Saturday, 14 January 2012

ਮਾਘੀ ਮੇਲਾ ਤਖਤੂਪੁਰਾ 'ਚ ਸਾਂਝੇ ਮੋਰਚੇ ਦੀ ਕਾਨਫਰੰਸ ਦੌਰਾਨ 'ਉੱਤਰ ਕਾਟੋ ਮੈਂ ਚੜ੍ਹਾਂ' ਦੀ ਖੇਡ ਬੰਦ ਕਰਨ ਦਾ ਸੱਦਾ।

ਤਖਤੂਪੁਰਾ ਮਾਘੀ ਮੇਲਾ ਕਾਨਫਰੰਸ ਦਾ ਪਹਿਲਾ ਦਿਨ
ਹਲਕਾ ਨਿਹਾਲ ਸਿੰਘ ਵਾਲਾ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਦੇ ਹੱਕ 'ਚ ਹੋਈ 'ਇਕਲੌਤੀ' ਕਾਨਫਰੰਸ।
ਤਖਤੂਪੁਰਾ ਸਾਹਿਬ, 14 ਜਨਵਰੀ (ਮਨਦੀਪ ਖੁਰਮੀ ਹਿੰਮਤਪੁਰਾ) ਤਿੰਨ ਗੁਰੂ ਸਾਹਿਬਾਨਾਂ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਤਖਤੂਪੁਰਾ ਸਾਹਿਬ (ਮੋਗਾ) ਸਿਆਸੀ ਹਲਕਿਆਂ ਵਿੱਚ ਮੁਕਤਸਰ ਸਾਹਿਬ ਤੋਂ ਬਾਦ ਸਿਆਸੀ ਕਾਨਫਰੰਸਾਂ ਲਈ ਖਾਸ ਅਹਿਮੀਅਤ ਰੱਖਦਾ ਹੈ। ਚੋਣ ਕਮਿਸ਼ਨ ਵੱਲੋਂ ਕਸੇ ਸਿਕੰਜੇ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਮੁਕਤਸਰ ਸਾਹਿਬ ਮਾਘੀ ਮੇਲੇ 'ਤੇ ਕਾਨਫਰੰਸਾਂ ਕਰਨ ਤੋਂ ਪੈਰ ਪਿਛਾਂਹ ਖਿੱਚ ਲਏ ਸਨ। ਆਮ ਲੋਕਾਂ ਨੂੰ ਤਾਂ ਇਹ ਹੀ ਭਾਸ ਰਿਹਾ ਸੀ ਕਿ ਸ਼ਾਇਦ ਤਖਤੂਪੁਰਾ ਸਾਹਿਬ ਦੇ ਮਾਘੀ ਮੇਲੇ 'ਤੇ ਹੋਣ ਵਾਲੀਆਂ ਕਾਨਫਰੰਸਾਂ ਵੀ ਮੁਲਤਵੀ ਹੋ ਜਾਣ ਪਰ ਅੱਜ ਮਾਘੀ ਮੇਲੇ ਦੇ ਪਹਿਲੇ ਦਿਨ ਹੀ ਸਿਰਫ ਸਾਂਝੇ ਮੋਰਚੇ ਵੱਲੋਂ ਭਾਰਤੀ ਕਮਿਊਨਿਸ਼ਟ ਪਾਰਟੀ ਦੀ ਅਗਵਾਈ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਿਆਸੀ ਕਾਨਫਰੰਸ ਕਰਕੇ ਆਪਣਾ 'ਮੋਰਚਾ' ਪੱਕਾ ਤਿਆਰ ਕਰ ਲਿਆ ਹੈ।ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ. ਦੇ ਸਟੇਟ ਐਗਜੈਕਟਿਵ ਮੈਂਬਰ ਕੁਲਦੀਪ ਭੋਲਾ, ਜਿਲ੍ਹਾ ਐਗਜੈਕਟਿਵ ਮੈਂਬਰ ਸੁਖਦੇਵ ਭੋਲਾ, ਇਲਾਕਾ ਸਕੱਤਰ ਜਗਜੀਤ ਸਿੰਘ, ਸਰਵ ਭਾਰਤ ਨੌਜ਼ਵਾਨ ਸਭਾ ਦੇ ਜਿਲ੍ਹਾ ਸਕੱਤਰ ਮੰਗਤ ਰਾਏ, ਏ. ਆਈ ਐੱਸ਼ ਐੱਫ਼ ਦੇ ਸੂਬਾ ਕੌਂਸਲ ਮੈਂਬਰ ਵਿੱਕੀ ਮਹੇਸਰੀ, ਜਿਲ੍ਹਾ ਪ੍ਰਧਾਨ ਕਰਮਵੀਰ ਕੌਰ ਬੱਧਨੀ ਖੁਰਦ, ਸੀ. ਪੀ. ਐੱਮ. ਦੇ ਤਹਿਸੀਲ ਸਕੱਤਰ ਕਾਮਰੇਡ ਜੀਤ ਸਿੰਘ ਰੌਂਤਾ, ਕਿਸਾਨ ਆਗੂ ਗੁਰਚਰਨ ਸਿੰਘ ਦਾਤੇਵਾਲ, ਗਿਆਨੀ ਗੁਰਦੇਵ ਸਿੰਘ, ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਆਗੂ ਸੁਖਦੇਵ ਸਿੰਘ ਸੋਢੀ ਆਦਿ ਨੇ ਕਿਹਾ ਕਿ ਪੰਜਾਬ ਦੇ ਲੋਕ 30 ਜਨਵਰੀ ਨੂੰ 14ਵੀਂ ਵਿਧਾਨ ਸਭਾ ਦੀ ਚੋਣ ਕਰਨ ਜਾ ਰਹੇ ਹਨ। ਸਾਂਝੇ ਮੋਰਚੇ, ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਰੂਪ ਵਿੱਚ ਇਹ ਦਿਰਾਂ ਚੋਣ ਮੈਦਾਨ ਵਿੱਚ ਹਨ। ਪੰਜਾਬ ਦੇ ਲੋਕਾਂ ਨੂੰ 65 ਸਾਲ ਤੋਂ ਰਾਜ ਕਰ ਰਹੀਆਂ ਸਿਆਸੀ ਪਾਰਟੀਆਂ ਦੀਆਂ ਨੀਤੀਆਂ ਨੂੰ ਵਿਚਾਰਨ ਦੀ ਲੋੜ ਹੈ ਕਿਉਂਕਿ ਇਹਨਾਂ ਅਕਾਲੀ ਅਤੇ ਕਾਂਗਰਸ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਹੀ ਸਿੱਟਾ ਹੈ ਕਿ ਸਿਰਫ 4 ਫੀਸਦੀ ਪੇਂਡੂ ਬੱਚੇ ਹਨ ਜੋ ਉੱਚ ਵਿੱਦਿਆ ਪ੍ਰਾਪਤ ਕਰ ਸਕਦੇ ਹਨ। 65 ਲੱਖ ਨੌਜ਼ਵਾਨ ਬੇਰੁਜ਼ਗਾਰੀ ਦੀ ਦਲਦਲ ਵਿੱਚ ਧਸੇ ਹੋਏ ਹਨ। ਪੰਜਾਬ ਦੀ ਕਿਰਸਾਨੀ 75 ਹਜਾਰ ਕਰੋੜ ਦੀ ਕਰਜਈ ਹੋ ਚੁੱਕੀ ਹੈ। ਖੁਦਕੁਸ਼ੀਆਂ ਦਾ ਦੌਰ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਸਿਹਤ ਤੇ ਤੰਦਰੁਸਤੀ ਦੇ ਖੇਤਰ ਵਿੱਚ ਅੱਗੇ ਰਹਿਣ ਵਾਲੇ ਸੂਬੇ ਪੰਜਾਬ ਦੇ ਲੋਕ ਅੱਜ ਨਸ਼ਿਆਂ, ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪੀਣ ਵਾਲਾ ਪਾਣੀ ਖਤਰਨਾਕ ਹੱਦ ਤੱਕ ਦੂਸ਼ਿਤ ਹੋ ਚੁੱਕਾ ਹੈ। ਅਖੌਤੀ ਲੀਡਰਾਂ ਕਾਰਨ ਪੰਜਾਬ ਲੱਠਮਾਰਾਂ ਦਾ ਪੰਜਾਬ ਬਣਦਾ ਜਾ ਰਿਹਾ ਹੈ। ਪੰਜਾਬ ਨਵੀਂ ਕਿਸਮ ਦੇ ਅੱਤਵਾਦ ਭਾਵ ਲੁੱਟਾਂ ਖੋਹਾਂ, ਕਤਲਾਂ ਦਾ ਅੱਡਾ ਬਣਦਾ ਜਾ ਰਿਹਾ ਹੈ। ਰੁਜ਼ਗਾਰ ਦਾ ਸੰਵਿਧਾਨਕ ਹੱਕ ਪ੍ਰਾਪਤ ਕਰਨ ਲਈ ਆਵਾਜ਼ ਬੁਲੰਦ ਕਰਦੇ ਪੰਜਾਬ ਦੇ ਧੀਆਂ- ਪੁੱਤਾਂ ਦੀ ਸਿਆਸੀ ਗੁੰਡਿਆਂ ਹੱਥੋਂ ਦੁਰਗਤੀ ਕਰਵਾਈ ਜਾ ਰਹੀ ਹੈ। ਅਜਿਹੇ ਲੋਕ ਮਾਰੂ ਹਾਲਾਤਾਂ ਪੰਜਾਬ ਅੰਦਰ ਪੀ. ਪੀ. ਪੀ., ਸੀ. ਪੀ. ਆਈ., ਸੀ. ਪੀ. ਆਈ. ਐੱਮ. ਅਤੇ ਅਕਾਲੀ ਦਲ ਲੌਂਗੋਵਾਲ ਦੀ ਅਗਵਾਈ ਵਿੱਚ ਸਾਂਝਾ ਮੋਰਚਾ ਪੈਦਾ ਕੀਤਾ ਹੈ। ਆਗੂਆਂ ਨੇ ਸੰਬੋਧਨ ਦੌਰਾਨ ਪੰਜਾਬ Ḕਚੋਂ ਸਿਆਸੀ ਇਜਾਰੇਦਾਰੀ ਨੂੰ ਖ਼ਤਮ ਕਰਨ, ਉੱਤਰ ਕਾਟੋ ਮੈਂ ਚੜ੍ਹਾਂ ਦੀ ਖੇਡ ਨੂੰ ਬੰਦ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਜੇ ਲੋਕ ਸਚਮੁੱਚ ਹੀ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਭੇਦ-ਭਾਵ ਰਹਿਤ ਪੰਜਾਬ ਸਿਰਜਣਾ ਚਾਹੁੰਦੇ ਹਨ ਤਾਂ ਸਾਂਝੇ ਮੋਰਚੇ ਦੇ ਉਮੀਦਵਾਰਾਂ ਨੂੰ ਜਿਤਾਉਣ ਤਾਂ ਜੋ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਦੀ ਨੁਹਾਰ ਬਦਲੀ ਜਾ ਸਕੇ। ਕਾਨਫਰੰਸ ਦੌਰਾਨ ਗੁਰਦੇਵ ਸਿੰਘ ਕਿਰਤੀ, ਨਿਰਮਲ ਸਿੰਘ ਭਾਗੀਕੇ, ਨੌਰੰਗ ਸਿੰਘ ਸੈਦੋਕੇ, ਹਰਵਿੰਦਰ ਸਿੰਘ ਭਿੰਦੀ ਖੋਟੇ, ਕਾਮਰੇਡ ਨਗਿੰਦਰ ਸਿੰਘ ਰਾਊਕੇ, ਹਰਭਜਨ ਸਿੰਘ ਬਿਲਾਸਪੁਰ, ਪੰਮੀ ਤਖਤੂਪੁਰਾ, ਸਾਬਕਾ ਸਰਪੰਚ ਨਛੱਤਰ ਸਿੰਘ ਹਿੰਮਤਪੁਰਾ, ਜਗਰਾਜ ਰਣੀਆਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਅਖੀਰ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਕਾਮਰੇਡ ਮਹਿੰਦਰ ਸਿੰਘ ਧੂੜਕੋਟ ਆਏ ਲੋਕਾਂ ਦਾ ਧੰਨਵਾਦ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਬਾਕੀ ਦੀ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਮਾਘੀ ਮੇਲੇ Ḕਤੇ ਕਾਨਫਰੰਸ ਕਰਨ ਦੀ ਕਨਸੋਅ ਨਹੀਂ ਮਿਲ ਰਹੀ ਜਦੋਂਕਿ ਸਾਂਝੇ ਮੋਰਚੇ ਦੇ ਉਮੀਦਵਾਰ ਕਾਮਰੇਡ ਮਹਿੰਦਰ ਸਿੰਘ ਧੂੜਕੋਟ ਦੇ ਹੱਕ ਵਿੱਚ ਹੋਈ ਇਸ ਕਾਨਫਰੰਸ ਰਾਹੀਂ ਐਲਾਨ ਕੀਤਾ ਗਿਆ ਕਿ ਮੇਲੇ ਦੇ ਦੁਜੇ ਦਿਨ ਜਾਣੀਕਿ 15 ਜਨਵਰੀ ਨੂੰ ਵੀ ਵੱਡੀ ਪੱਧਰ Ḕਤੇ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਕਾਮਰੇਡ ਜਗਰੂਪ ਸਿੰਘ, ਨਿਰਮਲ ਸਿੰਘ ਧਾਲੀਵਾਲ, ਕੁਲਦੀਪ ਸਿੰਘ ਢੋਸ ਆਦਿ ਸਮੇਤ ਹੋਰ ਸੂਬਾਈ ਆਗੂ ਵੀ ਸੰਬੋਧਨ ਕਰਨਗੇ।