ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਖ਼ਾਲਸੇ ਦੇ 312ਵੇਂ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵੱਲੋਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਪੰਜ ਪਿਆਰਿਆਂ ਦੀ
ਅਗਵਾਈ ਵਿੱਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਹੈਵਲਾਕ ਰੋਡ ਤੋਂ ਨਗਰ ਕੀਰਤਨ ਰਵਾਨਾ ਹੋਇਆ ਜਿਸ ਵਿੱਚ ਬਰਤਾਨੀਆ ਦੇ ਕੋਨੇ ਕੋਨੇ 'ਚੋਂ ਸਿੱਖ ਸੰਗਤਾਂ ਨੇ ਸ਼ਿਰਕਤ ਕੀਤੀ। ਕਾਂ ਦੀ ਅੱਖ ਕੱਢਦੀ ਧੁੱਪ, ਖੁਸ਼ਕ ਰਹੇ ਮੌਸਮ 'ਚ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਈ। ਨਗਰ ਕੀਰਤਨ ਦੇ ਚਾਲੇ ਤੋਂ ਪਹਿਲਾਂ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ੍ਰ. ਹਿੰਮਤ ਸਿੰਘ ਸੋਹੀ ਨੇ ਨਵ ਨਿਯੁਕਤ ਸਭਾ ਦੇ ਮੈਂਬਰਾਨ ਵੱਲੋਂ ਸਮੂਹ ਸੰਗਤਾਂ ਨੂੰ ਸ਼ਾਂਤੀ, ਧੀਰਜ਼ ਅਤੇ ਆਪਸੀ ਮਿਲਵਰਤਣ ਬਣਾਈ ਰੱਖਣ ਦੀ ਅਪੀਲ ਕਰਦਿਆਂ ਖ਼ਾਲਸੇ ਦੇ ਸਾਜਨਾ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਉਪਰੰਤ ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ, ਈਲਿੰਗ ਬਾਰੋਅ ਦੇ ਮੇਅਰ ਸ੍ਰੀ ਰਾਜਿੰਦਰ ਸਿੰਘ ਮਾਨ, ਕੌਂਸਲਰ ਗੁਰਮੀਤ ਕੌਰ ਮਾਨ, ਡੌਰਮਰਜ਼ ਵੈੱਲਜ਼ ਦੇ ਕੌਂਸਲਰ ਰਣਜੀਤ ਧੀਰ, ਕੌਂਸਲਰ ਕੇ.ਸੀ. ਮੋਹਨ, ਸੁਖਦੇਵ ਸਿੰਘ ਔਜਲਾ, ਕੌਂਸਲਰ ਤੇਜ ਰਾਮ ਬਾਘਾ, ਗਰੀਨਫੋਰਡ ਬਰਾਡਵੇ ਦੇ ਕੌਂਸਲਰ ਜੂਲੀਅਨ ਬੈੱਲ, ਲੰਡਨ ਦੇ ਡਿਪਟੀ ਮੇਅਰ ਰਿਚਰਡ ਬਾਰਨਸ ਆਦਿ ਨੇ ਸਿੱਖ ਸੰਗਤ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਵੀ ਆਪਸੀ ਭਾਈਚਾਰਕ ਤੰਦਾਂ ਮਜ਼ਬੂਤ ਬਣਾਈ ਰੱਖਣ ਦਾ ਵਾਅਦਾ ਦੁਹਰਾਇਆ। ਇਸ ਸਮੇਂ ਜਿੱਥੇ ਸੰਗਤਾਂ ਵੱਲੋਂ ਲਾਏ ਲੰਗਰ ਸੇਵਾ ਭਾਵਨਾ ਦੀ ਤਸਵੀਰ ਪੇਸ਼ ਕਰ ਰਹੇ ਸਨ ਉੱਥੇ ਬਰਤਾਨੀਆ ਦੇ ਜੰਮਪਲ ਭੁਝੰਗੀ ਸਿੰਘਾਂ ਵੱਲੋਂ ਗੱਤਕਾ ਦੇ ਦਿਖਾਏ ਜ਼ੌਹਰਾਂ ਨੇ ਵੀ ਸੰਗਤਾਂ ਨੂੰ ਦੰਦਾਂ ਹੇਠ ਜੀਭਾਂ ਦੇਣ ਲਈ ਮਜ਼ਬੂਰ ਕੀਤਾ। ਸੰਗਤਾਂ ਵੱਲੋਂ ਆਪੋ ਆਪਣੇ ਵਿੱਤ ਮੁਤਾਬਕ ਕੀਤੀ ਜਾ ਰਹੀ ਸੇਵਾ ਦਾ ਹੀ ਨਤੀਜਾ ਸੀ ਕਿ ਇਸ ਨਗਰ ਕੀਰਤਨ ਦੇ ਇਕੱਠ ਨੂੰ ਪਿਛਲੇ ਕਈ ਸਾਲਾਂ ਦੇ ਇਕੱਠਾਂ ਤੋਂ ਕਿਤੇ ਵਧੇਰੇ ਆਂਕਿਆ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਜਿੱਥੇ ਸਾਊਥਾਲ ਦੇ ਵੱਖ ਵੱਖ ਕਾਰੋਬਾਰੀ ਅਦਾਰਿਆਂ, ਰੇਡੀਓ ਸਟੇਸ਼ਨਾਂ, ਧਾਰਮਿਕ ਅਦਾਰਿਆਂ ਵੱਲੋਂ ਆਪੋ ਆਪਣੇ ਵਹੀਕਲਾਂ ਰਾਹੀਂ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ ਓਥੇ ਨਿਊ ਪੰਜਾਬ ਕੋਚਜ਼ ਵੱਲੋਂ ਬਿਰਧ ਜਾਂ ਤੁਰਨੋਂ ਅਸਮਰੱਥ ਸੰਗਤਾਂ ਲਈ ਬੱਸਾਂ ਸੇਵਾ ਵਿੱਚ ਲਾਈਆਂ ਹੋਈਆਂ ਸਨ। ਇਸ ਸਮੇਂ ਵਿਸ਼ੇਸ਼ ਵਾਰਤਾ ਦੌਰਾਨ ਸ੍ਰ. ਹਿੰਮਤ ਸਿੰਘ ਸੋਹੀ ਨੇ ਕਿਹਾ ਕਿ ਜਿੱਥੇ ਅੱਜ ਦਸਤਾਰ ਦੀ ਬੇਅਦਬੀ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ ਓਥੇ ਸਭਾ ਵੱਲੋਂ ਕੀਤੀ ਬੇਨਤੀ ਦਾ ਸਾਰਥਿਕ ਨਤੀਜਾ ਨਿੱਕਲਿਆ ਕਿ ਸੰਗਤਾਂ ਨੇ ਵੱਡੀ ਪੱਧਰ Ḕਤੇ ਸਭਾ ਵੱਲੋਂ ਕੇਸਰੀ ਦਸਤਾਰਾਂ ਸਜ਼ਾ ਕੇ ਆਉਣ ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਸਾਊਥਾਲ ਦੇ ਨਗਰ ਕੀਰਤਨ ਦਾ ਨਜ਼ਾਰਾ ਦੇਖਿਆਂ ਹੀ ਬਣਦਾ ਸੀ ਕਿਉਂਕਿ ਜਿਸ ਪਾਸੇ ਵੀ ਨਜ਼ਰ ਘੁੰਮਦੀ ਸੀ ਸਾਰਾ ਸਾਊਥਾਲ ਕੇਸਰੀ ਦਸਤਾਰਾਂ ਦੀ ਰੰਗਤ 'ਚ ਹੀ ਰੰਗਿਆ ਨਜ਼ਰ ਆਉਂਦਾ ਸੀ।