Tuesday, 30 March 2010

ਟਿੰਡ 'ਚ ਕਾਨਾ (1)



ਇਸ ਕਾਲਮ ਅਧੀਨ ਤੁਸੀਂ ਪੜ੍ਹਦੇ ਰਹੋਗੇ ਅਖਬਾਰੀ ਬਿਆਨਾਂ ਨਾਲ ਛੇੜ-ਛਾੜ... ਗੁਰਦੀਪ {ਮਿੰਟੂ}ਖੁਰਮੀ ਹਿੰਮਤਪੁਰਾ ਦੀ ਕਲਮ ਤੋਂ...


*ਨੌਜਵਾਨ ਸਰਕਾਰੀ ਨੌਕਰੀਆਂ ਪਿੱਛੇ ਨਾ ਭੱਜਣ- ਬਾਦਲ

-ਨਹੀਂ ਤਾਂ ਡਾਂਗਾਂ ਨਾਲ ਮੋੜਨਾ ਸਾਨੂੰ ਆਉਂਦੈ।

*ਸ਼੍ਰੋਮਣੀ ਕਮੇਟੀ 'ਤੇ ਕਾਂਗਰਸ ਦੇ ਕਬਜੇ ਦੀ ਸ਼ਾਜਿਸ਼ ਸਫਲ ਨਹੀਂ ਹੋਣ ਦਿੱਤੀ ਜਾਵੇਗੀ- ਸੁਖਬੀਰ ਬਾਦਲ

-ਠੀਕ ਕਿਹੈ ਕਾਕਾ ਜੀ... ਕਬਜਾ ਛੱਡਣਾ ਬੜਾ ਔਖੈ। *ਕਾਂਗਰਸ ਸਰਕਾਰ ਆਉਣ 'ਤੇ ਧੱਕੇਸ਼ਾਹੀਆਂ ਦਾ ਹਿਸਾਬ ਲਿਆ ਜਾਵੇਗਾ-ਕੇ.ਪੀ.

-ਫੇਰ ਵੀ ਲੋਕਾਂ ਦੇ ਪੁੱਤ ਈ ਰਗੜੇ ਜਾਣੇ ਆ... ਥੋਡੀਆਂ ਤਾਂ ਆਪਸ 'ਚ ਅੰਦਰ ਖਾਤੇ ਗਲਵੱਕੜੀਆਂ ਹੀ ਪੈਂਦੀਆਂ ਨੇ।

*ਅਕਾਲੀ ਦਲ ਤੇ ਕਾਂਗਰਸ ਦੋਵੇਂ ਲੋਟੂ ਪਾਰਟੀਆਂ- ਰਾਮੂਵਾਲੀਆ

-ਰਾਮੂਵਾਲੀਆ ਜੀ... ਕਾਗਰਸ ਕਦੋਂ ਕੁ ਲੋਟੂ ਬਣੀ ਆ.. ਪਿੱਛੇ ਜਿਹੇ ਤਾਂ ਤੁਸੀਂ ਕਾਂਗਰਸ ਨਾਲ ਰਲਕੇ ਸੰਗਰੂਰ ਸੀਟ ਤੋਂ ਚੋਣ ਲੜਨ ਲੱਗੇ ਸੀ?

*ਕੇਂਦਰੀ ਖੁਰਾਕ ਮੰਤਰੀ ਨੂੰ ਗੱਦੀ ਤੋਂ ਉਤਾਰਨ ਨਾਲ ਹੀ ਮਹਿੰਗਾਈ ਘਟੇਗੀ-ਗੁਰਦੇਵ ਬਾਦਲ

-ਜੇ ਉਸੇ ਗੱਦੀ 'ਤੇ ਥੋਡਾ ਕੋਈ ਆਵਦਾ ਬਹਿਜੇ....ਫੇਰ ਮਹਿੰਗਾਈ ਘਟਜੂ?

*ਬਸਪਾ ਵਰਕਰਾ ਫੂਕਿਆ ਕਰੀਮਪੁਰੀ ਦਾ ਪੁਤਲਾ-ਇੱਕ ਖਬਰ

-ਪਹਿਲਾਂ ਤਾਂ ਕਰੀਮਪੁਰੀ ਵੀ 'ਆਈਸ ਕਰੀਮ' ਵਗਦਾ ਲਗਦਾ ਸੀ..ਹੁਣ ਪੁਤਲੇ ਫੂਕੀ ਜਾਨੇ ਹੋਂ।

*ਅੰਮਿ੍ਤਸਰ ਕਚਿਹਰੀ ਦੇ ਬਾਹਰ ਪੁਲਿਸ ਤੇ ਅਪਰਾਧੀ ਗੁਟ ਵਿਚਾਲੇ ਗੋਲੀ ਚੱਲੀ।

-ਆਹੋ ਜੀ.. ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਜੋ ਹੋਇਆ।

*ਕਸਾਬ ਨੇ ਕਿਹਾ-ਮੈਨੂੰ ਨਹੀਂ ਪਤਾ ਮੁੰਬਈ ਹਮਲਿਆਂ ਬਾਰੇ।

-ਭਰਾਵਾ ਦੱਸਦੇ.. ਕਿਉਂ ਪੁੜੇ ਕੁਟਵਾਈ ਜਾਨੈਂ... ਹੋਰ ਕਿਹੜਾ ਸਾਡੇ ਪਿੰਡ ਆਲੇ ਭੀਰੀ ਅਮਲੀ ਨੂੰ ਪਤੈ?