Saturday, 18 February 2012

'ਕੈਂਸਰ ਰੇਲ' ਦੇ ਸਵਾਰਾਂ ਦੇ ਦੁੱਖ ਸੁਣੇ 'ਰੋਕੋ ਕੈਂਸਰ ਸੰਸਥਾ' ਦੇ ਅੰਤਰਰਾਸ਼ਟਰੀ ਰਾਜਦੂਤ ਨੇ।

ਕਿਹਾ- ਪੰਜਾਬ ਦੇ ਹੁਣ ਤੱਕ ਦੇ ਰਾਜਿਆਂ ਦੀ ਨਾਲਾਇਕੀ ਕਾਰਨ ਪੰਜਾਬ ਦੇ ਲੋਕ ਰਾਜਸਥਾਨ Ḕਚੋਂ ਜ਼ਿੰਦਗੀ ਲੱਭਣ ਜਾਦੇ ਹਨ।
ਨਿਹਾਲ ਸਿੰਘ ਵਾਲਾ,(ਮਿੰਟੂ ਖੁਰਮੀ ਹਿੰਮਤਪੁਰਾ) ਉਹ ਰਾਜਸਥਾਨ ਜਿਸਨੂੰ ਕਿਸੇ ਵੇਲੇ ਪੰਜਾਬ ਦੇ ਲੋਕ ਟਿੱਬਿਆਂ ਤੇ ਬੋਤਿਆਂ ਵਾਲਾ ਸੂਬਾ ਕਹਿ ਕੇ ਸ਼ਾਇਦ ਖਿੱਲੀ ਉਡਾਉਂਦੇ ਹੋਣ ਪਰ ਅੱਜ ਹਾਲਾਤ ਇਸ ਕਦਰ ਪੁੱਠਾ ਗੇੜਾ ਖਾ ਗਏ ਹਨ ਕਿ ਸਮੁੱਚੇ ਭਾਰਤ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਲੋਕ ਕੈਂਸਰ ਦੇ ਇਲਾਜ਼ ਲਈ ਬੀਕਾਨੇਰ ਵੱਲ ਨੂੰ ਹਰ ਰੋਜ਼ ਵਹੀਰਾਂ ਘੱਤ ਕੇ ਜਾ ਰਹੇ ਹਨ। ਪੰਜਾਬ ਨੂੰ ਕੈਲੀਫੋਰਨੀਆ ਜਾਂ ਪੈਰਿਸ ਬਨਾਉਣ ਦੇ ਦਾਅਵੇ ਵਾਰ ਵਾਰ ਦਮ ਤੋੜ ਜਾਂਦੇ ਰਹੇ ਜਿਸਦੇ ਸਿੱਟੇ ਵਜੋਂ ਪੰਜਾਬ ਦੇ ਲੋਕ ਹੁਣ ਰਾਜਸਥਾਨ 'ਚੋਂ ਜ਼ਿੰਦਗੀ ਲੱਭਣ ਜਾਂਦੇ ਹਨ। ਉਕਤ ਪ੍ਰਗਟਾਵਾ ਕੈਂਸਰ ਦੇ ਮੁਕੰਮਲ ਖਾਤਮੇ ਲਈ ਜੂਝ ਰਹੀ ਸੰਸਥਾ ਰੋਕੋ ਕੈਂਸਰ ਦੇ ਅੰਤਰਰਾਸ਼ਟਰੀ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਨੇ ਇਸ ਪ੍ਰਤੀਨਿਧੀ ਨਾਲ ਗਲਬਾਤ ਦੌਰਾਨ ਕੀਤਾ। ਜਿਕਰਯੋਗ ਹੈ ਕਿ ਸ੍ਰੀ ਧਾਲੀਵਾਲ ਬੀਤੇ ਦਿਨੀਂ ਪੰਜਾਬ ਦੌਰੇ 'ਤੇ ਸਨ ਅਤੇ ਉਹਨਾਂ ਬਠਿੰਡਾ ਤੋਂ ਬੀਕਾਨੇਰ ਜਾਣ ਵਾਲੀ ਰੇਲ ਦੇ ਯਾਤਰੂਆਂ ਨਾਲ ਦੁੱਖ ਸੁੱਖ ਵੀ ਫਰੋਲੇ ਸਨ ਕਿ ਕਿਹੜੀ ਵਜ੍ਹਾ ਹੈ ਕਿ ਲੋਕ ਰਾਜਸਥਾਨ ਦੇ ਬੀਕਾਨੇਰ ਸਥਿਤ ਚੈਰੀਟੇਬਲ ਕੈਂਸਰ ਹਸਪਤਾਲ ਦੀ ਪਨਾਹ 'ਚ ਜਾਣਾ ਬਿਹਤਰ ਸਮਝਦੇ ਹਨ? ਉਹਨਾਂ ਦੱਸਿਆ ਕਿ ਬਠਿੰਡਾ ਰੇਲਵੇ ਸਟੇਸ਼ਨ ਦਾ ਹਾਲ ਇੰਨਾ ਕੁ ਦੁਖਦਾਈ ਸੀ ਕਿ ਲੋਕ ਆਪਣੇ ਪਰਿਵਾਰਕ ਜੀਆਂ ਨੂੰ ਮੌਤ ਦੇ ਮੂੰਹ 'ਚੋਂ ਕੱਢਣ ਦੀ ਲਾਲਸਾ 'ਚ ਕੜਾਕੇ ਦੀ ਠੰਢ 'ਚ ਬੈਠੇ ਰੇਲ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਉਹਨਾਂ ਕਿਹਾ ਕਿ ਬਠਿੰਡਾ ਤੋਂ ਤਿੰਨ ਕੁ ਸੌ ਕਿਲੋਮੀਟਰ ਦੀ ਦੂਰੀ 'ਤੇ ਕੇਂਦਰ ਸਰਕਾਰ ਦੇ ਕੰਨਾਂ 'ਚ ਪੰਜਾਬ ਵਿੱਚ ਮੱਚੀ ਕੈਂਸਰ ਦੀ ਅੱਗ ਦੀ ਹਾਹਾਕਾਰ ਦੀਆਂ ਆਵਾਜਾਂ ਨਹੀਂ ਪੈ ਰਹੀਆਂ ਸਗੋਂ ਪੰਜਾਬ ਤੋਂ 5500 ਮੀਲ ਦੂਰ ਇੰਗਲੈਂਡ ਦੀ ਧਰਤੀ 'ਤੇ ਵਸਦੇ ਲੋਕ ਪੰਜਾਬ ਦੇ ਲੋਕਾਂ ਨੂੰ ਕੈਂਸਰ ਦੇ ਚੁੰਗਲ 'ਚੋਂ ਬਚਾਉਣ ਲਈ ਹਰ ਵੇਲੇ ਤਿਆਰ ਹਨ। ਉਹਨਾਂ ਸਰਕਾਰਾਂ ਨੂੰ ਸਵਾਲ ਕੀਤਾ ਕਿ ਉਹ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਦੋਂ ਕੁ ਤੱਕ ਕਰਦੀਆਂ ਰਹਿਣਗੀਆਂ? ਇਸ ਦੇ ਨਾਲ ਹੀ ਉਹਨਾਂ ਸਮੂਹ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜੇ ਉਹ ਰੋਕੋ ਕੈਂਸਰ ਸੰਸਥਾ ਦਾ ਸਾਥ ਦਿੰਦੇ ਰਹਿਣ ਤਾਂ ਅਸੀਂ ਉਹ ਟੀਚੇ ਵੀ ਸਰ ਕਰ ਜਾਵਾਂਗੇ ਜਿਹੜੇ ਸਰਕਾਰਾਂ ਨੇ ਸੁਪਨੇ ਵਿੱਚ ਵੀ ਅਜੇ ਸੋਚੇ ਨਹੀਂ ਹੋਣੇ।