ਦੁਨੀਆਂ ਦੇ ਕਿਸੇ ਵੀ ਕੋਨੇ 'ਚ ਵਸੇ ਹਰ ਪੰਜਾਬੀ ਦੇ ਜੀਵਨ ਦੀ ਬੁਨਿਆਦ ਉਸ ਦੀ ਮਾਂ ਬੋਲੀ ਪੰਜਾਬੀ ਕਹਿ ਲਈ ਜਾਵੇ ਤਾਂ ਕੋਈ ਅਤਿਕਤਨੀ ਨਹੀਂ ਹੋਵੇਗੀ। ਜਨਮਦਾਤੀ ਮਾਂ ਤੋਂ ਬਾਦ ਮਾਂ ਬੋਲੀ ਹੀ ਹੁੰਦੀ ਹੈ ਜਿਸ ਜਰੀਏ ਅਸੀਂ ਆਪਣੀ ਪਿੱਠ-ਭੂਮੀ ਨਾਲ ਜੁੜੇ ਹੋਣ ਦਾ ਦਾਅਵਾ ਕਰ ਸਕਦੇ ਹਾਂ। ਜਿਸ ਤਰ੍ਹਾਂ ਮਾਂ ਦੇ ਜਹਾਨੋਂ ਤੁਰ ਜਾਣ ਤੋਂ ਬਾਦ ਬੱਚਿਆਂ ਨੂੰ 'ਮਾਂ-ਮਛੋਹਰ' ਕਿਹਾ ਜਾਂਦੈ, ਬਿਲਕੁਲ ਉਸੇ ਤਰ੍ਹਾਂ ਹੀ ਮਾਂ ਬੋਲੀ ਤੋਂ ਮੁਨਕਰ ਹੋਇਆਂ ਨੂੰ ਵੀ 'ਮਾਂ-ਮਛੋਹਰਾਂ' 'ਚ ਹੀ ਗਿਣਿਆ ਜਾ ਸਕਦਾ ਹੈ। ਕਿਸੇ ਵੀ ਮਨੁੱਖ ਦੀ ਮਾਂ ਬੋਲੀ, ਉਸ ਬੋਲੀ ਨੂੰ ਕਿਹਾ ਜਾਂਦਾ ਹੈ ਜਿਸ ਬੋਲੀ ਵਿੱਚ ਉਸ ਦੀ ਜਨਮਦਾਤੀ ਮਾਂ ਨੇ ਪਹਿਲੀ ਲੋਰੀ ਦਿੱਤੀ ਹੁੰਦੀ ਹੈ। ਪਰ ਅੱਜ ਜਦੋਂ ਵਿਸ਼ਵੀਕਰਨ ਦੇ ਨਾਂ 'ਤੇ ਪੰਜਾਬੀ ਲੇਖਕਾਂ ਨੂੰ ਵੀ ਅੰਗਰੇਜੀ ਨਾਲ 'ਗਲਵੱਕੜੀਆਂ' ਪਾਉਂਦੇ ਦੇਖੀਦੈ ਤਾਂ ਦਿਲੀਂ ਦੁੱਖ ਹੁੰਦੈ। ਸ਼ੁੱਧ ਪੰਜਾਬੀ ਵਿੱਚ ਲਿਖੀਆਂ ਰਚਨਾਵਾਂ ਪਿੰਡਾਂ ਦੀਆਂ ਸੱਥਾਂ 'ਚ ਬੈਠੇ ਮਾੜੇ- ਮੋਟੇ ਅੱਖਰ 'ਉਠਾਉਣ' ਵਾਲੇ ਬਾਬਿਆਂ ਦੇ ਵੀ ਖਾਨੇ 'ਚ ਜਲਦੀ ਪੈ ਜਾਂਦੀਆਂ ਹਨ ਪਰ ਜਿਸ ਰਚਨਾ ਵਿੱਚ ਨਾ- ਚਾਹੁੰਦਿਆਂ ਹੋਇਆਂ ਵੀ ਅੰਗਰੇਜੀ ਦੇ ਸ਼ਬਦ 'ਘਸੋੜੇ' ਜਾਂਦੇ ਹਨ, ਉਹ ਸ਼ਬਦ ਜਿੱਥੇ ਉਹਨਾਂ ਅੱਧ- ਪੜ੍ਹਿਆਂ ਦੇ ਸਿਰ ਉੱਪਰੋਂ ਲੰਘ ਜਾਂਦੇ ਹਨ ਉੱਥੇ ਉਸ ਲੇਖਕ ਦੀ ਰਚਨਾ ਸ਼ਕਤੀ 'ਤੇ ਵੀ ਪ੍ਰਸ਼ਨ ਚਿੰਨ੍ਹ ਲਾ ਦਿੰਦੇ ਹਨ। ਪੰਜਾਬੀ ਵਿੱਚ ਅੰਗਰੇਜੀ ਸ਼ਬਦਾਂ ਦੀ ਘੁਸਪੈਠ ਦੀ ਦਰੁਸਤੀ ਬਾਰੇ ਬੇਸ਼ੱਕ ਜਿਆਦਾਤਰ ਵੀਰ ਸਹਿਮਤ ਨਾ ਹੋਣ ਪਰ ਜੇਕਰ ਕਿਸੇ ਅਸਹਿਮਤ ਵੀਰ ਨੇ ਆਪਣੀ 'ਮੈਂ ਨਾ ਮਾਨੂੰ' ਵਾਲੀ ਜਿਦ ਛੱਡਣ ਦੀ ਦਵਾਈ ਲੈਣੀ ਹੋਵੇ ਤਾਂ ਉਹ ਆਪਣੇ ਨੇੜੇ ਹੀ ਝਾਤੀ ਮਾਰ ਸਕਦਾ ਹੈ ਕਿ ਜਿਵੇਂ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੀ ਸ਼ੁੱਧਤਾ ਨੂੰ ਗੁਆ ਕੇ ਉਸ ਉੱਪਰ 'ਅੰਗਰੇਜੀਅਤ' ਨੂੰ ਭਾਰੂ ਕਰੀ ਜਾ ਰਹੇ ਹਾਂ, ਕੀ ਕਿਸੇ ਅੰਗਰੇਜ ਲੇਖਕ ਦੀ ਲਿਖਤ ਵਿੱਚ ਪੰਜਾਬੀ ਸ਼ਬਦਾਂ ਦੀ ਘੁਸਪੈਠ ਸੁਣੀ ਜਾਂ ਦੇਖੀ ਹੈ ਕਿਸੇ ਨੇ? ਜਵਾਬ ਸੌ ਫੀਸਦੀ ਨਾਂਹ ਵਿੱਚ ਹੋਵੇਗਾ। ਫਿਰ ਅਸੀਂ ਕਿਹੜੇ ਭੁਲੇਖੇ ਵਿੱਚ ਥੇਹ 'ਤੇ ਤੂੰਬਾ ਲਈ ਬੈਠੇ ਹਾਂ। ਆਓ ਹਿੰਮਤ ਕਰੀਏ ਕਿ ਪੰਜਾਬੀ ਵਿੱਚ ਜਿਹੜੇ ਅੰਗਰੇਜੀ ਸ਼ਬਦਾਂ ਤੋਂ ਬਗੈਰ ਅਸੀਂ 'ਸਾਰ' ਹੀ ਨਹੀਂ ਸਕਦੇ.... ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੀਏ। ਉਮੀਦ ਹੈ ਕਿ ਹਿੰਮਤਪੁਰਾ.com ਦੇ ਸੁਹਿਰਦ ਪਾਠਕ, ਲੇਖਕ ਤੇ ਪ੍ਰਸੰਸਕ ਇਸ ਉੱਦਮ ਲਈ ਪਹਿਲ ਜਰੂਰ ਕਰਨਗੇ। ਇਹੀ ਆਪੋ ਆਪਣੀ ਜਨਮਦਾਤੀ ਮਾਂ ਅਤੇ ਮਾਂ ਬੋਲੀ ਲਈ ਸਭ ਤੋਂ ਅਮੁੱਲ ਤੋਹਫਾ ਹੋਵੇਗਾ।
ਬੇਨਤੀ ਕਰਤਾ
ਤੁਹਾਡਾ ਆਪਣਾ,
ਮਨਦੀਪ ਖੁਰਮੀ ਹਿੰਮਤਪੁਰਾ {ਲੰਡਨ}