਸਰਾਂ (ਹੀਥਰੋ ਐਸਟੇਟ), ਬਲਵਿੰਦਰ ਸਿੰਘ ਕੋਕਰੀ ਕਲਾਂ, ਗੁਰਮੀਤ ਸਿੰਘ ਗਿੱਲ (ਨੱਥੂਵਾਲਾ ਜਦੀਦ), ਰਣਧੀਰ ਸਿੰਘ ਮੋਗਾ ਆਦਿ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੌਰਾਨ ਗਾਇਕ ਤੇ ਟੀ.ਵੀ. ਪੇਸ਼ਕਾਰ ਰਾਜ ਸੇਖੋਂ, ਗਾਇਕ ਸਿਕੰਦਰ ਬਰਾੜ ਨੇ ਆਪਣੀ ਗਾਇਕੀ ਰਾਹੀਂ ਸਮਾਗਮ ਨੂੰ ਚਾਰ ਚੰਨ ਲਾਏ। ਇਸ ਸਮੇਂ ਬੋਲਦਿਆਂ ਸ੍ਰੀ ਬਿੱਲੂ ਖਹਿਰਾ ਨੇ ਕਿਹਾ ਕਿ ਪ੍ਰਦੇਸਾਂ ਵਿੱਚ ਆ ਕੇ ਵੀ ਅਸੀਂ ਆਪਣੇ ਪਿੰਡਾਂ ਦੇ ਗੁਆਂਢੀਆਂ ਇੱਥੋਂ ਤੱਕ ਕਿ ਇੱਕੋ ਪਿੰਡ ਦੇ ਪਰਿਵਾਰਾਂ ਨੂੰ ਵੀ ਸਮੇਂ ਦੀ ਘਾਟ ਅਤੇ ਭੱਜ ਦੌੜ ਭਰੀ ਜ਼ਿੰਦਗੀ ਕਾਰਨ ਨਹੀਂ ਮਿਲ ਸਕਦੇ। ਸੁਸਾਇਟੀ ਦਾ ਮੁੱਖ ਮੰਤਵ ਹੀ ਹੈ ਕਿ ਅਸੀਂ ਸਮੇਂ ਸਮੇਂ ਉੱਪਰ ਅਜਿਹੀ ਮੇਲ ਮਿਲਾਪ ਵਧਾਉਣ ਵਾਲੇ ਸਮਾਗਮਾਂ ਦਾ ਆਯੋਜਨ ਕਰਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਾਂਗੇ। ਸਮਾਗਮ ਦੌਰਾਨ 300 ਤੋਂ ਵਧੇਰੇ ਦੀ ਤਾਦਾਦ ਵਿੱਚ ਪਹੁੰਚੇ ਮੋਗਾ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਨਾਲ ਸੰਬੰਧਤ ਪਰਿਵਾਰਾਂ ਨੇ ਇਸ ਸਮੇਂ ਹੋਏ ਰੰਗਾਰੰਗ ਸਮਾਗਮ ਦੌਰਾਨ ਭੰਗੜਾ ਗਿੱਧਾ ਪਾ ਕੇ ਖੂਬ ਆਨੰਦ ਮਾਣਿਆ। ਇੰਗਲੈਂਡ ਦੇ ਪ੍ਰਸਿੱਧ ਟੈਲੀਵਿਜ਼ਨ ਚੈਨਲ ਐੱਮ ਏ ਟੀæਵੀæ ਦੀ ਟੀਮ ਰਾਹੀਂ ਇੰਗਲੈਂਡ ਵਾਸੀਆਂ ਅਤੇ ਹਾਜਰੀਨ ਨੂੰ ਗੁਰਮੀਤ ਗਿੱਲ, ਸੁਲੱਖਣ ਸਿੰਘ ਖੋਸਾ, ਮਨਦੀਪ ਹਿੰਮਤਪੁਰਾ, ਮਨਪ੍ਰੀਤ ਸਿੰਘ, ਬਿੱਲੂ ਖਹਿਰਾ, ਜਗਰਾਜ ਸਰਾਂ ਆਦਿ ਨੇ ਮੋਗੇ ਦੇ ਇਤਿਹਾਸ, ਮੋਗਾ ਜਿਲ੍ਹੇ ਦੇ ਵਸਨੀਕਾਂ ਵੱਲੋਂ ਸੱਭਿਆਚਾਰਕ, ਸਾਹਿਤਕ, ਰਾਜਨੀਤਕ, ਧਾਰਮਿਕ ਖੇਤਰਾਂ ਵਿੱਚ ਪਾਏ ਯੋਗਦਾਨ ਬਾਰੇ ਵੱਖ ਵੱਖ ਪੱਖਾਂ ਤੋਂ ਜਾਣੂੰ ਕਰਵਾਇਆ। ਸਮਾਗਮ ਦੌਰਾਨ ਬਿੱਲੂ ਖਹਿਰਾ ਵੱਲੋਂ ਸੁਝਾਏ ਨੁਕਤੇ ਅਨੁਸਾਰ 'ਕਿਸਮਤ ਪੁੜੀ' ਰਾਹੀਂ ਹਾਜਰੀਨ ਵਿੱਚੋਂ ਦੋ ਮੈਂਬਰਾਂ ਨੂੰ ਵੇਲਜ ਵਿੱਚ ਦੋ ਦਿਨ ਦੀ ਸ਼ੈਰ ਅਤੇ ਮੁਫਤ ਰਿਹਾਇਸ ਦੇਣ ਦਾ ਐਲਾਨ ਕੀਤਾ ਗਿਆ। ਸਨੀ ਅਤੇ ਸੁਖ ਨਾਂ ਦੇ ਖੁਸ਼ਕਿਸਮਤ ਜੋੜੇ ਨੂੰ ਇਸ ਸ਼ੈਰ ਅਤੇ ਮੁਫਤ ਮਹਿਮਾਨ ਨਿਵਾਜੀ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਿੰਕ ਸਿਟੀ ਦੇ ਮਾਲਕ ਲਖਵਿੰਦਰ ਸਿੰਘ ਕੋਕਰੀ ਕਲਾਂ, ਸੁਰਜੀਤ ਸਿੰਘ ਮਟਵਾਣੀ, ਕੌਂਸਲਰ ਸੰਤੋਖ ਢਿੱਲੋਂ ਬੁੱਟਰ, ਗੁਰਤੇਜ ਗੋਗੀ ਬੁੱਟਰ, ਬਲਜੀਤ ਢਿੱਲੋਂ ਬੁੱਟਰ, ਰੇਡੀਓ ਪ੍ਰਜੈਂਟਰ ਬਿੱਟੂ ਖੰਘੂੜਾ, ਰਣਯੋਧ ਸਿੰਘ ਰਾਜਾ ਮਟਵਾਣੀ, ਪ੍ਰੀਤਮ ਸਿੰਘ ਮਟਵਾਣੀ, ਸਤਵੰਤ ਸਿੰਘ ਮੱਲ੍ਹੀ ਡਾਇਰੈਕਟਰ ਨਿਊ ਗੋਲਡਨ ਕਾਰਪੈਟ, ਹਰਬੰਤ ਸਿੰਘ ਮੱਲ੍ਹੀ, ਸੋਲਿਸਟਰ ਰਘਵਿੰਦਰ ਸਿੰਘ (ਐੱਸ ਜ਼ੈੱਡ ਸੋਲਿਸਟਰਜ਼), ਬਲਜੀਤ ਸਿੰਘ ਮੱਲ੍ਹੀ (ਜੀ ਐਂਡ ਬੀ ਵਿੰਡੋਜ਼), ਮੇਜਰ ਸਿੰਘ, ਮਨੂੰ ਕਪਿਲ ਮੋਗਾ, ਲੱਖੀ ਸੈਦੋਕੇ, ਜੱਸੀ ਕਨੌਰੀ, ਜਸਵਿੰਦਰ ਸੈਂਹਬੀ ਆਦਿ ਵਿਸ਼ੇਸ਼ ਤੌਰ ਉੱਤੇ ਹਾਜਰ ਸਨ। ਜੇ ਇਸਨੂੰ ਇੰਗਲੈਂਡ ਵਿੱਚ ਹੁਣ ਤੱਕ ਦੇ ਇਤਿਹਾਸ ਵਿੱਚ ਕਿਸੇ ਇਕੱਲੇ ਜਿਲ੍ਹੇ ਦੇ ਲੋਕਾਂ ਦੀ ਪਹਿਲੀ ਭਾਰੀ ਇਕੱਤਰਤਾ ਕਹਿ ਲਿਆ ਜਾਵੇ ਤਾਂ ਸ਼ਾਇਦ ਅਤਿਕਥਨੀ ਨਹੀਂ ਹੋਵੇਗੀ। ਸ਼ਾਮ ਨੂੰ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲਿਆ ਇਹ ਮਿਲਣੀ ਸਮਾਗਮ ਯਾਦਗਾਰੀ ਹੋ ਨਿੱਬੜਿਆ।