Tuesday, 27 March 2012
ਸਾਊਥਾਲ ਦੇ ਇੱਕ ਰੈਸਟੋਰੈਂਟ ਨੂੰ ਸਫਾਈ ਨਾ ਰੱਖਣ 'ਤੇ 'ਰਿਕਾਰਡਤੋੜ' ਜ਼ੁਰਮਾਨਾ।
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਸਾਊਥਾਲ ਦੇ ਫੈਦਰਸਟੋਨ ਰੋਡ ਸਥਿਤ ਓਰਿਜੀਨਲ ਲਾਹੌਰੀ ਕੜਾਹੀ ਨਾਮੀ ਰੈਸਟੋਰੈਂਟ ਨੂੰ ਸਫਾਈ ਨਾ ਰੱਖਣ 'ਤੇ 10 ਦੋਸ਼ਾਂ ਤਹਿਤ 27994 ਪੌਂਡ 10 ਪੈਂਸ ਜ਼ੁਰਮਾਨਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈਲਿੰਗ ਕੌਂਸਲ ਦੇ ਰੈਗੂਲੇਟਰੀ ਸਰਵਿਸਜ਼ ਅਫਸਰਾਂ ਵੱਲੋਂ ਅਪ੍ਰੈਲ 2011 ਵਿੱਚ ਮਾਰੇ ਛਾਪੇ ਦੌਰਾਨ ਇਸ ਰੈਸਟੋਰੈਂਟ ਵਿੱਚੋਂ ਪਲੇਟਾਂ 'ਤੇ ਚੂਹਿਆਂ ਦੇ ਵਾਲ, ਮਸਾਲਿਆਂ ਵਾਲੇ ਭਾਂਡਿਆਂ 'ਤੇ ਚੂਹਿਆਂ ਦਾ ਪਿਸ਼ਾਬ, ਸਬਜ਼ੀਆਂ ਕੱਟਣ ਵਾਲੇ ਬੋਰਡ ਨੂੰ ਉੱਲੀ ਆਦਿ ਸਮੇਤ ਹੋਰ ਵੀ ਕਮੀਆਂ ਪਾਈਆਂ ਗਈਆਂ ਸਨ ਜਿਹੜੀਆਂ ਮਨੁੱਖੀ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ। ਇਹਨਾਂ ਦੋਸ਼ਾਂ ਨੂੰ ਕਬੂਲਣ 'ਤੇ ਰੈਸਟੋਰੈਂਟ ਦੇ ਸੰਚਾਲਕ ਮੁਹੰਮਦ ਜਾਵੇਦ ਨੂੰ ਪ੍ਰਤੀ ਦੋਸ਼ 2 ਹਜਾਰ ਪੌਂਡ, 8 ਹਜਾਰ ਪੌਂਡ ਸਿਹਤ ਲਈ ਹਾਨੀਕਾਰਕ ਘਟੀਆ ਖਾਣ ਪੀਣ ਦਾ ਸਮਾਨ ਵਰਤਣ 'ਤੇ, ਲਗਭਗ 1980 ਪੌਂਡ ਕੌਂਸਲ ਦਾ ਖਰਚਾ ਆਦਿ ਸਮੇਤ ਕੁੱਲ 27994.10 ਪੌਂਡ ਜ਼ੁਰਮਾਨਾ ਕੀਤਾ ਗਿਆ ਹੈ। ਕੌਂਸਲਰ ਰਣਜੀਤ ਧੀਰ ਨੇ ਕਿਹਾ ਕਿ ਜ਼ੁਰਮਾਨੇ ਦੀ ਰਕਮ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਸੋਈ ਕਿੰਨੀ ਕੁ ਗੰਦੀ ਹੋਵੇਗੀ?