Tuesday, 28 June 2011

ਉੱਘੇ ਸਮਾਜ ਸੇਵੀ ਬੂਟਾ ਸਿੰਘ ਹਿੰਮਤਪੁਰਾ (ਡੈਨਮਾਰਕ) ਦਾ ਲੰਡਨ ਵਿਖੇ ਸਨਮਾਨ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਇੰਗਲੈਂਡ ਫੇਰੀ 'ਤੇ ਆਏ ਉੱਘੇ ਸਮਾਜ ਸੇਵੀ ਬੂਟਾ ਸਿੰਘ ਹਿੰਮਤਪੁਰਾ (ਡੈਨਮਾਰਕ) ਦਾ ਇੱਕ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਸਮਾਜ ਸੇਵੀ ਕਾਰਜਾਂ
ਵਿੱਚ ਉਹਨਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਬਾਰੇ ਚਾਨਣਾ ਪਾਉਂਦਿਆਂ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ. ਕੇ. ਦੇ ਆਗੂ ਡਾ: ਤਾਰਾ ਸਿੰਘ ਆਲਮ ਨੇ ਕਿਹਾ ਕਿ ਬੂਟਾ ਸਿੰਘ ਸਮਾਜ ਸੇਵਾ ਦੇ ਖੇਤਰ ਦਾ ਅਜਿਹਾ ਫਲਦਾਰ ਬੂਟਾ ਹੈ ਜਿਸਤੋਂ ਹੋਰ ਪ੍ਰਵਾਸੀ ਭਾਰਤੀਆਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ। ਇਸ ਸਮੇਂ ਬਰਤਾਨੀਆ ਦੇ ਪਹਿਲੇ ਏਸ਼ੀਅਨ ਮੂਲ ਦੇ ਜੱਜ ਸਰ ਮੋਤਾ ਸਿੰਘ, ਐੱਮ.ਪੀ. ਵਰਿੰਦਰ ਸ਼ਰਮਾ, ਸਾਹਿਤਕਾਰ ਬੀਬੀ ਕੈਲਾਸ਼ ਪੁਰੀ, ਮੈਗਜ਼ੀਨ ਸਾਹਿਬ ਦੇ ਸੰਪਾਦਕ ਰਣਜੀਤ ਸਿੰਘ ਰਾਣਾ, ਚੇਅਰਮੈਨ ਜਸਵੀਰ ਸਿੰਘ ਮਠਾੜੂ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸ਼ਮਿੰਦਰ ਸਿੰਘ, ਸ਼ਾਇਰਾ ਕੁਲਵੰਤ ਕੌਰ ਢਿੱਲੋਂ, ਗਾਇਕ ਹਰਵਿੰਦਰ ਥਰੀਕੇ ਆਦਿ ਨੇ ਬੂਟਾ ਸਿੰਘ ਡੈਨਮਾਰਕ ਨੂੰ ਖੁਸ਼ਆਮਦੀਦ ਕਹਿੰਦਿਆਂ ਯਾਦ ਨਿਸ਼ਾਨੀ ਭੇਂਟ ਕੀਤੀ। ਇਸ ਸਮੇਂ ਬੋਲਦਿਆਂ ਬੁਟਾ ਸਿੰਘ ਨੇ ਕਿਹਾ ਕਿ ਜੇ ਅਸੀਂ ਪ੍ਰਵਾਸੀ ਭਾਰਤੀ ਚਾਹੁੰਦੇ ਹਾਂ ਕਿ ਆਪਣੀ ਜਨਮ ਭੂਮੀ ਦੀ ਨੁਹਾਰ ਬਦਲੀ ਜਾਵੇ ਤਾਂ ਸਭ ਤੋਂ ਪਹਿਲਾਂ ਸਾਡਾ ਫਰਜ਼ ਬਣਦਾ ਹੈ ਕਿ ਸਾਡੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਜਾਗਰੂਕਤਾ ਦਾ ਪਸਾਰ ਕਰਨ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਨਿੱਜ ਤੋਂ ਉੱਪਰ ਉੱਠ ਕੇ ਆਪੋ ਆਪਣੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜਾਗਰੂਕ ਹੋ ਕੇ ਹੀ ਲੋਕ ਆਪਣੀ ਅਹਿਮੀਅਤ ਜਾਨਣਗੇ।