Wednesday, 23 June 2010

ਇਨਸਾਨਾਂ ਤੋਂ ਘੱਟ ਅਕਲਮੰਦ ਨਹੀਂ ਦੀਨਾ ਨਾਥ ਦੇ ਕੁੱਤੇ- ਰਣਜੀਤ ਬਾਵਾ ਹਿੰਮਤਪੁਰਾ

ਸਿਆਣਿਆਂ ਦਾ ਕਹਿਣਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਸ਼ੌਕ ਦੀ ਪੂਰਤੀ ਲਈ ਮਨੁੱਖ ਪੱਲਿਉਂ ਗੁਆ ਕੇ ਵੀ ਸਕੂਨ ਪਾ੍ਪਤ ਕਰਦਾ ਹੈ। ਪੰਜਾਬ ਰੋਡਵੇਜ਼ ਵਿੱਚੋਂ ਸੇਵਾ ਮੁਕਤ ਇੰਸਪੈਕਟਰ ਦੀਨਾ ਨਾਥ ਬਾਵਾ ਨੂੰ ਵੀ ਅਜੇਹਾ ਹੀ ਮਹਿੰਗਾ ਸ਼ੌਕ ਕੁੱਤੇ ਪਾਲਣ ਅਤੇ ਉਹਨਾਂ ਅੰਦਰ ਇਨਸਾਨਾਂ ਵਰਗੇ ਗੁਣ ਪੈਦਾ ਕਰਨ ਦਾ ਸ਼ੌਕ ਹੈ। ਕੁੱਤਿਆਂ ਤੋਂ ਵੱਖ ਵੱਖ ਅਨੋਖੇ ਕਰਤੱਬ ਕਰਵਾ ਕੇ ਉਹ ਸੂਬਾ ਪੱਧਰ 'ਤੇ ਵੱਖਰੀ ਪਹਿਚਾਣ ਬਣਾ ਚੁੱਕੇ ਹਨ। ਸੇਵਾ ਮੁਕਤੀ ਤੋਂ ਬਾਅਦ ਬਰਨਾਲਾ ਵਿਖੇ ਰਹਿ ਰਹੇ ਦੀਨਾ ਨਾਥ ਦੇ ਪਾਲਤੂ ਕੁੱਤੇ ਜਿੱਥੇ ਬਾਜਾਰ ਵਿੱਚੋ ਸਬਜ਼ੀ , ਸੌਦਾ-ਪੱਤਾ ਲਿਆਉਂਦੇ ਅਕਸਰ ਹੀ ਲੋਕਾਂ ਦੇ ਨਜ਼ਰੀਂ ਪੈਂਦੇ ਹਨ ਉਥੇ ਇਹ ਕੁੱਤੇ ਬੱਚਿਆਂ ਨੂੰ ਵੀ ਸਕੂਲ ਛੱਡ ਕੇ ਆਉਣ, ਸਕੂਲੋਂ ਲਿਆਉਣ, ਮੱਝਾ- ਗਾਵਾ ਦੇ ਸੰਗਲ ਫੜ੍ਹ ਕੇ ਇੱਕ ਤੋਂ ਦੂਜੀ ਜਗ੍ਹਾ ਲਿਜਾਣ ਦਾ ਕਾਰਜ ਵੀ ਕਰਦੇ ਹਨ ਅਤੇ ਹੋਰ ਘਰੇਲੂ ਕੰਮਾਂ ਵਿੱਚ ਵੀ ਪ੍ਰੀਵਾਰਕ ਮੈਂਬਰਾਂ ਦੀ ਸਹਾਇਤਾ ਕਰਦੇ ਹਨ। ਦੀਨਾ ਨਾਥ ਨੇ ਆਪਣੇ ਕੁੱਤਿਆ ਦੀਆ ਕਲਾਕਾਰੀਆਂ ਦੱਸਦਿਆਂ ਭਾਵੁਕਤਾ ਨਾਲ ਕਿਹਾ ਕਿ ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਨੂੰ ਉਸਦੇ ਕੁੱਤੇ ਨੇ ਹਾਰ ਭੇਂਟ ਕੀਤਾ ਸੀ ਅਤੇ ਗੁਰਪੁਰਬ ਦਿਵਸਾਂ 'ਤੇ ਹੁਣੇ ਹੀ ਬਾਬਾ ਬੰਦਾ ਸਿੰਘ ਬਹਾਦਰ ਫਤਿਹ ਦਿਵਸ ਤੇ ਉਸਦੇ ਕੁੱਤੇ ਦੋ ਦੋ ਘੰਟੇ ਦੋ ਲੱਤਾਂ ਤੇ ਚੱਲਕੇ ਲੋਕਾਂ ਨੂੰ ਹੈਰਾਨ ਕਰ ਚੁੱਕੇ ਹਨ। ਉਸਨੇ ਇਹ ਵੀ ਦੱਸਿਆ ਕਿ ਉਸਦਾ ਮਰਹੂਮ ਕੁੱਤਾ ਸਟਰੀਟ ਡੌਗ ਸੈਂਕੜੇ ਲੋਕਾਂ ਵਿੱਚੋਂ ਚੋਰ ਅਤੇ ਦਸਤਖਤ ਵਾਲਾ ਬੰਦਾ ਪਛਾਣ ਦਿੰਦਾ ਸੀ। ਸ੍ਰੀ ਦੀਨਾ ਨਾਥ ਨੇ ਦੱਸਿਆ ਕਿ ਘੁੰਗਰਾਲੀ ਰਾਜਪੂਤਾਂ, ਕੋਟਕਪੁਰਾ, ਰਾਏਕੋਟ, ਲੁਧਿਆਣਾ, ਭੁੱਚੋ ਮੰਡੀ ਆਦਿ ਡੋਗ ਸ਼ੋਅਜ਼ 'ਤੇ ਉਸਦੇ ਕੁੱਤੇ ਆਪਣੀਆ ਪੇਸਕਾਰੀਆਂ ਰਾਹੀਂ ਉਸਨੂੰ ਸਨਮਾਨਿਤ ਕਰਵਾ ਚੁੱਕੇ ਹਨ। ਕੁੱਤਿਆਂ ਦੀਆਂ ਪ੍ਰਾਪਤੀਆਂ ਰਾਹੀ ਉਸਨੂੰ ਇੱਕ ਵਾਰ ਡੀ. ਆਈ. ਜੀ. ਚੱਢਾ ਸਾਹਿਬ ਵੀ ਸਨਮਾਨਿਤ ਕਰ ਚੁੱਕੇ ਹਨ। ਉਸਦਾ ਕਹਿਣਾ ਹੈ ਕਿ ਉਸਦੇ ਆਪਣੇ ਕੁੱਤਿਆਂ ਨੂੰ ਕਦੇ ਵੀ ਸਜ਼ਾ ਦੇ ਕੇ ਸਿਖਲਾਈ ਨਹੀਂ ਦਿੱਤੀ ਸਗੋ ਹਮੇਸ਼ਾ ਪਿਆਰ ਨਾਲ ਹੀ ਸਿਖਾਇਆ ਹੈ। ਜੇਕਰ ਕੁੱਤੇ ਦੇ ਦਿਲ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕੁੱਤੇ ਦਾ ਦਿਲ ਮਨੁੱਖ ਨਾਲੋਂ ਵੀ ਕੋਮਲ ਹੈ। ਅਜੇ ਇਨਸਾਨ ਕਿਸੇ ਲਾਲਚ 'ਚ ਪੈ ਕੇ ਇੱਕ ਦੂਜੇ ਨਾਲ ਦਗਾ ਕਰ ਸਕਦਾ ਹੈ ਪਰ ਕੁੱਤਾ ਨਹੀਂ।