ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਕਾਗਰਸ ਦੇ ਧਲੱੜੇਦਾਰ ਆਗੂ, ਕਹਿਣੀ ਕਰਨੀ ਦੇ ਪੂਰੇ ਅਤੇ ਜਲੰਧਰ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਚੌਧਰੀ ਦਰਸ਼ਨ ਸਿੰਘ ਦੇ 60 ਸਾਲ ਦੇ ਸਿਆਸੀ ਜੀਵਨ 'ਤੇ ਝਾਤ ਮਾਰੀ ਜਾਵੇ ਤਾਂ ਪਤਾ ਲਗਦੈ ਕਿ ਉਹ ਵਿਅਕਤੀ ਨਹੀਂ ਸਨ ਸਗੋਂ ਇੱਕ ਤੁਰੀ ਫਿਰਦੀ ਸੰਸਥਾ ਸਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ ਨੇ ਚੌਧਰੀ ਦਰਸ਼ਨ ਸਿੰਘ ਜੀ ਦੇ ਅਕਾਲ ਚਲਾਣੇ ਉਪਰੰਤ ਸਾਊਥਾਲ ਵਿਖੇ ਆਯੋਜਿਤ ਇੱਕ ਸ਼ੋਕ ਸਭਾ ਦੌਰਾਨ ਕੀਤਾ। ਉਹਨਾਂ ਕਿਹਾ ਕਿ ਉਹਨਾਂ ਦੇ ਸਵਰਗੀ ਪਿਤਾ ਸ੍ਰੀ ਲੇਖ ਰਾਜ ਸ਼ਰਮਾ ਜੀ ਦੇ ਅਤਿ ਨਜ਼ਦੀਕੀ ਸਾਥੀ ਰਹੇ ਚੌਧਰੀ ਦਰਸ਼ਨ ਸਿੰਘ ਕਾਂਗਰਸ ਪਾਰਟੀ ਲਈ ਕੀਤੀ ਨਿਸ਼ਕਾਮ ਸੇਵਾ ਦਾ ਚਲਦਾ ਫਿਰਦਾ ਇਤਿਹਾਸ ਸਨ। ਉਹਨਾਂ ਦੇ ਚਲੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਸਮੇਂ ਸਾਬਕਾ ਮੇਅਰ ਕੌਂਸਲਰ ਰਾਜਿੰਦਰ ਸਿੰਘ ਮਾਨ, ਕੌਂਸਲਰ ਰਣਜੀਤ ਧੀਰ, ਕੌਂਸਲਰ ਕੇ ਸੀ ਮੋਹਨ, ਕੌਂਸਲਰ ਰਾਜੂ ਸੰਸਾਰਪੁਰੀ, ਕੌਂਸਲਰ ਸਵਰਨ ਪੱਡਾ, ਕੌਂਸਲਰ ਮਹਿੰਦਰ ਕੌਰ ਮਿੱਢਾ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਆਗੂ ਵੀ ਹਾਜ਼ਰ ਸਨ।