Thursday, 17 May 2012

ਬੇਟੀ ਦੇ ਜਨਮ ਲੈਣ 'ਤੇ ਮੁੰਡਾ ਜੰਮਣ ਵਰਗੇ ਕਾਰ ਵਿਹਾਰ ਕੀਤੇ ਖੁਰਮੀ ਪਰਿਵਾਰ ਨੇ।

ਨਿਹਾਲ ਸਿੰਘ ਵਾਲਾ (ਮਿੰਟੂ) ਵਿਸ਼ਵ ਭਰ ਦੇ ਪੰਜਾਬੀ ਅਖਬਾਰਾਂ ਨੂੰ ਆਪਣੀ ਵੈੱਬਸਾਈਟ 'ਹਿੰਮਤਪੁਰਾ ਡੌਟ ਕੌਮ' ਰਾਹੀਂ ਇੱਕ ਲੜੀ 'ਚ ਪ੍ਰੋਣ ਵਰਗਾ ਕਾਰਜ ਕਰਨ ਵਾਲੇ ਇੰਗਲੈਂਡ ਵਾਸੀ ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਦੇ ਘਰ
ਬੀਤੇ ਦਿਨੀਂ ਪੁੱਤਰੀ ਨੇ ਜਨਮ ਲਿਆ। ਨਵੇਂ ਜੀਅ ਦੀ ਆਮਦ 'ਤੇ ਪਿੰਡ ਹਿੰਮਤਪੁਰਾ ਵਿਖੇ ਉਹਨਾਂ ਦੇ ਘਰ ਉਹ ਸਭ ਕਾਰ ਵਿਹਾਰ ਕੀਤੇ ਗਏ ਜਿਹੜੇ ਆਮ ਕਰਕੇ ਮੁੰਡੇ ਦੇ ਜਨਮ ਲੈਣ ਸਮੇਂ ਕੀਤੇ ਜਾਂਦੇ ਹਨ। ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਚਿਰਾਂ ਤੋਂ ਚੱਲੇ ਆ ਰਹੇ ਮੁੰਡੇ ਕੁੜੀ ਦੇ ਫ਼ਰਕ ਨੂੰ ਨਿੰਮ ਬੰਨ੍ਹ ਕੇ ਬਰਾਬਰ ਕੀਤਾ। ਇਸ ਪੱਤਰਕਾਰ ਨਾਲ ਫੋਨ 'ਤੇ ਗੱਲਬਾਤ ਦੌਰਾਨ ਮਨਦੀਪ ਖੁਰਮੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਜਨਮ ਲੈਣ ਵਾਲੀ ਧੀ ਨੂੰ ਵੀ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਵੇ। ਇਸ ਸੋਚ ਨੂੰ ਤਿਆਗਣ ਦੀ ਲੋੜ ਹੈ ਕਿ ਵੰਸ਼ ਮੁੰਡੇ ਨਾਲ ਅੱਗੇ ਵਧਦਾ ਹੈ ਜਦੋਂਕਿ ਸੱਚਾਈ ਇਹ ਹੈ ਕਿ ਵੰਸ਼ ਅੱਗੇ ਵਧਾਉਣ ਲਈ ਮੁੰਡੇ ਦੇ ਨਾਲ ਨਾਲ ਕੁੜੀ ਵੀ ਬਰਾਬਰ ਦੀ ਹਿੱਸੇਦਾਰ ਹੈ। ਉਹਨਾਂ ਕਿਹਾ ਕਿ ਸਿਰਫ ਨਿੰਮ ਬੰਨ੍ਹਣ ਜਾਂ ਲੱਡੂ ਪਤਾਸੇ ਵੰਡਣ ਨਾਲ ਵੀ ਬੇਟੀ ਦਾ ਸਤਿਕਾਰ ਨਹੀਂ ਹੋ ਸਕਦਾ ਸਗੋਂ ਕੁੜੀ ਨੂੰ ਇਸ ਸਮਾਜ਼ ਦਾ ਅਟੁੱਟ ਅੰਗ ਬਣਾਉਣ ਲਈ ਉਹ ਸਭ ਰੀਤੀ ਰਿਵਾਜ਼ ਕਰਨੇ ਚਾਹੀਦੇ ਹਨ ਜੋ ਅਸੀਂ ਮੁੰਡਾ ਜੰਮੇ ਤੋਂ ਮਨਾਉਂਦੇ ਹਾਂ। ਉਹਨਾਂ ਮੁੰਡਾ ਜੰਮੇ ਤੋਂ ਵਧਾਈ ਲੈਣ ਵਾਲੇ ਮਹੰਤ (ਖੁਸਰੇ) ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਅਸੀਸਾਂ ਵਿੱਚ ਕੁੜੀਆਂ ਦੀ ਚੜ੍ਹਦੀ ਕਲਾ ਨੂੰ ਵੀ ਸ਼ਾਮਿਲ ਕਰਨ। ਇੱਕ ਘਰ ਵਿੱਚ ਮੁੰਡੇ ਦੀ ਵਧਾਈ ਲੈਣ ਤੋਂ ਬਾਦ ਇਹ ਕਹਿਣਾ ਜਰੂਰੀ ਨਾ ਸਮਝਣ ਕਿ ਹੋਰ ਜੰਮੇ ਤੋਂ ਵੀ ਵਧਾਈ ਲੈਣ ਆਈਏ ਸਗੋਂ ਉਸ ਨਵੇਂ ਜੰਮੇ ਭਰਾ ਲਈ ਇੱਕ ਭੈਣ ਜੰਮਣ ਦੀ ਅਸੀਸ ਵੀ ਦੇਣ ਤਾਂ ਜੋ ਇਸ ਸਮਾਜ ਵਿੱਚ ਸਮਤੋਲ ਬਣਾਈ ਰੱਖਿਆ ਜਾ ਸਕੇ। ਇਸ ਸਮੇਂ ਕਮਲਜੀਤ ਸਿੰਘ ਖੁਰਮੀ, ਸਾਬਕਾ ਪੰਚ ਸੁਖਦੇਵ ਸਿੰਘ ਜੈਦ, ਮਿ. ਬਲਜੀਤ ਸਿੰਘ ਬੱਸਣ, ਪੀ ਪੀ ਪੀ ਆਗੂ ਕੁਲਵਿੰਦਰ ਮਾਨ, ਰਘਵੀਰ ਸਿੰਘ ਜੈਦ, ਜਗਸੀਰ ਸਿੰਘ ਭੋਲਾ ਪੰਜਾਬ ਰੋਡਵੇਜ਼, ਮਾ. ਜਸਵਿੰਦਰ ਸਿੰਘ ਜੱਸੀ, ਮਾ. ਹਰਦੀਪ ਸਿੰਘ ਹੈਪੀ, ਗੁਰਦੀਪ ਈਨਾ, ਗੁਰਤੇਜ ਗਿੱਲ, ਵੀਰਪਾਲ ਸਿੰਘ, ਸ਼ਹੀਦ ਊਧਮ ਸਿੰਘ ਸੋਸ਼ਲ ਵੈੱਲਫੇਅਰ ਕਲੱਬ ਦੇ ਆਗੂ ਜਸਦੀਸ਼ ਟੋਨੀ, ਮਨਜਿੰਦਰ ਖੁਰਮੀ, ਤੀਰਥ ਰਾਮ ਸ਼ਰਮਾ, ਗਿਰਧਾਰੀ ਲਾਲ ਲਖਨਪਾਲ, ਬਿੱਟੀ ਸ਼ਰਮਾ, ਬਹਾਲ ਸਿੰਘ ਸਿੱਧੂ, ਇਜਨੀਅਰ ਮੁਨੀਸ਼ ਸਰਮਾ, ਇੰਜਨੀਅਰ ਵਰਿੰਦਰ ਖੁਰਮੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।