Friday, 18 May 2012

ਰੋਕੋ ਕੈਂਸਰ ਲੰਡਨ ਨੇ 1 ਕਰੋੜ 62 ਲੱਖ ਲਾਗਤ ਦੀ ਹਸਪਤਾਲ ਨੁਮਾ ਬੱਸ ਕੀਤੀ ਪੰਜਾਬ ਨੂੰ ਭੇਂਟ।

-ਮਈ ਮਹੀਨੇ ਦੇ ਅਖੀਰ ਤੱਕ ਸੇਵਾ ਕਾਰਜ਼ਾਂ ਵਿੱਚ ਜੁਟ ਜਾਵੇਗੀ ਬੱਸ।
ਲੰਡਨ (ਮਨਦੀਪ ਖੁਰਮੀ) ਰੋਕੋ ਕੈਂਸਰ ਬੋਰਡ ਲੰਡਨ ਦੀ ਇੱਕ ਵਿਸ਼ੇਸ਼ ਇਕੱਤਰਤਾ ਬੋਰਡ ਦੀ ਟਰੱਸਟੀ ਪੈਨੀ ਸਪੀਅਰਜ਼ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੈਂਸਰ ਦੀ ਭਿਆਨਕਤਾ ਦੇ ਨਾਲ ਨਾਲ ਰੋਕੋ ਕੈਂਸਰ ਦੀ ਆਪਣੇ ਕਾਰਜ਼ ਖੇਤਰ ਵਿੱਚ ਪ੍ਰਗਤੀ ਸੰਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ। ਬੀਤੇ ਵਰ੍ਹਿਆਂ ਦੇ ਮੁਕਾਬਲੇ ਰੋਕੋ ਕੈਂਸਰ ਦੇ ਕੰਮਾਂ ਵਿੱਚ ਆਈ ਤੇਜ਼ੀ ਦਾ ਸਿਹਰਾ ਸੰਸਥਾ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਦੇ ਸਿਰ ਬੰਨ੍ਹਦਿਆਂ ਪੈਨੀ ਸਪੀਅਰਜ਼ ਨੇ ਕਿਹਾ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਕੰਮ ਪ੍ਰਤੀ ਇਮਾਨਦਾਰ ਬਹੁਤ ਇਨਸਾਨ ਦੇਖੇ ਹਨ ਪਰ ਜੋ ਲਗਨ ਅਤੇ ਇਮਾਨਦਾਰੀ ਦੀ ਭਾਵਨਾ ਕੁਲਵੰਤ ਧਾਲੀਵਾਲ ਵਿੱਚ ਦੇਖੀ ਹੈ, ਉਸਨੂੰ ਦੇਖ ਕੇ ਉਹਨਾਂ ਦਾ ਰੋਮ ਰੋਮ ਖੁਸ਼ ਹੈ ਕਿ ਅਗਿਆਨਤਾ ਵੱਸ ਕੈਂਸਰ ਨਾਲ ਮਰ ਰਹੇ ਲੋਕਾਂ ਨੂੰ ਇੱਕ ਨਿਸ਼ਕਾਮ ਸੇਵਕ ਮਿਲਿਆ ਹੈ ਜੋ ਆਪਣੇ ਪਰਿਵਾਰਿਕ ਸੁੱਖਾਂ ਨੂੰ ਵੀ ਪਾਸੇ ਰੱਖ ਕੇ ਲੋਕਾਂ ਲਈ ਪ੍ਰਣਾਇਆ ਹੋਇਆ ਹੈ। ਪੈਨੀ ਸਪੀਅਰਜ਼ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਕੁਲਵੰਤ ਸਿੰਘ ਧਾਲੀਵਾਲ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਸ੍ਰੀ ਧਾਲੀਵਾਲ ਨੂੰ ਕੋਈ ਤੋਹਫਾ ਦੇਣ ਦੀ ਬਜਾਏ ਉਹਨਾਂ ਦੀ ਜਨਮ ਭੂਮੀ ਪੰਜਾਬ ਨੂੰ 1 ਕਰੋੜ 62 ਲੱਖ ਰੁਪਏ ਦੀ ਲਾਗਤ ਨਾਲ ਤਿਆਰ 5ਵੀਂ ਹਸਪਤਾਲ ਨੁਮਾ ਬੱਸ ਦਿੱਤੀ ਜਾ ਰਹੀ ਹੈ। ਜੋ ਸਿਰਫ ਤੇ ਸਿਰਫ ਪੰਜਾਬ ਦੇ ਮਾਲਵਾ ਖੇਤਰ ਵਿੱਚ ਹੀ ਤਾਇਨਾਤ ਰਹੇਗੀ। ਇਸ ਉਪਰੰਤ ਰੋਕੋ ਕੈਂਸਰ ਬੋਰਡ ਦਾ ਧੰਨਵਾਦ ਕਰਦਿਆਂ ਕੁਲਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੇ ਗਲੋਬਲ ਅੰਬੈਸਡਰ ਦੇ ਅਹੁਦੇ Ḕਤੇ ਕੰਮ ਕਰਦਿਆਂ ਆਪਣੇ ਇਨਸਾਨ ਹੋਣ ਦਾ ਸਬੂਤ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਪਹਿਲਾਂ ਨਾਲੋਂ ਵਧੇਰੇ ਸਰਗਰਮ ਰਹਿਣਗੇ। ਉਹਨਾਂ ਕਿਹਾ ਕਿ ਬੇਸ਼ੱਕ ਰੋਕੋ ਕੈਂਸਰ ਦੀਆਂ ਟੀਮਾਂ ਵਿਸ਼ਵ ਦੇ 17 ਮੁਲਕਾਂ ਵਿੱਚ ਤਾਇਨਾਤ ਹਨ ਪਰ ਜੋ ਕੈਂਸਰ ਸੰਬੰਧੀ ਹੈਰਾਨੀਜਨਕ ਅੰਕੜੇ ਪੰਜਾਬ ਵਿੱਚੋਂ ਮਿਲ ਰਹੇ ਹਨ, ਉਹਨਾਂ ਨੂੰ ਦੇਖਦਿਆਂ ਰੋਕੋ ਕੈਂਸਰ ਵੱਲੋਂ ਫਿਲਹਾਲ ਆਪਣਾ ਧਿਆਨ ਪੰਜਾਬ ਵੱਲ ਹੀ ਵਧੇਰੇ ਕੇਂਦਰਿਤ ਹੈ। ਉਹਨਾਂ ਕਿਹਾ ਕਿ ਉਹ ਓਨੀ ਦੇਰ ਚੈਨ ਨਾਲ ਨਹੀਂ ਬੈਠਣਗੇ ਜਿੰਨੀ ਦੇਰ ਪੰਜਾਬ ਦੇ ਹਰ ਪਿੰਡ ਵਿੱਚ ਕੈਂਪ ਲਗਾ ਕੇ ਕੈਂਸਰ ਸੰਬੰਧੀ ਜਾਂਚ ਨਹੀਂ ਕੀਤੀ ਜਾਂਦੀ। ਬੋਰਡ ਨੂੰ ਭਰੋਸਾ ਦਿਵਾਉਂਦਿਆਂ ਉਹਨਾਂ ਕਿਹਾ ਕਿ ਰੋਕੋ ਕੈਂਸਰ ਵੀ ਲੋਕਾਂ ਵਿੱਚ ਕੈਂਸਰ ਸੰਬੰਧੀ ਅਗਿਆਨਤਾ ਤੋਂ ਚਿੰਤਤ ਹੈ ਅਤੇ ਉਹ ਵੱਖ ਵੱਖ ਰਾਜਨੀਤਕ, ਧਾਰਮਿਕ, ਸੱਭਿਆਚਾਰਕ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦੇ ਆਗੂਆਂ ਨੂੰ ਬੇਨਤੀਆਂ ਕਰਨਗੇ ਕਿ ਉਹ ਵੀ ਆਪੋ ਆਪਣੇ ਭਾਸ਼ਣਾਂ ਦੌਰਾਨ ਲੋਕਾਂ ਨੂੰ ਕੈਂਸਰ ਸੰਬੰਧੀ ਜਾਣਕਾਰੀ ਦੇਣ ਲਈ ਕੁਝ ਸਮਾਂ ਰੋਕੋ ਕੈਂਸਰ ਨੂੰ ਦਾਨ ਦੇ ਰੂਪ ਵਿੱਚ ਦੇਣ। ਪੰਜਾਬ ਦੀ ਮਾਲਵਾ ਬੈਲਟ ਲਈ ਮਿਲੀ ਹਸਪਤਾਲ ਨੁਮਾ ਬੱਸ ਸੰਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਇਹ ਬੱਸ ਮਈ ਮਹੀਨੇ ਦੇ ਅਖੀਰ ਤੱਕ ਆਪਣੇ ਸੇਵਾ ਕਾਰਜ਼ ਵਿੱਚ ਜੁਟ ਜਾਵੇਗੀ। ਜਿਸਨੂੰ ਹਰੀ ਝੰਡੀ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਖੇਤੀਬਾੜੀ ਮੰਤਰੀ ਜੱਥੇਦਾਰ ਤੋਤਾ ਸਿੰਘ ਜੀ ਦੇਣਗੇ।