Tuesday, 27 March 2012

ਟਰਾਂਸਪੋਰਟ ਆਫ਼ ਲੰਡਨ ਹੁਣੇ ਤੋਂ ਹੀ ਹੋਈ ਲੰਡਨ ਉਲੰਪਿਕ 2012 ਲਈ ਪੱਬਾਂ ਭਾਰ।

ਲੰਡਨ(ਮਨਦੀਪ ਖੁਰਮੀ ਹਿੰਮਤਪੁਰਾ) ਲੰਡਨ ਉਲੰਪਿਕ 2012 ਨੂੰ ਲੈ ਕੇ ਇੰਗਲੈਂਡ ਵਾਸੀਆਂ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੇਸ਼ੱਕ ਖੇਡਾਂ ਸ਼ੁਰੂ ਹੋਣ 'ਚ ਕਾਫੀ ਸਮਾਂ ਬਾਕੀ ਹੈ ਪਰ ਹੁਣੇ ਤੋਂ ਹੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਲੰਡਨ ਦੇ 34 ਵੱਖ ਵੱਖ ਸਥਾਨਾਂ 'ਤੇ ਹੋਣ ਵਾਲੇ ਖੇਡ ਮੁਕਾਬਲਿਆਂ ਨੂੰ ਦੇਖਣ ਲਈ ਪਹੁੰਚਣ ਵਾਲੇ ਦਰਸ਼ਕਾਂ ਅਤੇ ਖਿਡਾਰੀਆਂ ਦੀ ਸਹੂਲਤ ਲਈ ਹੁਣੇ ਤੋਂ ਹੀ ਟਰਾਂਸਪੋਰਟ ਆਫ ਲੰਡਨ ਵੱਲੋਂ ਉਚਿਤ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਤਹਿਤ ਰਿਹਾਇਸ਼ੀ, ਬਿਜਿਨਿਸ ਅਤੇ ਦਰਸਕਾਂ ਲਈ ਇੱਕ ਮਿਲੀਅਨ ਪਾਰਕਿੰਗ ਪਰਮਿਟ ਜ਼ਾਰੀ ਕੀਤੇ ਜਾਣਗੇ। ਬੇਸ਼ੱਕ ਇਹਨਾਂ ਖੇਡਾਂ ਨੂੰ ਮੱਦੇਨਜ਼ਰ ਰੱਖਦਿਆਂ ਕੀਤੇ ਜਾ ਰਹੇ ਪੁਖਤਾ ਪ੍ਰਬੰਧਾਂ ਕਾਰਨ ਖੇਡ ਸਥਾਨਾਂ ਦੇ ਆਸ ਪਾਸ ਦੇ 4 ਲੱਖ ਦੇ ਕਰੀਬ ਬਿਜਨਿਸ ਜਾਂ ਰਿਹਾਇਸੀ ਸਥਾਨ ਸੁਰੱਖਿਆ ਪ੍ਰਬੰਧਾਂ ਕਾਰਨ ਬੰਦਿਸ਼ਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ। ਟਰਾਂਸਪੋਰਟ ਆਫ ਲੰਡਨ ਵੱਲੋਂ ਉਲੰਪਿਕ ਰੂਟ ਨੈੱਟਵਰਕ ਨਾਲ ਨਿਰੰਤਰ ਤਾਲਮੇਲ ਬਣਾ ਕੇ ਵੱਖ ਵੱਖ ਬਾਰੋਅ ਕੌਂਸਲਾਂ ਦੇ ਲੋਕਲ ਰੂਟਾਂ ਨੂੰ ਵੀ ਉਲੰਪਿਕ ਖੇਡ ਸਥਾਨਾਂ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਆਵਾਜਾਈ ਸੰਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਖਿਡਾਰੀਆਂ ਅਤੇ ਅਮਲੇ ਦੀ ਸੌਖ ਲਈ ਵੀ ਵਿਸ਼ੇਸ਼ 109 ਮੀਲ ਦਾ ਉਲੰਪਿਕ ਰੂਟ ਨੈੱਟਵਰਕ ਬਣਾਉਣ ਦੀ ਤਿਆਰੀ ਵਿੱਚ ਹੈ ਜਿਸ ਵਿੱਚੋਂ 30 ਮੀਲ 'ਐਕਸਪ੍ਰੈੱਸ ਗੇਮਸ ਲੇਨਜ' ਬਣਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਲੰਡਨ 2012 ਦੇ ਚੀਫ ਐਗਜੈਕਟਿਵ ਪੌਲ ਡੀਟਨ ਨੇ ਕਿਹਾ ਕਿ ਇਹ ਉਲੰਪਿਕ ਖੇਡਾਂ ਆਪਣੇ ਆਪ ਵਿੱਚ ਵਿਲੱਖਣ ਹੋਣਗੀਆਂ। ਉਹਨਾਂ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ਼ ਹੈ ਕਿ ਲੰਡਨ ਉਲੰਪਿਕ ਵਿੱਚ ਦਰਸ਼ਕਾਂ, ਖਿਡਾਰੀਆਂ, ਅਮਲੇ ਅਤੇ ਮੀਡੀਆ ਨੂੰ ਉਚਿਤ ਸਥਾਨਾਂ 'ਤੇ ਪਹੁੰਚਾਉਣ ਲਈ ਹਰ ਸਹੂਲਤ ਪ੍ਰਦਾਨ ਕੀਤੀ ਜਾਵੇਗੀ।