ਜਦੋ ਗਿੱਲ ਹਰਦੀਪ ਦੇ ਗੀਤਾਂ ਨੇ ਰੂਹਾਂ ਨਸ਼ਿਆ ਦਿੱਤੀਆਂ।
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ ਹਿੰਮਤਪੁਰਾ) ਮਾਲਵੇ ਦੇ ਖਿੱਤੇ ਦੇ ਸਿਰ ਕੱਢਵੇਂ ਅਤੇ ਖੇਤੀਬਾੜੀ ਦਾ ਸੰਦ ਕਹੀਆਂ ਬਣਾਉਣ ਲਈ ਸੰਸ਼ਾਰ ਭਰ ਵਿੱਚ ਪ੍ਰਸ਼ਿੱਧ ਪਿੰਡ ਹਿੰਮਤਪੁਰਾ ਵਿੱਚ ਐੱਨ. ਜੀ. ਓ. ਅਤੇ ਪੰਜਾਬੀ ਸੱਭਿਆਚਾਰਤੇ ਪੇਂਡੂ ਵਿਕਾਸ ਕਮੇਟੀ ਹਿੰਮਤਪੁਰਾ ਦੇ ਸਹਿਯੋਗ ਨਾਲ ਸੱਭਿਆਚਾਰਕ ਗੀਤਾਂ ਦੇ ਬੇਤਾਜ ਬਾਦਸ਼ਾਹ ਗਿੱਲ ਹਰਦੀਪ ਦਾ ਖੁੱਲਾ੍ਹ ਅਖਾੜਾ ਲਗਾਇਆ ਗਿਆ। ਜਿਸ ਦਾ ਉਦਘਾਟਨ ਪਿੰਡ ਹਿੰਮਤਪੁਰਾ ਦੇ ਜੰਮਪਲ ਅਤੇ ਰਿਟਾਇਰਡ ਸੈਸ਼ਨ ਜੱਜ ਧਰਮ ਸਿੰਘ, ਸਰਪੰਚ ਦਰਸ਼ਨ ਸਿੰਘ, ਡੀ. ਐੱਸ਼. ਪੀ. ਸੁਖਦੇਵ ਸਿੰਘ ਛੀਨਾ ਜੀ ਨੇ ਕੀਤਾ। ਉਸ ਤੋਂ ਬਾਅਦ ਪ੍ਰਸਿੱਧ ਗਾਇਕ ਜੋੜੀ ਨਿੱਕਾ ਦਰਦੀ ਅਤੇ ਬੀਬੀ ਸ਼ਕੁੰਤਲਾ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਰਾਹੀਂ ਗਾਇਕੀ ਦਾ ਲੋਹਾ ਮੰਨਵਾਇਆ। ਉਸ ਤੋਂ ਬਾਅਦ ਅਖਾੜੇ ਦੀ ਸ਼ਾਨ ਗਿੱਲ ਹਰਦੀਪ ਨੇ ਆਪਣੇ ਸੱਭਿਆਚਾਰਕ ਗੀਤਾਂ ਨਾਲ ਸਰੋਤੇ ਝੂਮਣ ਲਾ ਦਿੱਤੇ ਅਤੇ ਲੋਕਾਂ ਵੱਲੋਂ ਆਪਣੇ ਮਹਿਬੂਬ ਗਾਇਕ ਦੇ ਗਾਏ ਗੀਤਾਂ ਦਾ ਬਾਰ ਬਾਰ ਤਾੜੀਆਂ ਮਾਰ ਕੇ ਸਵਾਗਤ ਕੀਤਾ। ਗਿੱਲ ਹਰਦੀਪ ਦੇ ਗੀਤ ਸੁਣ ਕੇ ਇਸ ਤਰਾਂ ਲੱਗ ਰਿਹਾ ਸੀ ਜਿਵੇਂ ਸਮਾਂ ਰੁਕ ਗਿਆ ਹੋਵੇ।
ਇਸ ਅਖਾੜੇ ਦੀ ਇਹ ਵਿਸੇਸਤਾ ਸੀ ਕਿ ਜਲੰਧਰ ਦੂਰਦਰਸ਼ਨ ਦੀ ਟੀਮ ਹਰਕੀਕ ਘੋਲੀਆ ਦੀ ਅਗਵਾਈ ਵਿੱਚ ਵਿਸੇਸ ਤੌਰ ਤੇ ਗਿੱਲ ਹਰਦੀਪ ਦੇ ਅਖਾੜੇ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨ ਪਹੁੰਚੀ ਹੋਈ ਸੀ। ਗਿੱਲ ਹਰਦੀਪ ਨੇ ਅਖਾੜੇ ਦੀ ਸੁਰੂਆਤ ਲੋਕਾਂ ਦੇ ਦੁੱਖਾਂ ਦੀ ਤਰਜਮਾਨੀ ਕਰਦੇ ਬਹੁਤ ਹੀ ਦਰਦ ਭਰੇ ਗੀਤ 'ਛੱਲਾ' ਨਾਲ ਕੀਤੀ। ਉਸ ਤੋਂ ਬਾਅਦ 'ਨੀ ਜਦ ਘੁੱਟ ਪੀਤੀ ਹੁੰਦੀ ਐ' 'ਮੈਨੂੰ ਬੰਦਾ ਰਹਿਣ ਦਿਉ' ਵਰਗੇ ਹੋਰ ਵੀ ਬਹੁਤ ਸਾਰੇ ਗੀਤ ਲੋਕਾਂ ਦੀ ਨਜਰ ਕੀਤੇ ਜੋ ਲੋਕਾਂ ਦੇ ਦਿਲਾਂ ਦੀਆਂ ਗਹਿਰਾਈਆਂ ਵਿੱਚ ਉੱਤਰ ਗਏ। ਉਸ ਤੋਂ ਬਾਅਦ ਪ੍ਰਸਿੱਧ ਗੀਤਕਾਰ ਮੱਖਣ ਬਰਾੜ ਮੱਲਕੇ ਦੀ ਸੇਅਰੋ-ਸਾਇਰੀ ਨੇ ਅਖਾੜੇ ਨੂੰ ਚਾਰ ਚੰਨ ਲਗਾ ਦਿੱਤੇ।ਇਸ ਸਮੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਲੱਬ ਪ੍ਰਧਾਨ ਬੂਟਾ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਲੱਬ ਅੱਗੇ ਤੋਂ ਵੀ ਇਸ ਤਰਾਂ ਦੇ ਪ੍ਰੋਗਰਾਮ ਕਰਦਾ ਰਹੇਗਾ ਤਾਂ ਕਿ ਨਵੀਂ ਪੀੜੀ ਨੂੰ ਨਸਿਆਂ ਤੋਂ ਦੂਰ ਕਰਕੇ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਇਸ ਸਮੇ ਕਲੱਬ ਦੇ ਮੀਤ ਪ੍ਰਧਾਨ ਬੂਟਾ ਸਿੰਘ, ਚੇਅਰਮੈਨ ਗੁਰਜੰਟ ਸਿੰਘ, ਜਨਰਲ ਸਕੱਤਰ ਜਗਦੇਵ ਸਿੰਘ, ਸਲਾਹਕਾਰ ਕੁਲਦੀਪ ਸਿੰਘ, ਪ੍ਰੈਸ ਸਕੱਤਰ ਗੁਰਦੀਪ ਸਿੰਘ ਤੋਂ ਇਲਾਵਾ ਐੱਨ. ਜੀ. ਓ. ਦੇ ਕੋਆਰਡੀਨੇਟ ਐੱਸ. ਕੇ. ਬਾਂਸਲ, ਮਹਿੰਦਰ ਸਿੰਘ ਗਿੱਲ ਜਿਲ੍ਹਾ ਚੇਅਰਮੈਨ ਮੋਗਾ, ਏ. ਐੱਸ. ਆਈ. ਜਸਵੰਤ ਸਿੰਘ ਸਰਾਂ, ਦਰਸ਼ਨ ਸਿੰਘ ਬਿੱਲਾ, ਲੇਖਕ ਜਗਦੇਵ ਸਿੰਘ ਬਰਾੜ, ਅਦਾਕਾਰ ਮਨਿੰਦਰ ਮੋਗਾ, ਸਵਰਨਜੀਤ ਸਵਰਨ, ਗਾਇਕ ਹਰਮਿਲਾਪ ਗਿੱਲ, ਜਿੰਦਰ ਜਿੰਦਾ, ਪ੍ਰਧਾਨ ਅਸੋਕ ਜੋਸ਼ੀ, ਜਸਵਿੰਦਰ ਸਿੰਘ ਖੋਸਾ ਕੈਨੇਡਾ, ਪਾਲ ਸਿੰਘ, ਬਹਾਦਰ ਸਿੰਘ, ਚਮਕੌਰ ਸਿੰਘ ਆਦਿ ਹਸਤੀਆਂ ਮੌਜੂਦ ਸਨ।