Tuesday, 24 January 2012
ਨਿਹਾਲ ਸਿੰਘ ਵਾਲਾ ਕੈਂਸਰ ਚੈੱਕਅਪ ਕੈਂਪ ਹੁਣ ਤੱਕ ਦਾ ਸਭ ਤੋਂ ਸਫ਼ਲ ਕੈਂਪ- ਰੋਕੋ ਕੈਂਸਰ ਲੰਡਨ
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ) "ਰੋਕੋ ਕੈਂਸਰ ਵੱਲੋਂ ਪੰਜਾਬ ਦੇ ਅਨੇਕਾਂ ਹੀ ਪਿੰਡਾਂ ਵਿੱਚ ਚੈੱਕਅਪ ਕੈਂਪ ਲਗਾਏ ਗਏ ਹਨ ਪਰ ਸਾਡੀ ਸੰਸਥਾ ਦੇ ਰਿਕਾਰਡ ਵਿੱਚ ਇਹ ਕੈਂਪ ਇੱਕ ਬੇਹੱਦ ਸਫ਼ਲ ਕੈਂਪ ਵਜੋਂ ਜਾਣਿਆ ਜਾਵੇਗਾ।" ਉਕਤ ਵਿਚਾਰਾਂ ਦਾ ਪ੍ਰਗਟਾਵਾ ਸੰਸਥਾ ਦੇ ਚੇਅਰਮੈਨ ਅਜਿੰਦਰਪਾਲ ਸਿੰਘ ਚਾਵਲਾ ਨੇ ਇੰਗਲੈਂਡ ਦੀ ਨਾਮੀ ਸੰਸਥਾ ਰੋਕੋ ਕੈਂਸਰ ਵੱਲੋਂ ਅੰਤਰਰਾਸ਼ਟਰੀ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਨਿਹਾਲ ਸਿੰਘ ਵਾਲਾ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ
ਵਿਸ਼ਾਲ ਮੁਫ਼ਤ ਕੈਂਸਰ ਚੈੱਕਅਪ ਕੈਂਪ ਦਾ ਉਦਘਾਟਨ ਕਰਨ ਸਮੇਂ ਕੀਤਾ। 51 ਪਿੰਡਾਂ ਦੇ ਮਰੀਜ਼ਾਂ ਦੀ ਮੁਫ਼ਤ ਸੇਵਾ ਲਈ ਲੱਗੇ ਇਸ ਕੈਂਪ ਵਿੱਚ ਬੇਸ਼ੱਕ ਰੋਕੋ ਕੈਂਸਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਮਰੀਜ਼ਾਂ ਦੀ ਪਲ ਪਲ ਬਾਦ ਵਧਦੀ ਤਾਦਾਦ ਅੱਗੇ ਉਹ ਪ੍ਰਬੰਧ ਵੀ ਘੱਟ ਜਿਹੇ ਨਜ਼ਰ ਆ ਰਹੇ ਸਨ। ਇਸ ਕੈਂਪ ਦੌਰਾਨ ਕੈਂਸਰ, ਦਿਲ ਦੀਆਂ ਬੀਮਾਰੀਆਂ, ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਨਾਲ ਸੰਬੰਧਤ ਇੱਕ ਹਜ਼ਾਰ ਦੇ ਲਗਭਗ ਮਰੀਜ਼ਾਂ ਨੇ ਆਪਣੇ ਨਾਮ ਦਰਜ਼ ਕਰਵਾਏ। ਜਿਹਨਾਂ ਸੰਬੰਧਤ ਵਿਭਾਗਾਂ ਦੇ ਡਾਕਟਰਾਂ ਵੱਲੋਂ ਮੁਆਇਨਾ ਕੀਤਾ ਗਿਆ। ਇਸ ਸਮੇਂ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਆਪਣੀ ਮਾਤਾ ਦੀ ਯਾਦ ਵਿੱਚ ਈ. ਸੀ. ਜੀ. ਮਸ਼ੀਨ ਵੀ ਦਾਨ ਵਜੋਂ ਦਿੱਤੀ ਗਈ ਜਿਸਦਾ ਉਦਘਾਟਨ ਉਹਨਾਂ ਦੇ ਪਿਤਾ ਸੰਤ ਸਿੰਘ ਧਾਲੀਵਾਲ ਜੀ ਨੇ ਕੀਤਾ। ਜ਼ਿਕਰਯੋਗ ਹੈ ਕਿ ਇਸ ਵਿਸ਼ਾਲ ਕੈਂਪ ਦੀ ਸੇਵਾ ਹਰਚੰਦ ਸਿੰਘ ਧਾਲੀਵਾਲ (ਵਿਕਰਾਜ ਪੈਲੇਸ ਵਾਲੇ) ਵੱਲੋਂ ਆਪਣੇ ਮਰਹੂਮ ਸਪੁੱਤਰ ਅਜਮੇਰ ਸਿੰਘ ਧਾਲੀਵਾਲ ਅਤੇ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਆਪਣੀ ਮਾਤਾ ਸਵæ ਸੁਖਚਰਨ ਕੌਰ ਧਾਲੀਵਾਲ ਦੀ ਯਾਦ ਵਿੱਚ ਦੋਹਾਂ ਪਰਿਵਾਰਾਂ ਵੱਲੋਂ ਕੀਤੀ ਗਈ ਸੀ। ਕੈਂਪ ਦੌਰਾਨ ਹੋਰਨਾਂ ਤੋਂ ਇਲਾਵਾ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ (ਯੂ.ਕੇ.), ਸੁਖਦੇਵ ਧਾਲੀਵਾਲ (ਆਸਟਰੇਲੀਆ), ਡਾ. ਧਰਮਿੰਦਰ ਸਿੰਘ, ਡਾ. ਗੁਰਪ੍ਰਤਾਪ ਸਿੰਘ,ਯੋਗੇਸ਼ ਗੋਇਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੋਗਾ, ਮਾ. ਜੋਗਿੰਦਰ ਸਿੰਘ ਧਾਲੀਵਾਲ, ਮਾ. ਦਰਸ਼ਨ ਸਿੰਘ ਧੂੜਕੋਟ, ਗੁਰਪ੍ਰੀਤ ਪੰਚ ਬੀੜ ਰਾਊਕੇ, ਅਮਰ ਧਾਲੀਵਾਲ, ਸੁਖਬੀਰ ਸਿੰਘ, ਹਰਚਰਨ ਸਿੰਘ ਬਲਾਕ ਸੰਮਤੀ ਮੈਂਬਰ, ਦਾਰਾ ਰਾਏ ਭਾਗੀਕੇ, ਬਲਦੇਵ ਸਿੰਘ ਪ੍ਰਧਾਨ ਟਰੱਸਟ ਬੀੜ ਰਾਊਕੇ, ਆਤਮਾ ਸਿੰਘ ਪੀ.ਆਰ.ਟੀ.ਸੀ., ਸਰਪੰਚ ਬਲਦੇਵ ਸਿੰਘ, ਡਾ. ਰਣਜੀਤ ਸਿੰਘ, ਗੁਰਚਰਨ ਸਿੰਘ ਸਹਾਰਨ ਆਦਿ ਸਮੇਤ ਅਜਮੇਰ ਧਾਲੀਵਾਲ ਯਾਦਗਾਰੀ ਟਰੱਸਟ ਦੇ ਸਰਗਰਮ ਵਰਕਰ ਵੀ ਵੱਡੀ ਗਿਣਤੀ ਵਿੱਚ ਹਾਜਰ ਸਨ।