-ਤਰਲੋਚਨ ਸਿੰਘ 'ਦੁਪਾਲ ਪੁਰ'
ਖੂਹ ਨੂੰ ਖੂਹ ਨਹੀਂ ਮਿਲਦਾ, ਪਰ ਬੰਦੇ ਨੂੰ ਬੰਦਾ ਮਿਲ਼ ਪੈਂਦਾ ਹੈ। ਸੰਨ ੨੦੦੨ ਦੇ ਨਵੰਬਰ ਮਹੀਨੇ ਦੀ ਕੋਸੀ ਕੋਸੀ ਧੁੱਪ ਵਾਲ਼ਾ ਦਿਨ। ਬਾਲਾਸਰ ਦਾ ਕਿਲ੍ਹਾ ਨੁਮਾ ਮਹੱਲ। ਪਿਛਵਾੜੇ ਪਾਕਿਸਤਾਨੀਂ ਨਸਲ
ਦੇ ਭੇਡੂਆਂ ਦਾ ਵਾੜਾ। ਲਾਗੇ ਹੀ ਰੰਗ-ਬ-ਰੰਗੇ ਫੁੱਲਾਂ ਦੇ ਬਗੀਚੇ ਵਿੱਚ ਅਰਾਮ-ਕੁਰਸੀ 'ਤੇ ਬੈਠਾ ਮਨਪ੍ਰੀਤ ਸਿੰਘ ਬਾਦਲ। ਸ਼੍ਰੋਮਣੀ ਕਮੇਟੀ ਦੇ ਕੁੱਛ ਮੈਂਬਰ ਭੇਡੂਆਂ ਵਾਂਗ ਹੀ ਕਿਲ੍ਹੇ ਵਿੱਚ ਇੱਧਰ ਉੱਧਰ ਘੁੰਮ ਰਹੇ ਸਨ। ਕੁਛ ਕੁ ਜਣੇ ਮਨਪ੍ਰੀਤ ਦੇ ਸਾਹਮਣੇ ਕੁਰਸੀਆਂ ਤੇ ਸਜੇ ਬੈਠੇ ਸਨ। ਕੁਰਸੀਆਂ ਵਾਲ਼ੇ ਇਸੇ ਗਰੁੱਪ ਵਿੱਚ ਬੈਠਾ ਹੋਇਆ ਮੈਂ ਵੀ , ਚਾਹ ਦੀਆਂ ਚੁਸਕੀਆਂ ਨਾਲ਼ ਮਨਪ੍ਰੀਤ ਦੇ ਮੂੰਹੋਂ ਉੜਦੂ ਦੇ ਸ਼ੇਅਰ ਸੁਣ ਰਿਹਾ ਸਾਂ। ਉਸ ਘੜੀ ਚਿੱਤ ਚੇਤੇ ਵੀ ਨਹੀਂ ਸੀ ਆਇਆ ਕਿ ਇਸੇ ਮਨਪ੍ਰੀਤ ਦੇ ਕਈ ਵਰ੍ਹਿਆਂ ਬਾਅਦ ਦਰਸ਼ਨ ਹੋਣਗੇ!---ਉਹ ਵੀ 'ਤਾਏ ਦੇ ਸਾਏ' ਤੋਂ ਬਾਗੀ ਹੋ ਚੁੱਕੇ ਮਨਪ੍ਰੀਤ ਦੇ!! ਕਿਉਂ ਜੋ ਉਸ ਵੇਲ਼ੇ ਤਾਂ ਉਹ 'ਤਾਇਆ ਦਲ' ਦਾ ਪੂਰਾ ਪੂਰਾ 'ਲ਼ਫਟੈਣ' ਬਣਿਆ ਬੈਠਾ ਸੀ।
ਪੂਰੇ ਨੌਂ ਸਾਲਾਂ ਬਾਅਦ ਜੁਲਾਈ ੨੦੧੧ ਵਿੱਚ ਉਸਨੂੰ ਦੁਬਾਰ ਮਿਲਣ ਦਾ ਮੌਕਾ ਬਣਿਆ। ਅਮਰੀਕਾ ਭਰ ਵਿੱਚ ਉਸ ਦੀ ਨਵੀਂ ਸਜੀ ਪਾਰਟੀ ਦੇ ਪ੍ਰਚਾਰ ਸਮਾਗਮਾਂ ਦੀ ਲੜੀ ਮੁਤਾਬਿਕ, ਮੇਰੀ ਅਮਰੀਕਾ ਵਿਚਲੀ ਰਿਹਾਇਸ਼ ਵਾਲ਼ੇ ਸ਼ਹਿਰ ਦੇ ਸਭ ਤੋਂ ਨਜ਼ਦੀਕ ਹੇਵਰਡ (ਕੈਲੇਫੋਰਨੀਆ) ਵਿਖੇ ਹੋਏ ਪ੍ਰੋਗਰਾਮ ਵਿੱਚ ਮੈਂ ਸ਼ਾਮਿਲ ਹੋਇਆ। ਮੇਰੇ ਨਾਲ਼ ਸਨ ਕਵੀ ਦੋਸਤ ਡਾ. ਗੁਰਮੀਤ ਸਿੰਘ ਬਰਸਾਲ, ਜਿਨਾਂ੍ਹ ਦੇ ਮਨ ਵਿੱਚ ਵੀ ਵੱਡੀ ਉਤਸੁਕਤਾ ਸੀ ਮਨਪ੍ਰੀਤ ਹੋਰਾਂ ਦੀ ਪਾਰਟੀ ਬਾਰੇ ਜਾਨਣ ਦੀ।
ਰਾਹ ਵਿੱਚ ਜਾਂਦਿਆਂ ਹੋਇਆਂ, ਸਮਾਗਮ ਬਾਰੇ ਸਾਡੇ ਵੱਲੋਂ ਲਾਏ ਗਏ ਲੱਖਣ, ਸਾਰੇ ਹੀ ਗਲ੍ਹਤ ਨਿਕਲੇ। ਨਾਂ ਤਾਂ ਪ੍ਰੋਗਰਾਮ ਮਿੱਥੇ ਹੋਏ ਸਮੇਂ ਤੋਂ 'ਪੰਜਾਬੀਆਂ ਵਾਲ਼ੀ ਲੇਟ' ਨਾਲ਼ ਸ਼ੁਰੂ ਹੋਇਆ। ਨਾ ਕਿਸੇ ਨੇ ਮੁੱਖ ਮਹਿਮਾਨ ਨੂੰ 'ਜੀ ਆਇਆਂ' ਕਹਿਣ ਦੇ ਬਹਾਨੇ ਝੱਖਾਂ ਮਾਰੀਆਂ। ਨਾ ਹੀ ਸਪੌਂਸਰ ਕਰਨ ਵਾਲ਼ੇ 'ਉੱਘੇ ਸਮਾਜ ਸੇਵਕਾਂ' ਨੂੰ ਪਲੇਕਾਂ ਦੀਆਂ ਰਿਉੜੀਆਂ ਵੰਡੀਆਂ ਗਈਆਂ। ਉੱਥੇ ਨਾ ਹੀ ਕਿਸੇ ਨੂੰ 'ਉਚੇਚੇ ਤੌਰ 'ਤੇ' ਸਮਾਗਮ ਵਿੱਚ ਸ਼ਾਮਿਲ ਹੋਣ ਦੀ ਚਗਲ਼ੇ ਹੋਏ ਸ਼ਬਦਾਂ ਦੀ ਫੂਕ ਛਕਾਈ ਗਈ । ---ਹੋਰ ਵੀ ਬਹੁਤ ਕੁੱਝ ਨਵਾਂ ਨਿਵੇਕਲ਼ਾ ਦੇਖਣ ਨੂੰ ਮਿਲਿਆ।
ਪ੍ਰਧਾਨ ਦੇ ਸਾਹਮਣੇ ਬੇ-ਜ਼ੁਬਾਨੀਆਂ ਗਊਆਂ ਬਣ ਕੇ ਬਹਿਣ ਦੀ ਥਾਂ , ਇੱਥੇ ਇੱਕ ਇਨਕਲਾਬੀ ਵਰਤਾਰਾ ਵਾਪਰਿਆ। ਬਿਨਾਂ ਕਿਸੇ ਲੰਮੀਂ ਚੌੜੀ ਭੁਮਿਕਾ ਦੇ, ਤਹਿ-ਸ਼ੁਦਾ ਸਟੇਜੀ ਕਾਰਵਾਈ ਅਨੁਸਾਰ ਅਰਦਾਸ ਰੂਪੀ ਗੀਤ ਤੋਂ ਬਾਅਦ ਪੀਪਲਜ਼ ਪਾਰਟੀ ਆਫ ਪੰਜਾਬ ਦੀ ਕਾਇਮੀ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਕਾਰਗੁਜ਼ਾਰੀ ਬਾਰੇ ਪੰਦਰਾਂ-ਵੀਹ ਮਿੰਟਾਂ ਦੀ ਡਾਕੂਮੈਂਟਰੀ ਦਿਖਾਈ ਗਈ । ਉਸ ਤੋਂ ਬਾਅਦ ਦੋ ਕੁ ਬੁਲਾਰੇ ਹਾਲੇ ਭੁਗਤੇ ਹੀ ਸਨ ਕਿ ਅਚਾਨਕ ਸਟੇਜ ਸਕੱਤਰ ਕਹਿਣ ਲੱਗਾ ਕਿ ਬਹੁਤ ਸਾਰੇ ਲੇਟ ਆਏ ਦਰਸ਼ਕਾਂ ਦੀ ਫੁਰਮਾਇਸ਼ ਤੇ ਡਾਕੂਮੈਂਟਰੀ ਦੁਬਾਰਾ ਦਿਖਾਈ ਜਾਂਦੀ ਹੈ। ਸੈਕਟਰੀ ਮੂਹੋਂ ਇੰਨੀਂ ਗੱਲ ਨਿਕਲ਼ਣ ਦੀ ਦੇਰ ਸੀ ਕਿ ਭਗਵੰਤ ਮਾਨ ਸ਼ੂਟ ਵੱਟ ਕੇ ਸਟੇਜ ਉੱਪਰ ਜਾ ਚੜ੍ਹਿਆ। ਸੈਕਟਰੀ ਹੱਥੋਂ ਮਾਈਕ ਫੜ ਕੇ ਫੈਸਲਾ-ਕੁੰਨ ਅੰਦਾਜ਼ ਵਿੱਚ ਬੋਲਿਆ-"ਡਾਕੂਮੈਂਟਰੀ ਦੁਬਾਰਾ ਬਿਲਕੁਲ ਨਹੀਂ ਦਿਖਾਈ ਜਾਵੇਗੀ। ਜਿਹੜੇ ਵੀਰ ਲੇਟ ਆਏ ਹਨ, ਕਸੂਰ ਉਨਾਂ੍ਹ ਦਾ ਹੈ, ਸਾਡਾ ਨਹੀਂ !" ਸਾਰਾ ਪ੍ਰੋਗਰਾਮ ਪਹਿਲੋਂ ਵਿਉਂਤੀ ਹੋਈ ਤਰਤੀਬ ਅਨੁਸਾਰ ਹੀ ਚੱਲਿਆ।
ਜਿਹੜੀ ਜੁਰ੍ਹਅਤ ਭਗਵੰਤ ਮਾਨ ਨੇ ਕਰ ਦਿਖਾਈ, ਐਸਾ ਐਕਸ਼ਨ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਕਦੇ ਨਹੀਂ ਦੇਖਿਆ ਸੁਣਿਆਂ। ਪ੍ਰਧਾਨ ਦੀ ਹਾਜ਼ਰੀ ਵਿੱਚ , ਉਸੇ ਦੀ ਕਾਰਗੁਜ਼ਾਰੀ ਬਾਰੇ ਡਾਕੂਮੈਂਟਰੀ ਦਿਖਾਉਣੋਂ ਵਰਜਣ ਜੈਸੀ ਹਿਮਾਕਤ, ਕਿਹੜਾ ਪ੍ਰਧਾਨ ਬਰਦਾਸ਼ਤ ਕਰ ਸਕਦਾ ਹੈ ? ਮਿਸਾਲ ਵਜੋਂ ਮਨਪ੍ਰੀਤ ਬਾਦਲ ਦੇ ਤਾਏ ਦੀ ਮਾਲਕੀ ਵਾਲ਼ੇ 'ਦਲ' ਵਿੱਚ ਕਿਸੇ ਅਜਿਹੀ ਘਟਨਾ ਬਾਰੇ ਕਿਆਸ ਕਰਕੇ ਦੇਖੋ ਜ਼ਰਾ । ਹੋ ਸਕਦੀ ਹੈ ਕਿਸੇ ਦੀ ਮਜਾਲ ਕਿ ਪ੍ਰਧਾਨ ਮੂਹਰੇ ਕੋਈ ਸਾਹ ਵੀ ਉੱਚਾ ਲੈ ਸਕੇ ? ਇੱਕ ਵਾਰੀ ਛੱਡ ਕੇ ਭਾਵੇਂ ਦਸ ਵਾਰੀ ਡਾਕੂਮੈਂਟਰੀ ਦਿਖਾਈ ਜਾਂਦੀ , ਕਿਸੇ ਨੇ ਵੀ ਚੂੰ-ਚਰਾਂ ਨ੍ਹੀਂ ਸੀ ਕਰਨੀ! ਇਹੋ ਜਿਹੀ 'ਆਪ ਹੁਦਰੀ' ਨੂੰ ਪ੍ਰਧਾਨ ਸਾ੍ਹ'ਬ ਦੀ ਤੌਹੀਨ ਮੰਨ ਕੇ , ਦੋਸ਼ੀ ਨੂੰ ਫੋਰਨ ਦਲ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ।--ਮਨਪ੍ਰੀਤ ਦੀ ਨਵ-ਗਠਿਤ ਪਾਰਟੀ ਲਈ ਇਹ ਇੱਕ ਸ਼ੁਭ ਸ਼ਗਨ ਹੀ ਕਿਹਾ ਜਾ ਸਕਦਾ ਹੈ।
ਅਮਰੀਕਾ-ਕੈਨੇਡਾ ਵਿੱਚ ਹੋਏ ਅਤੇ ਹੋਣ ਜਾ ਰਹੇ ਸਾਰੇ ਸਮਾਗਮਾਂ ਦਾ ਕੋਆਰਡੀਨੇਟਰ ਭਗਵੰਤ ਮਾਨ ਹੀ ਸੀ ਤੇ ਹੈ। ਪੰਜਾਬੀਆਂ ਦੇ ਹਰਮਨ ਪਿਆਰੇ ਇਸ ਹਾਸ-ਰਸ ਕਲਾਕਾਰ ਦਾ ਬਦਲਵਾਂ ਰੂਪ ਦੇਖਦਿਆਂ ਸੁਣਦਿਆਂ ਮੈਂ ਇਤਿਹਾਸ ਦੇ ਉਸ ਦੌਰ ਬਾਰੇ ਸੋਚਣ ਲੱਗਾ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਨਗਰੀ ਵਿੱਚ ਸ੍ਰੀ ਦਸ਼ਮੇਸ਼ ਪਿਤਾ ਦਾ ਅਗੰਮੀਂ ਪ੍ਰਕਾਸ਼ ਡਲ੍ਹਕਾਂ ਮਾਰ ਰਿਹਾ ਸੀ। ਉੱਥੋਂ ਦੀ ਭਾਗ ਭਰੀ ਧਰਤੀ ਉੱਪਰ ਨੀਲੇ ਘੋੜੇ ਦੇ ਪੌੜ ਖਣਕਦੇ ਸਨ। ਇੱਕ ਦਿਨ ਸਾਹਿਬ ਜੀ ਦੇ ਸਜੇ ਦਰਬਾਰ ਵਿੱਚ ਕੁੱਝ ਭੰਡਾਂ ਨੇ ਆਗਿਆ ਲੈ ਕੇ ਗੁਰੁ ਕੇ ਮਸੰਦਾਂ ਦੀਆਂ 'ਸਕਿੱਟਾਂ' ਦਿਖਾਈਆਂ ਸਨ।
---ਵੱਡੇ ਸਾਰੇ ਢਿੱਡ ਵਾਲ਼ਾ ਇੱਕ ਮਸੰਦ ਆਪਣੇ ਲਾਮ ਲਸ਼ਕਰ ਸਮੇਤ ਇੱਕ ਪੇਂਡੂ ਗ੍ਰੀਬੜੇ ਸਿੱਖ ਦੇ ਘਰ ਜਾ ਵੜਦਾ ਹੈ। ਕਿਰਤੀ ਸਿੱਖ ਦੇ ਟੱਬਰ ਨੂੰ ਚਾਅ ਚੜ੍ਹ ਜਾਂਦਾ ਹੈ!—ਅੱਜ ਸਾਡੇ ਘਰ ਗੁਰੁ ਕਿਆਂ ਨੇ ਚਰਨ ਪਾਏ ਹਨ-ਧੰਨ ਭਾਗ ਸਾਡੇ!! ਸਿੱਖਣੀਂ ਫਟਾਫਟ ਅਲਾਣੀਂ ਮੰਜੀ aੱਤੇ ਦਰੀ ਵਿਛਾਉਂਦੀ ਹੈ। ਪਰ ਮਸੰਦ ਸਧਾਰਨ ਜਿਹੀ ਦਰੀ ਦੇਖ ਕੇ ਗਰਜਦਾ ਹੈ—" ਤੁਹਾਨੂੰ ਸ਼ਰਮ ਨਹੀਂ ਆਉਂਦੀ, ਆਹ ਮੈਲ਼ੀ ਕੁਚੈਲ਼ੀ ਦਰੀ ਸਾਡੇ ਬਹਿਣ ਲਈ ਵਿਛਾਉਂਦਿਆਂ ?" ਗੁੱਸੇ 'ਚ ਉਹ ਦਰੀ ਵਲ੍ਹੇਟ ਕੇ ਪਰ੍ਹੇ ਵਗਾਹ ਮਾਰਦਾ ਹੈ। ਮੁਆਫੀਆਂ ਮੰਗਦੀ ਹੋਈ ਗਰੀਬਣੀਂ ਸਿੱਖਣੀਂ ਗੁਆਂਢੀਆਂ ਘਰੋਂ ਚੁਤਹੀ ਤੇ ਤਲਾਈ ਮੰਗ ਲਿਆਉਂਦੀ ਹੈ। ਇਸੇ ਤਰਾਂ੍ਹ ਰਾਤ ਨੂੰ ਸਾਦਾ ਦਾਲ਼ ਫੁਲਕਾ ਦੇਖ ਕੇ ਮਸੰਦ ਫੇਰ ਅੱਗ ਬਬੂਲ਼ਾ ਹੋ ਉੱਠਦਾ ਹੈ। ਚੰਗੇ ਚੋਸੇ ਪਕਵਾਨਾਂ ਦੀ ਮੰਗ ਕਰਦਾ ਹੈ। ਨਾਲ਼ੇ ਇਸ ਗਰੀਬ ਪਰਿਵਾਰ ਨੂੰ ਗੁਰੂ ਦੀ ਕ੍ਰੋਪੀ ਦੇ ਡਰਾਵੇ ਦਈ ਜਾਂਦਾ ਹੈ। ਅੱਧੀ ਰਾਤ ਤੱਕ ਗਰੀਬ ਸਿੱਖ ਦੀ ਸੁਆਣੀਂ ਕੋਲੋਂ ਲੱਤਾਂ ਘੁਟਾਉਂਦਾ ਹੈ। ਸਵੇਰੇ ਰੁਖਸਤ ਹੋਣ ਵੇਲ਼ੇ ਗੁਆਂਢੀਆਂ ਤੋਂ ਮੰਗਿਆ ਹੋਇਆ ਬਿਸਤਰਾ ਆਪਣੀਂ ਘੋੜੀ ਦੀ ਕਾਠੀ 'ਤੇ ਸੁੱਟ ਲੈਂਦਾ ਹੈ। ਗਰੀਬ ਪਰਿਵਾਰ ਫਿਰ ਵੀ ਉਸਦੇ ਪੈਰ ਪੂਜਦਾ ਹੈ ਕਿ ਉਨ੍ਹਾਂ ਜਿਹੇ ਮਹਾਂ ਪੁਰਸ਼ਾਂ ਨੇ ਸਾਡਾ ਗ੍ਰਹਿ ਪਵਿੱਤਰ ਕੀਤਾ ਹੈ।
ਭੰਡਾਂ ਵੱਲੋਂ ਖੇਡੇ ਜਾ ਰਹੇ ਇਸ ਨਾਟਕ ਨੂੰ ਦੇਖ ਕੇ ਸਾਰੀ ਸੰਗਤ ਹੱਸ ਰਹੀ ਸੀ ਪਰ ਦਸਮੇਸ਼ ਪਿਤਾ ਨੇ ਦੇ ਚਿਹਰੇ 'ਤੇ ਜਲਾਲ ਆ ਗਿਆ! ਸਗੁਰਾਂ ਨੇ ਉਸੇ ਵੇਲੇ ਹੁਕਮ ਕੀਤਾ ਕਿ ਸਾਰੇ ਮਸੰਦਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿੱਚ ਲਿਆਂਦਾ ਜਾਵੇ। ਸ੍ਰੀ ਕੇਸਗੜ੍ਹ ਸਾਹਿਬ ਦੇ ਲਾਗਲੇ ਗੁਰਦੁਆਰੇ ਸੀਸ ਗੰਜ ਦੇ ਵਿਹੜੇ ਵਿੱਚ ਇੱਕ ਪੁਰਾਣਾ ਖੂਹ ਹੈ। ਜਿਹਦੇ ਬਾਰੇ ਰਵਾਇਤ ਹੈ ਕਿ ਉਸ ਖੂਹ ਚੋਂ ਨਿਕਲ਼ੇ ਤੇਲ ਨਾਲ਼ ਮਸੰਦਾ ਦਾ 'ਕਲਿਆਣ' ਕੀਤਾ ਗਿਆ ਸੀ। ਉਸੇ ਘੜੀ ਤੋਂ ਸਾਹਿਬ ਦਸਮੇਸ਼ ਨੇ ਮਸੰਦ-ਪ੍ਰਥਾ ਦਾ ਖਾਤਮਾ ਕਰ ਕੇ , ਸਿੱਖਾਂ ਦਾ ਗੁਰੁ ਨਾਲ਼ ਸਿੱਧਾ ਸਬੰਧ ਜੋੜਨ ਵਾਲ਼ਾ ਇਨਕਲਾਬੀ ਫੈਸਲਾ ਕਰ ਦਿੱਤਾ!
ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਵਿੱਚ ਸਿਧਾਂਤਿਕ ਭੁਮਿਕਾ ਨਿਭਾਅ ਰਿਹਾ ਭਗਵੰਤ ਮਾਨ , ਕਈ ਦਹਾਕਿਆਂ ਤੋਂ ਸਮੂੰਹ ਪੰਜਾਬੀਆਂ ਅੱਗੇ ਲੋਟੂ ਨਿਜਾਮ ਦੀਆਂ 'ਸਕਿੱਟਾਂ' ਪੇਸ਼ ਕਰਦਾ ਆ ਰਿਹਾ ਹੈ। ਐੱਮ. ਐੱਲ. ਏ., ਐੱਮ.ਪੀ., ਵਜ਼ੀਰਾਂ ਤੋਂ ਲੈ ਕੇ ਸਰਕਾਰੀ ਅਮਲੇ ਦੇ ਹਰ ਛੋਟੇ ਵੱਡੇ ਅੰਗ ਦੀਆਂ ਪਰਤਾਂ ਖੋਲ੍ਹਣ ਵਾਲ਼ੀਆਂ ਸਕਿੱਟਾਂ ਰਾਹੀਂ ਉਸ ਨੇ ਵਿਗੜੇ ਢਾਂਚੇ ਦਾ ਸ਼ੀਸ਼ਾ ਦਿਖਾਇਆ ਹੈ। ਅਸੀਂ ਬਥੇਰੀਆਂ ਤਾੜੀਆਂ ਮਾਰੀਆਂ—ਹੱਸ ਹੱਸ ਢਿੱਡੀਂ ਪੀੜਾਂ ਪੁਆ ਲਈਆਂ—ਇਹ ਕੰਮ ਬਹੁਤ ਹੋ ਗਿਆ !—ਗੁਰੂ ਵੀਹ ਵਿਸਵੇ, ਸੰਗਤ ਇੱਕੀ ਵਿਸਵੇ ਮੰਨੀਂ ਜਾਂਦੀ ਹੈ। ਆਉ ਹੁਣ ਮੱਥੇ ਤੇ ਜਲਾਲ ਲਿਆ ਕੇ ਮਸੰਦਾਂ ਦੀਆਂ ਮੁਸ਼ਕਾਂ ਬੰਨ੍ਹਣ ਲਈ ਕਮਰ ਕੱਸੇ ਕਰੀਏ। ਭਗਵੰਤ ਦੇ ਮੂਹੋਂ ਹੇਵਰਡ ਸ਼ਹਿਰ ਵਿਖੇ ਸੁਣੀ ਹੋਈ ਗੱਲ ਦੁਹਰਾਉਂਦਾ ਹਾਂ— " ਹੱਸਣਾਂ, ਨੱਚਣਾ ਟੱਪਣਾ ਉਦੋਂ ਹੀ ਸੋਹਣਾ ਲਗਦਾ ਹੈ ਜਦੋਂ ਘਰ ਦੇ ਚੁੱਲ੍ਹੇ ਵਿੱਚ ਅੱਗ ਬਲ਼ਦੀ ਹੋਵੇ। ਲੇਕਿਨ ਜੇ ਚੁੱਲ੍ਹੇ ਵਿੱਚ ਘਾਹ ਉੱਗ ਆਇਆ ਹੋਵੇ ਤਾਂ ਨੱਚਣ ਗਾਉਣ ਵਾਲ਼ੇ ਸਦਾਈ ਹੀ ਕਹਾਉਣਗੇ ।"
ਇਹ ਫਲਸਫਾਨਾ ਬੋਲੀ ਵਾਲਾ ਵਾਕ ਸਮੁੱਚੇ ਪੰਜਾਬੀਆਂ ਨੂੰ ਤਾਂ ਝੰਜੋੜਦਾ ਹੀ ਹੈ, ਨਾਲ਼ ਨਾਲ਼ ਉਨਾਂ੍ਹ ਪੰਜਾਬੀ ਗਾਇਕ ਕਲਾਕਾਰਾਂ ਦੀ ਜ਼ਮੀਰ ਨੂੰ ਵੀ ਹਲੂਣਦਾ ਹੈ। ਜਿਹੜੇ, ਕਰਜ਼ਿਆਂ ਦੇ ਝੰਬੇ, ਮਾਰੂ ਨਸ਼ਿਆਂ ਦੇ ਮਾਰੇ, ਲੁਟੇਰੇ ਸਿਸਟਮ ਦਾ ਸ਼ਿਕਾਰ ਬਣੇ, ਬਾਬਾ-ਵਾਦ ਦੀ ਚੱਕੀ ਵਿੱਚ ਪਿਸ ਰਹੇ ਅਤੇ ਸਦਾਚਾਰਕ ਵਿਰਸੇ ਤੋਂ ਮਹਿਰੂਮ ਹੋ ਰਹੇ ਪੰਜਾਬ ਨੂੰ 'ਨੱਚਦਾ ਟੱਪਦਾ ਰੰਗਲਾ–ਪੰਜਾਬ' ਦੱਸ ਦੱਸ ਕੇ , ਆਪਣਿਆਂ ਦੇ ਅੱਖੀਂ ਘੱਟਾ ਪਾਈ ਜਾ ਰਹੇ ਹਨ। ਜੇ ਭਗਵੰਤ ਮਾਨ ਆਪਣੀਂ ਮਾਂ-ਭੂਮੀਂ ਦੇ ਦਰਦ ਹਿੱਤ ਆਪਣਾ ਸ਼ਾਨਦਾਰ ਪ੍ਰੌਫੈਸ਼ਨ ਤਿਆਗ ਕੇ ਮੈਦਾਨ 'ਚ ਨਿੱਤਰ ਸਕਦਾ ਜੈ ਤਾਂ ਸਾਰੀ ਉਮਰ ਗਿੱਟਿਆਂ ਨੂੰ ਘੁੰਗਰੂ ਬੰਨ੍ਹ ਕੇ ਕਈ ਕਈ ਲੱਖ ਦੀਆਂ ਫੀਸਾਂ ਲੈਣ ਵਾਲ਼ਿਆਂ ਦੀ ਆਤਮਾ ਉਨਾਂ੍ਹ ਨੂੰ ਲਾਹਣਤਾਂ ਨਹੀਂ ਪਾਉਂਦੀ?
ਹੁਣ ਗੱਲ ਕਰ ਲਈਏ ਭਗਵੰਤ ਮਾਨ ਜਿਹੇ ਟੀਸੀ 'ਤੇ ਪਹੁੰਚੇ ਕਲਾਲਾਰ ਨੂੰ ਆਪਣੇ ਕਾਫਲੇ ਦਾ ਪਾਂਧੀ ਬਣਾਉਣ ਵਾਲ਼ੇ ਮਨਪ੍ਰੀਤ ਸਿੰਘ ਬਾਦਲ ਦੇ ਦਾ੍ਹਅਵਿਆਂ ਅਤੇ ਵਾਅਦਿਆਂ ਦੀ। ਕਹਿੰਦੇ ਨੇ ਕਿ ਆਦਮੀਂ ਦਾ ਚਿਹਰਾ ਹੀ ਸਭ ਕੁਝ ਦੱਸ ਦਿੰਦਾ ਹੈ। ਇਸ ਲਿਹਾਜੇ ਮਨਪ੍ਰੀਤ ਦੇ ਚਿਹਰੇ ਤੋਂ ਪੰਜਾਬ ਲਈ ਲੋਹੜੇ ਦਾ ਦਰਦ ਝਲਕਦਾ ਹੈ। ਪੰਜਾਬ ਦੀ ਅਜ਼ਮਤ ਅਤੇ ਅਣਖ ਨੂੰ ਲੱਗੇ ਖੋਰੇ ਦਾ ਜ਼ਿਕਰ ਕਰਦਿਆਂ ਉਹਦਾ ਗੱਚ ਭਰ ਆਉਂਦਾ ਹੈ। ਇਸੇ ਕਾਰਨ ਹੀ ਦਿਨ-ਬ-ਦਿਨ ਉਸਦਾ ਕਾਫਲਾ ਵਧਦਾ ਜਾ ਰਿਹਾ ਹੈ। ਪਰ ਕੀਤਾ ਕੀ ਜਾਏ ? ਪੰਜਾਬੀਆਂ ਨੇ ਅਨੇਕਾਂ ਵਾਰ ਸਿਆਸਤਦਾਨਾਂ ਦੇ ਚਿਹਰਿਆਂ ਦੀ ਕਪਟੀ ਮਾਸੂਮੀਅਤ ਤੋਂ ਧੋਖੇ ਖਾਧੇ ਹਨ। ਦੰਭੀ, ਪਖੰਡੀ ਆਗੂਆਂ ਹੱਥੋਂ ਪੰਜਾਬੀਆਂ ਦੀ ਲੁੱਟ ਦਾ ਇਤਿਹਾਸ ਪੜ੍ਹ ਕੇ ਇੱਕ ਹਿੰਦੀ ਗੀਤ ਯਾਦ ਆਉਂਦਾ ਹੈ—'ਕਹਾਂ ਤੱਕ ਨਾਮ ਗਿਨਵਾਊਂ, ਸਭੀ ਨੇ ਹਮ ਕੋ ਲੂਟਾ ਹੈ।' ਸੁਭਾਉੇ ਪੱਖੋਂ ਭੋਲ਼ੇ ਭਾਲ਼ੇ ਪੰਜਾਬੀਆਂ ਨੂੰ ਕਿਸੇ ਸ਼ਾਇਰ ਨੇ ਸ਼ਾਇਦ ਇਸੇ ਕਰਕੇ , ਇੱਕ ਮੀਸਣੇ ਆਗੂ ਤੋਂ ਚੁਕੰਨੇਂ ਕਰਦਿਆਂ ਲਿਖਿਆ ਏ—
ਇਹਦਾ 'ਕੱਲਾ ਮੂੰਹ ਨਾ ਦੇਖੋ, ਮੂੰਹ ਅੰਦਰਲੇ ਦੰਦ ਵੀ ਦੇਖੋ।
ਮੀਸਣੀਆਂ ਮੁਸਕਾਨਾਂ ਉਹਲੇ ਜੋ ਜੋ ਚਾੜ੍ਹੇ ਚੰਦ ਵੀ ਦੇਖੋ।
ਇਨਾਂ੍ਹ ਸਤਰਾਂ ਦੇ ਲੇਖਕ ਨੇ ਆਪਣੀਆਂ ਅੱਖਾ ਨਾਲ਼ ਉਹ ਵੀ ਸਮਾਂ ਦੇਖਿਆ ਹੋਇਐ, ਜਦ ਪੱਚੀ ਸਾਲ ਪ੍ਰਧਾਨਗੀ ਕਰਦੇ ਰਹੇ ਇੱਕ ਧਾਰਮਿਕ ਆਗੂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸਟੇਜ 'ਤੇ ਖਲੋ ਕੇ, ਸ੍ਰੀ ਕੇਸਗੜ੍ਹ ਸਾਹਿਬ ਦੇ ਨਿਸ਼ਾਨ ਸਾਹਿਬ ਵੱਲ ਇਸ਼ਾਰਾ ਕਰਦਿਆਂ ਗਰਜ ਕੇ ਆਖਿਆ ਸੀ ਕਿ ਹੁਣ ਮੇਰੀ ਮੜ੍ਹੀ ਵੀ ਬਾਦਲ ਦਲ ਨਾਲ਼ ਸਮਝੌਤਾ ਨ੍ਹਹੀਂ ਕਰੇਗੀ! ਪਰ ਸ੍ਰੀਮਾਨ ਨੇ ਜਿਉਂਦੇ ਜੀ ਹੀ ਬਾਦਲ ਸਾਹਿਬ ਹੱਥੋਂ ਲੱਡੂ ਖਾ ਲਏ !! ਇੱਦਾਂ ਦੀ ਇਹ ਕੇਵਲ ਇੱਕੋ ਮਿਸਾਲ ਨਹੀਂ –'ਪੰਜਾਬੀ ਸਰੀਰ' ਦੀ ਤਾਂ ਇਹ ਹਾਲਤ ਬਣੀਂ ਹੋਈ ਹੈ—
ਏਕ ਦਿਲ ਹੀ ਨਹੀਂ ਸਾਰਾ ਬਦਨ ਛਲਨੀਂ ਹੈ!
ਅਬ ਤੋ ਦਰਦ ਭੀ ਪਰੇਸ਼ਾਂ ਹੈ ਕਿ ਕਹਾਂ ਉਠੂੰ!!
ਮਨਪ੍ਰੀਤ ਸਿੰਘ, ਦੇਸ਼ ਵਿਦੇਸ਼ ਦੇ ਪੰਜਾਬੀਆਂ ਨੂੰ ਪੂਰੀ ਦ੍ਰਿੜ੍ਹਤਾ ਨਾਲ਼ ਕਹਿੰਦਾ ਹੈ ਕਿ ਮੇਰਾ ਸਾਥ ਦਿਉ,ਮੈਂ ਪੰਜਾਬ 'ਚ ਇਨਕਲਾਬ ਲੈ ਆਵਾਂਗਾ। ਬੁੱਢਾ-ਬੋਹੜ ਨਾਵਲਕਾਰ ਕੰਵਲ ਇੱਕ ਨਾਵਲ 'ਚ ਕਹਿੰਦੈ –"ਪੰਜਾਬ ਦੀ ਸਰ-ਜ਼ਮੀਂ 'ਤੇ ਨਾ ਮਾਉਵਾਦ, ਨਾ ਮਾਰਕਸਵਾਦ , ਸਿਰਫ ਦਸ਼ਮੇਸ਼ ਪਿਤਾ ਦੀ ਸ਼ਮਸ਼ੀਰ ਹੀ ਇਨਕਲਾਬ ਲਿਆ ਸਕਦੀ ਹੈ।' ਇਹ ਸਮਾਂ ਹੀ ਦੱਸੇਗਾ ਕਿ ਪੰਜਾਬ ਲਈ ਤੜਫ ਰਿਹਾ ਸ. ਮਨਪ੍ਰੀਤ ਸਿੰਘ ਬਾਦਲ , ਬਾਈ ਕੰਵਲ ਦੇ ਉਕਤ ਕਥਨ ਨੂੰ ਆਪਣੀ ਤਹਿਰੀਕ ਵਿੱਚ ਕਿਵੇਂ ਫਿੱਟ ਕਰੇਗਾ! ਫਿਲਹਾਲ ਪੀ.ਪੀ.ਪੀ. ਵਾਲ਼ਿਆਂ ਦੀਆਂ ਕ੍ਰਾਂਤੀਕਾਰੀ ਸੁਰਾਂ ਨੂੰ ਖੁਸ਼-ਆਮਦੀਦ ਕਹਿਣਾ ਬਣਦਾ ਹੈ!