Monday, 25 April 2011

ਲੰਡਨ 'ਚ ਗੀਤਕਾਰ ਮੰਗਲ ਹਠੂਰ ਸੋਨ ਤਗਮੇ ਨਾਲ ਸਨਮਾਨਿਤ।

ਵਿਸ਼ਵ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦਾ ਨਾਵਲ 'ਜੜ੍ਹਾਂ' ਲੰਡਨ 'ਚ ਰਿਲੀਜ਼ ਸਮਾਰੋਹ।ਲੰਡਨ- (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀ ਗੀਤਕਾਰੀ ਰਾਹੀਂ ਆਪਣੀ ਅਦਭੁੱਤ ਲਿਖਣ ਸ਼ੈਲੀ ਰਾਹੀਂ ਸਾਹਿਤ ਪ੍ਰੇਮੀਆਂ ਨੂੰ ਸੋਚਣ ਲਈ ਮਜ਼ਬੂਰ ਕਰ ਦੇਣ ਵਾਲੇ ਅਤੇ ਪੰਜਾਬੀ ਗੀਤਕਾਰੀ
ਨੂੰ ਨਵਾਂ ਮੁਹਾਣ ਦੇਣ ਵਾਲੇ ਗੀਤਕਾਰ ਮੰਗਲ ਹਠੂਰ ਨੇ ਇੱਕ ਨਾਵਲਕਾਰ ਵਜੋਂ ਵੀ ਕਲਮ ਅਜਮਾਈ ਕੀਤੀ ਹੈ। ਬੀਤੇ ਦਿਨ ਹੇਜ਼ ਸਥਿਤ ਨਸੀਬ ਪੰਜਾਬੀ ਰੈਸਟੋਰੈਂਟ ਕਰੀ ਐਂਡ ਸਵੀਟ ਸੈਂਟਰ ਵਿਖੇ ਮੰਗਲ ਹਠੂਰ ਦੇ ਨਾਵਲ 'ਜੜ੍ਹਾਂ' ਦਾ ਰਿਲੀਜ਼ ਸਮਾਰੋਹ 'ਮਾਂ ਦਿਵਸ' ਵਜੋਂ ਮਨਾਇਆ ਗਿਆ। ਰੈਸਟੋਰੈਂਟ ਦਾ ਉਦਘਾਟਨ ਗੀਤਕਾਰ ਮੰਗਲ ਹਠੂਰ ਨੇ ਕੀਤਾ। ਇਸ ਤੋਂ ਬਾਦ ਆਯੋਜਿਤ ਕੀਤੇ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ, ਡਿਪਟੀ ਮੇਅਰ ਕੌਂਸਲਰ ਸ੍ਰੀਮਤੀ ਪੂਨਮ ਢਿੱਲੋਂ, ਹਰਜਿੰਦਰ ਸਿੰਘ, ਡਾ. ਚਮਨ ਕਲਿਆਣ, ਜਗਰਾਜ ਸਿੰਘ (ਹੀਥਰੋ ਐਸਟੇਟ) ਨੇ ਕੀਤੀ। ਮੰਗਲ ਹਠੂਰ ਦੇ ਨਵ-ਪ੍ਰਕਾਸ਼ਿਤ ਨਾਵਲ "ਜੜ੍ਹਾਂ" ਨੂੰ ਰਿਲੀਜ਼ ਕਰਨ ਦੀ ਰਸਮ ਸ੍ਰੀ ਵਰਿੰਦਰ ਸ਼ਰਮਾ ਨੇ ਅਦਾ ਕੀਤੀ। ਇਸ ਸਮੇਂ ਚੱਲੇ ਸਾਹਿਤਕ ਦੌਰ 'ਚ ਜਿੱਥੇ ਨੌਜ਼ਵਾਨ ਕਵੀ ਰਵਿੰਦਰ ਰਵੀ ਨੱਥੋਵਾਲ, ਮਨਦੀਪ ਖੁਰਮੀ ਹਿੰਮਤਪੁਰਾ, ਵਰਿੰਦਰ ਜਮਾਲਪੁਰ ਆਦਿ ਨੇ ਆਪਣੀਆਂ ਰਚਨਾਵਾਂ ਦੁਨੀਆ ਭਰ ਦੀਆਂ ਮਾਵਾਂ ਦੇ ਨਾਂਅ ਕਰਦਿਆਂ ਭਰਵੀਂ ਹਾਜ਼ਰੀ ਲਗਵਾਈ ਉੱਥੇ ਮੰਗਲ ਹਠੂਰ ਵੱਲੋਂ ਨਾਵਲਕਾਰੀ 'ਚ ਆਪਣੀਆਂ ਜੜ੍ਹਾਂ ਡੂੰਘੀਆਂ ਕਰਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਸ੍ਰੀ ਵਰਿੰਦਰ ਸ਼ਰਮਾ, ਸ੍ਰੀਮਤੀ ਪੂਨਮ ਢਿੱਲੋਂ, ਜੁਗਰਾਜ ਸਿੰਘ, ਹਰਜਿੰਦਰ ਸਿੰਘ, ਡਾ: ਕਲਿਆਣ, ਗੁਰਚਰਨ ਸਿੰਘ ਬਿੱਲਾ, ਦੀਪਕ ਡੋਗਰਾ, ਰਣਜੀਤ ਰਾਣਾ ਨੱਥੋਵਾਲ ਆਦਿ ਨੇ ਕਿਹਾ ਕਿ ਮੰਗਲ ਵੱਲੋਂ ਪੰਜਾਬੀ ਗੀਤਕਾਰੀ 'ਚ ਜੋ ਅਮਿੱਟ ਪੈੜਾਂ ਪਾਈਆਂ ਹਨ ਉਹਨਾਂ ਨੂੰ ਦੇਖਦਿਆਂ ਆਸ ਕਰਨੀ ਬਣਦੀ ਹੈ ਕਿ ਨਾਵਲ ਜੜ੍ਹਾਂ ਵੀ ਉਸਦੀ ਲਿਖਣ ਸ਼ੈਲੀ ਦਾ ਬੇਹਤਰੀਨ ਨਮੂਨਾ ਹੋਵੇਗਾ। ਇਸ ਉਪਰੰਤ ਆਪਣੇ ਚਹੇਤਿਆਂ ਦੇ ਰੂਬਰੂ ਹੁੰਦਿਆਂ ਮੰਗਲ ਹਠੂਰ ਨੇ ਲਗਾਤਾਰ ਤਿੰਨ ਘੰਟੇ ਆਪਣੀ ਸ਼ੇਅਰੋ ਸ਼ਾਇਰੀ ਰਾਹੀਂ ਸਮਾਜਿਕ, ਰਾਜਨੀਤਕ ਅਤੇ ਆਰਥਿਕ ਮਸਲਿਆਂ 'ਤੇ ਕਟਾਖਸ਼ ਕਰਦੀਆਂ ਰਚਨਾਵਾਂ ਪੇਸ਼ ਕੀਤੀਆਂ। ਮੰਗਲ ਵੱਲੋਂ ਆਪਣੀ ਸ਼ਾਇਰੀ ਵਿੱਚ ਵਰਤੇ ਪੰਜਾਬੀ ਵਿਰਸੇ ਦੇ ਲੁਕੇ ਛਿਪੇ ਬਿੰਬਾਂ ਨੂੰ ਸੁਣ ਕੇ ਜਿੱਥੇ ਲੋਕ ਅਸ਼ ਅਸ਼ ਕਰ ਉੱਠੇ ਉੱਥੇ ਕਈਆਂ ਦੀਆਂ ਅੱਖਾਂ 'ਚੋਂ ਟਪਕਦੇ ਅੱਥਰੂ ਗਵਾਹੀ ਭਰ ਰਹੇ ਸਨ ਕਿ ਮੰਗਲ ਦੀ ਲੇਖਣੀ 'ਚ ਵਾਕਿਆ ਹੀ ਦਮ ਹੈ। ਇਸ ਉਪਰੰਤ ਮੰਗਲ ਹਠੂਰ ਨੂੰ ਨਸੀਬ ਪੰਜਾਬੀ ਰੈਸਟੋਰੈਂਟ ਵੱਲੋਂ 'ਗੋਲਡ ਮੈਡਲ'ਨਾਲ ਸਨਮਾਨਿਤ ਵੀ ਕੀਤਾ ਗਿਆ। ਮੰਚ ਸੰਚਾਲਕ ਦੇ ਫਰਜ਼ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਨਿਭਾਏ।