ਇਟਲੀ (ਬਲਵਿੰਦਰ ਸਿੰਘ ਚਾਹਲ ਮਾਧੋ ਝੰਡਾ) - ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਏ ਗਏ ਇਕ ਪਰਿਵਾਰਕ ਮੇਲੇ ਵਿੱਚ ਪ੍ਰਸਿੱਧ ਲੇਖਿਕਾ ਭਿੰਦਰ ਜਲਾਲਾਬਾਦੀ ਦੀ ਪੁਸਤਕ 'ਬਣਵਾਸ ਬਾਕੀ ਹੈ'ਕਹਾਣੀ ਸੰਗ੍ਰਹਿ ਦੀ ਘੁੰਢ ਚਕਾਈ ਕਰਕੇ ਲੋਕ ਅਰਪਣ ਕੀਤਾ ਗਿਆ । ਬੇਸ਼ੱਕ ਲੇਖਿਕਾ ਆਪ ਬੜੇ ਚਿਰ ਤੋਂ ਇੰਗਲੈਂਡ ਰਹਿ ਰਹੀ ਹੈ ਪਰ ਲੇਖਿਕਾ ਨੇ ਆਪਣੇ ਦੇਸ਼ ਵਿੱਚ ਹੋ ਰਹੀਆਂ ਘਟਨਾਵਾਂ ਦਾ ਵਰਨਣ ਬਹੁਤ ਖੂਬਸੂਰਤੀ ਨਾਲ ਕੀਤਾ ਹੈ । ਕਿਸ ਤਰਾਂ ਸਾਡੀ ਨੌਜਵਾਨ ਪੀੜੀ ਨਸ਼ਿਆਂ 'ਚ ਗਲਤਾਨ ਹੋ ਰਹੀ ਹੈ, ਕਰਜ਼ੇ ਹੇਠ ਦੱਬੀ ਪੰਜਾਬੀ ਕਿਸਾਨੀ ਦਾ ਦੁਖਾਂਤ, ਦਰ ਦਰ ਦੀਆਂ ਠੋਕਰਾਂ ਖਾਂਦੇ ਬੇਰੁਜ਼ਗਾਰ ਨੌਜਵਾਨ, ਬਾਲ ਮਜਦੂਰੀ ਦਾ ਕੋਹੜ, ਗਰੀਬੀ ਦੀ ਰੇਖਾ ਤੋਂ ਵੀ ਥੱਲੇ ਜੀਅ ਰਿਹਾ ਗਰੀਬ ਤਬਕਾ ਅਤੇ ਪ੍ਰਦੇਸ ਦੀ ਜ਼ਿੰਦਗੀ ਨੂੰ ਬਿਆਨ ਕੀਤਾ ਹੈ । ਗੱਲ ਕੀ ਭਿੰਦਰ ਜਲਾਲਾਬਾਦੀ ਦੀਆਂ ਕਹਾਣੀਆਂ ਸਾਡੇ ਜੀਵਨ, ਸਾਡੇ ਸਮਾਜ ਅਤੇ ਸਾਡੇ ਅੱਜ ਅਤੇ ਕੱਲ ਦੀ ਤਸਵੀਰ ਨੂੰ ਹੂਬਹੂ ਬਿਆਨ ਕਰਦੀਆਂ ਹਨ । ਲੇਖਿਕਾ ਇਸ ਪੱਖੋਂ ਵਧਾਈ ਦੀ ਪਾਤਰ ਹੈ ਕਿ ਉਸ ਨੇ ਆਪਣੀ ਕਲਮ ਦੁਆਰਾ ਪੰਜਾਬ ਦੇ ਘਰੇਲੂ ਜੀਵਨ ਦੇ ਦੁਖਾਂਤ ਨੂੰ ਬੜੀ ਸਹਿਜਤਾ ਅਤੇ ਬਾਖੂਬੀ ਬਿਆਨ ਕੀਤਾ ਹੈ ।
ਕਿਤਾਬ ਦੀ ਘੁੰਢ ਚੁਕਾਈ ਮੌਕੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਪ੍ਰਭਜੀਤ ਨਰਵਾਲ, ਸਰਪ੍ਰਸਤ ਰਵੇਲ ਸਿੰਘ, ਸ਼ਾਇਰ ਮਲਕੀਅਤ ਸਿੰਘ ਹਠੂਰੀਆ, ਪ੍ਰਸਿੱਧ ਸ਼ਾਇਰ ਤੇ ਲੇਖਕ ਵਿਸ਼ਾਲ, ਬਲਵਿੰਦਰ ਸਿੰਘ ਚਾਹਲ, ਸਾਬਰ ਅਲੀ, ਰਾਜੂ ਹਠੂਰੀਆ, ਪ੍ਰੋ ਬਲਵਿੰਦਰ ਸਿੰਘ, ਜੱਸੀ ਬਨਵੈਤ, ਬਲਦੇਵ ਸਿੰਘ ਬੂਰੇਜੱਟਾਂ, ਸਤਵਿੰਦਰ ਟੀਟਾ, ਜਸਬੀਰ ਸਿੰਘ ਬੈਰਗਾਮੋ, ਗਾਇਕ ਅਵਤਾਰ ਰੰਧਾਵਾ, ਸਰਬਜੀਤ ਢੱਕ , ਨਰਿੰਦਰਪਾਲ ਸਿੰਘ ਬਿੱਟੂ, ਅਨਿਲ ਕੁਮਾਰ ਸ਼ਰਮਾ, ਹੈਪੀ ਕਾਮਰੇਡ, ਜਤਿੰਦਰ ਬੁਗਲੀ ਤੇ ਕਈ ਹੋਰ ਸਖਸ਼ੀਅਤਾਂ ਹਾਜ਼ਰ ਸਨ।