ਵਿਸ਼ਾਲ ਮੁਫਤ ਕੈਂਸਰ ਚੈੱਕਅਪ ਕੈਂਪ ਨਿਹਾਲ ਸਿੰਘ ਵਾਲਾ ਵਿਖੇ 21 ਜਨਵਰੀ ਨੂੰ।
ਨਿਹਾਲ ਸਿੰਘ ਵਾਲਾ, 16 ਜਨਵਰੀ (ਮਿੰਟੂ ਖੁਰਮੀ)- ਵਿਸ਼ਵ ਭਰ ਵਿੱਚ ਕੈਂਸਰ ਨੇ ਆਪਣੇ ਪੈਰ ਪਸਾਰੇ ਹੋਏ ਹਨ ਪਰ ਰੋਕੋ ਕੈਂਸਰ ਸੰਸਥਾ ਕੈਂਸਰ ਦੇ ਮੁਕੰਮਲ ਖਾਤਮੇ ਲਈ ਲੱਕ ਬੰਨ੍ਹ ਕੇ ਤੁਰੀ ਹੋਈ ਹੈ। ਕੈਂਸਰ ਵਰਗੀ ਨਾਮੁਰਾਦ ਬੀਮਾਰੀ ਖ਼ਿਲਾਫ ਲੜਾਈ ਲੋਕਾਂ ਦੇ ਸਹਿਯੋਗ ਨਾਲ ਹੀ ਜਿੱਤੀ ਜਾ ਸਕਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਰੋਕੋ ਕੈਂਸਰ ਦੇ ਅੰਤਰਰਾਸ਼ਟਰੀ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ (ਯੂ. ਕੇ.) ਨੇ 21 ਜਨਵਰੀ ਨੂੰ ਨਿਹਾਲ ਸਿੰਘ ਵਾਲਾ ਲੱਗਣ ਜਾ ਰਹੇ ਵਿਸ਼ਾਲ ਕੈਂਸਰ ਚੈੱਕਅਪ ਕੈਂਪ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਲੱਗਣ ਜਾ ਰਹੇ ਇਹ ਉੱਚ ਪੱਧਰੀ ਕੈਂਪ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਆਪਣੀ ਸਵਰਗੀ ਮਾਤਾ ਸ੍ਰੀਮਤੀ ਸੁਖਚਰਨ ਕੌਰ ਧਾਲੀਵਾਲ ਅਤੇ ਹਰਚੰਦ ਸਿੰਘ ਧਾਲੀਵਾਲ (ਵਿਕਰਾਜ ਪੈਲੇਸ ਵਾਲੇ) ਧੂੜਕੋਟ ਰਣਸੀਂਹ ਵੱਲੋਂ ਆਪਣੇ ਮਰਹੂਮ ਸਪੁੱਤਰ ਅਜਮੇਰ ਸਿੰਘ ਧਾਲੀਵਾਲ ਦੀ ਨਿੱਘੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਸਮੇਂ ਬੋਲਦਿਆਂ ਸ੍ਰ: ਧਾਲੀਵਾਲ ਨੇ ਕਿਹਾ ਕਿ ਅੱਜ ਪੰਜਾਬ ਨੂੰ ਭਿਆਨਕ ਬੀਮਾਰੀਆਂ ਦੇ ਮੂੰਹ 'ਚੋਂ ਕੱਢਣ ਲਈ ਇੱਕਸੁਰਤਾ ਦੀ ਲੋੜ ਹੈ। ਧੜੇਬੰਦੀਆਂ ਤੋਂ ਉੱਪਰ ਉੱਠ ਕੇ ਕੀਤੇ ਸਮਾਜਸੇਵੀ ਕਾਰਜ ਹੀ ਪੰਜਾਬ ਦੀ ਬਿਹਤਰੀ ਵੱਲ ਸਾਰਥਿਕ ਕਦਮ ਸਾਬਤ ਹੋ ਸਕਦੇ ਹਨ। ਇਸ ਸਮੇਂ ਉਹਨਾਂ ਨਾਲ ਹਰਚੰਦ ਸਿੰਘ ਧਾਲੀਵਾਲ ਧੂੜਕੋਟ ਰਣਸੀਂਹ (ਯੂ. ਕੇ.), ਮਾ: ਦਰਸ਼ਨ ਸਿੰਘ ਧੂੜਕੋਟ, ਲੇਖਕ ਮਨਦੀਪ ਖੁਰਮੀ ਹਿੰਮਤਪੁਰਾ (ਯੂ. ਕੇ.), ਗੁਰਦੀਪ ਸਿੱਧੂ ਈਨਾ, ਕੁਲਦੀਪ ਸਿੰਘ ਮਧੇਕੇ, ਜੋਗਿੰਦਰ ਸਿੰਘ, ਦਰਸ਼ਨ ਸਿੰਘ ਜੈਦ, ਜਿੰਦਰ ਮਧੇਕੇ ਆਦਿ ਸਮੇਤ ਅਜਮੇਰ ਧਾਲੀਵਾਲ ਯਾਦਗਾਰੀ ਟਰੱਸਟ ਧੂੜਕੋਟ ਰਣਸੀਂਹ ਦੇ ਸਰਗਰਮ ਅਹੁਦੇਦਾਰ ਤੇ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਿਰ ਸਨ।