
ਅੱਜ ਜਦੋਂ ਪੰਜਾਬ ਦੀ ਸ਼ਾਨਾਮੱਤੀ ਨੌਜਵਾਨੀ ਖੇਡਾਂ ਖੇਡਣ ਲਈ ਵੀ ਨਸ਼ਿਆਂ ਵਾਲੇ ਟੀਕਿਆਂ ਦਾ ਸਹਾਰਾ ਲੈਣ ਲਈ ਬਦਨਾਮ ਹੋ ਚੁੱਕੀ ਹੈ, ਉੱਥੇ ਪੰਜਾਬ ਦੇ ਬਿਆਸ ਪਿੰਡ ਦਾ ਜੰਮਪਲ 'ਨੌਜਵਾਨ ਬਜੁਰਗ' ਬਾਬਾ ਫੌਜਾ ਸਿੰਘ ਅੱਜ 'ਇੱਕ ਘੱਟ ਸੌ' ਭਾਵ ਨੜਿੱਨਵੇਂ ਸਾਲ ਦਾ ਹੋਣ ਦੇ ਬਾਵਜੂਦ ਵੀ ਪੂਰੀ ਤੜ੍ਹ ਵਿੱਚ ਹੈ। 'ਹਿੰਮਤਪੁਰਾ ਡੌਟ ਕੌਮ' ਦੇ ਪਾਠਕਾਂ ਲਈ ਖਾਸ ਖਬਰ ਹੈ ਕਿ ਸਮੁੱਚੇ ਵਿਸ਼ਵ ਵਿੱਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਨਾਂ ਉੱਚਾ ਕਰਨ ਵਾਲਾ ਬਾਬਾ ਫੌਜਾ ਸਿੰਘ ਅੱਜ ਇੱਕ ਅਪ੍ਰੈਲ ਨੂੰ ਨੜਿੱਨਵੇਂ ਸਾਲ ਦਾ ਹੋ ਗਿਆ ਹੈ। ਵਿਸ਼ਵ ਦੇ ਸਭ ਤੋਂ ਬਜੁਰਗ ਦੌੜਾਕ ਬਾਬਾ ਫੌਜਾ ਸਿੰਘ ਦੀ ਸਰੀਰਕ ਮਜਬੂਤੀ ਦੇਖ ਕੇ ਨੌਜਵਾਨ ਵੀ ਦੰਗ ਰਹਿ ਜਾਂਦੇ ਹਨ। ਫੌਜਾ ਸਿੰਘ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਫੌਜਾ ਸਿੰਘ
ਦੇ ਨਾਂ ਆਪਣੇ ਉਮਰ ਵਰਗ ਵਿੱਚ ਬਾਰਾਂ ਕਾਮਨਵੈਲਥ, ਯੂਰਪੀ ਅਤੇ ਬਰਤਾਨਵੀ ਰਿਕਾਰਡ ਦਰਜ ਹਨ। ਈਸਟ ਲੰਡਨ ਦੇ ਕਸਬੇ ਇਲਫੋਰਡ ਵਿੱਚ ਰਹਿ ਰਿਹਾ ਬਾਬਾ ਫੌਜਾ ਸਿੰਘ ਨੂੰ ਇੰਗਲੈਂਡ ਦੀ ਮਹਾਰਾਣੀ ਐਲਿਜਾਬੈੱਥ ਵੱਲੋਂ 'ਲਿਵਿੰਗ ਲੀਜੈਂਡ' ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ। ਬਾਬਾ ਫੌਜਾ ਸਿੰਘ ਦੇ ਪ੍ਰਸੰਸਕ ਵਜੋਂ ਹੀ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ ਮੁਸ਼ੱਰਫ ਨੇ ਜਨਵਰੀ ੨੦੦੫ ਵਿੱਚ ਹੋਈ ਲਾਹੌਰ ਮੈਰਾਥਨ ਦਾ ਉਦਘਾਟਨ ਕਰਵਾਉਣ ਲਈ ਬਾਬਾ ਫੌਜਾ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸੱਦਿਆ ਸੀ। ਅੰਤਾਂ ਦੇ ਨਿੱਘੇ ਸੁਭਾਅ ਦੇ ਮਾਲਕ ਬਾਬਾ ਫੌਜਾ ਸਿੰਘ ਨੂੰ ਜਦ ਜਨਮਦਿਨ ਦੀਆਂ ਮੁਬਾਰਕਾਂ ਦੇਣ ਲਈ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਦਾ ਕਹਿਣ ਸੀ, " ਪੁੱਤ ਓਏ, ਐਨਾ ਤਾਂ ਜਰੂਰ ਪਤੈ ਕਿ ਮੈਂ ੯੯ ਦਾ ਹੋ ਗਿਆਂ, ਪਰ ਆਹ ਇੱਕ ਅਪ੍ਰੈਲ ਵਾਲੀ ਗੱਲ ਦਾ ਕੋਈ ਇਲਮ ਨਹੀਂ ਸੀ। ਲੋਕੀਂ ਇਹੀ ਸਮਝਦੇ ਆ ਕਿ ਟਿੱਚਰ ਕੀਤੀ ਹੋਣੀ ਆ। ਉਹਨਾਂ ਵੇਲਿਆਂ 'ਚ ਕਿਹੜਾ ਕੋਈ ਲਿਖਤ ਪੜ੍ਹਤ ਕੀਤੀ ਜਾਂਦੀ ਸੀ। ਬਸ ਪਾਸਪੋਰਟ ਬਣਾਉਣ ਵੇਲੇ ਹੀ ਜਨਮ ਤਰੀਕ ਦੀ ਲੋੜ ਪਈ ਸੀ।" ਅਦਾਰਾ 'ਹਿੰਮਤਪੁਰਾ ਡੌਟ ਕੌਮ'ਦੇ ਪ੍ਰਸੰਸਕਾਂ-ਸ਼ੁਭਚਿੰਤਕਾਂ ਵੱਲੋਂ ਇਸ ਮਾਣਮੱਤੇ ਬਜੁਰਗ ਨੌਜਵਾਨ ਨੂੰ ਜਨਮਦਿਨ ਦੀ ਵਧਾਈ ਭੇਜਦੇ ਹੋਏ ਦੁਆ ਕਰਦੇ ਹਾਂ ਕਿ ਬਾਬਾ ਫੌਜਾ ਸਿੰਘ ਇਸੇ ਤਰ੍ਹਾਂ ਹੀ ਨੌਜਵਾਨਾਂ ਲਈ ਮਾਰਗ ਦਰਸ਼ਕ ਬਣੇ ਰਹਿਣ....ਆਮੀਨ।
