Sunday, 8 May 2011
ਨਿੰਦਰ ਘੁਗਿਆਣਵੀ ਦੀ ਯਮਲਾ ਜੱਟ ਬਾਰੇ ਕਿਤਾਬ ਮੁੱਖ-ਮੰਤਰੀ ਵੱਲੋਂ ਰਿਲੀਜ਼
ਪਟਿਆਲਾ--ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ ਸਰਬ ਭਾਰਤੀ ਕਾਨਫਰੰਸ ਵਿੱਚ ਇਸ ਵਾਰੀ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਲਾਲ ਚੰਦ ਯਮਲਾ ਜੱਟ ਦੀ ਲੋਕ ਸੰਗੀਤ ਨੂੰ ਭਾਰੀ ਦੇਣ ਬਦਲੇ ਉਸਦੇ ਪਰਿਵਾਰ ਦਾ ਸਨਮਾਨ ਕੀਤੇ ਜਾਣ 'ਤੇ ਸਾਹਿਤਕ ਤੇ ਸਭਿਆਚਾਰਕ ਹਲਕਿਆਂ ਵਿੱਚ ਜੋਰਦਾਰ ਸਵਾਗਤ ਹੋ ਰਿਹਾ ਹੈ। ਇਸ ਮੌਕੇ 'ਤੇ ਪੰਜਾਬ ਦੇ ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਹੁਤ ਪ੍ਰਸੰਨ-ਚਿੱਤ ਨਜ਼ਰ ਆ ਰਹੇ ਸਨ, ਉਹਨਾਂ ਯਮਲਾ ਜੱਟ ਦੇ ਸਪੁੱਤਰਾਂ, ਨੂੰਹਾਂ ਤੇ ਧੀਆਂ ਨੂੰ ਸਨਮਾਨਿਤ ਕਰਦਿਆਂ ਆਖਿਆ ਕਿ ਅੱਜ ਉਹਨਾਂ ਦੇ ਪੁੱਤ ਨੂੰ ਯਮਲਾ ਜੀ ਦੇ ਲਿਬਾਸ ਵਿੱਚ ਹੂ ਬੂ ਹੂ ਦੇਖ ਕੇ ਮੈਨੂੰ ਲੱਗਿਆ ਹੈ ਕਿ ਜਿਵੇਂ ਸੱਚ ਮੁੱਚ ਯਮਲਾ ਜੱਟ ਹੀ ਮੁੜ ਇਸ ਦੁਨੀਆਂ 'ਤੇ ਆ ਗਿਆ ਹੋਵੇ! ਸ੍ਰ ਬਾਦਲ ਨੇ ਇਹ ਵੀ ਕਿਹਾ ਕਿ ਯਮਲਾ ਜੱਟ ਤਾਂ ਸਾਡਾ ਹਾਣੀ ਸੀ ਤੇ ਬਹੁਤ ਸਾਰੀਆਂ ਕਾਨਫਰੰਸਾਂ 'ਤੇ ਅਸੀਂ ਉਹਦੇ ਗੀਤ ਸੁਣਦੇ ਰਹੇ, ਉਹਨਾ ਅਫਸੋਸ ਨਾਲ ਕਿਹਾ ਕਿ ਅੱਜ ਪੰਜਾਬ ਵਿੱਚੋਂ ਇਹ ਤੁਰਲੇ ਤੇ ਚਾਦਰੇ ਵਾਲਾ ਲਿਬਾਸ ਅਲੋਪ ਹੋ ਰਿਹਾ ਹੈ। ਇਸ ਮੌਕੇ 'ਤੇ ਹੀ ਸ੍ਰ ਬਾਦਲ ਨੇ ਮਾਲਵੇ ਦੇ ਜੰਮਪਲ ਤੇ ਉੱਘੇ ਨੌਜਵਾਨ ਲੇਖਕ ਨਿੰਦਰ ਘੁਗਿਆਣਵੀ, (ਜੋ ਯਮਲਾ ਜੀ ਦੇ ਸ਼ਾਗਿਰਦ ਵੀ ਰਹੇ) ਦੀ ਯਮਲਾ ਜੱਟ ਬਾਰੇ ਲਿਖੀ ਤੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਪੁਸਤਕ 'ਯਮਲਾ ਜੱਟ-ਜੀਵਨ ਤੇ ਕਲਾ' ਰਿਲੀਜ਼ ਕਰਨ ਸਮੇਂਂ ਕਿਹਾ ਕਿ ਇਸ ਮੁੰਡੇ ਨੇ ਨਿੱਕੀ ਜਿਹੀ ਉਮਰ ਵਿੱਚ ਹੀ ਏਡਾ ਸੁਹਣਾ ਕਾਰਜ ਕਰ ਵਿਖਾਇਆ ਹੈ। ਇਸ ਪੁਸਤਕ ਵਿੱਚ ਨਿੰਦਰ ਘੁਗਿਆਣਵੀ ਨੇ ਯਮਲਾ ਜੱਟ ਦੇ ਜਨਮ, ਬਚਪਨ, ਸ਼ੌਕ, ਸੰਗੀਤ ਨੂੰ ਦੇਣ, ਉਹਨਾਂ ਦੇ ਵੱਡੇ-ਵਡੇਰਿਆਂ ਦੀਆਂ ਯਾਦਾਂ, ਦੇਸ਼ ਦੀ ਵੰਡ, ਤੂੰਬੀ ਦੀ ਕਾਢ, ਸ਼ਗਿਰਦ ਪ੍ਰੰਪਰਾ, ਗੀਤ ਕਲਾ ਅਤੇ ਯਮਲਾ ਜੱਟ ਦੇ ਮਾਨ-ਸਨਮਾਨ ਆਦਿ ਬਾਰੇ ਵੀ ਡੂੰਘੀ ਜਾਣਕਾਰੀ ਦਿੱਤੀ ਗਈ ਹੈ।